ਬੁਢਲਾਡਾ (ਅਸ਼ੋਕ ਲਾਕੜਾ)
ਹੜ੍ਹ ਰੋਕੂ ਪ੍ਰਬੰਧਾਂ ’ਤੇ ਅਮਲ ਵਿੱਚ ਜ਼ੀਰੋ ਕੰਮ ਹੋਇਆ, ਫਿਰ ਇਸ ਲਈ ਰਾਖਵੀਂ ਰਾਸ਼ੀ ਕਿੱਥੇ ਗਈ? ਹੜ੍ਹਾਂ ਦੇ ਕਾਰਨਾਂ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ, ਪੰਜਾਬ ਦੇ ਸਿੰਚਾਈ ਮੰਤਰੀ ਤੇ ਪ੍ਰਮੁੱਖ ਸਕੱਤਰ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਹਲਕੇ ਦੇ ਚਾਂਦਪੁਰਾ ਬੰਨ੍ਹ ਸਮੇਤ ਹੜ੍ਹ ਪ੍ਰਭਾਵਤ ਪਿੰਡਾਂ ਦੇ ਲੋਕਾਂ ਨੂੰ ਮਿਲਣ ਉਪਰੰਤ ਕੀਤਾ ।
ਕਮਿਊਨਿਸਟ ਆਗੂ ਨੇ ਕਿਹਾ ਕਿ ਮਹਾਨ ਪੰਜਾਬੀ ਆਪਣੀ ਵਿਰਾਸਤ ਤੇ ਰਵਾਇਤਾਂ ’ਤੇ ਪਹਿਰਾ ਦਿੰਦੇ ਹੋਏ ਆਪਣੇ ਹੜ੍ਹ ਪ੍ਰਭਾਵਤ ਭਰਾਵਾਂ ਦੀ ਅੱਗੇ ਹੋ ਕੇ ਬਾਂਹ ਫੜ ਰਹੇ ਹਨ, ਜਦੋਂ ਕਿ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਹੈ। ਕਾਮਰੇਡ ਅਰਸ਼ੀ ਨੇ ਮੰਗ ਕੀਤੀ ਕਿ ਬੁਰੀ ਤਰ੍ਹਾਂ ਹੜ੍ਹ ਪ੍ਰਭਾਵਤ ਪਿੰਡਾਂ ਦੇ ਪ੍ਰਤੀ ਪਰਵਾਰ ਨੂੰ ਤੁਰੰਤ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਪੂਰੀ ਤਰ੍ਹਾਂ ਤਬਾਹ ਹੋਈ ਫਸਲ ਦਾ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਹਰ ਇੱਕ ਮਜ਼ਦੂਰ ਪਰਵਾਰ ਨੂੰ ਤੀਹ ਹਜ਼ਾਰ ਰੁਪਏ ਮਾਲੀ ਮਦਦ ਦਿੱਤੀ ਜਾਵੇ।
ਕਮਿਊਨਿਸਟ ਆਗੂ ਨੇ ਅੱਗੇ ਕਿਹਾ ਕਿ ਨਵੇਂ ਪਾਣੀ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ 31 ਮਈ ਤੋਂ ਪਹਿਲਾਂ ਡੈਮ ਕਿਉ ਖ਼ਾਲੀ ਨਹੀਂ ਕੀਤੇ ਗਏ, ਮੁੱਖ ਮੰਤਰੀ ਜਾਂਚ ਕਰਵਾ ਕੇ ਜ਼ੰੁਮੇਵਾਰ ਅਧਿਕਾਰੀਆਂ ਖਿਲਾਫ ਢੁਕਵੀਂ ਕਾਰਵਾਈ ਨੂੰ ਯਕੀਨੀ ਬਣਾਉਣ। ਕਮਿਊਨਿਸਟ ਆਗੂ ਨੇ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਨੂੰ ਖੁੱਲ੍ਹੇ ਦਿਲ ਨਾਲ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।ਬਿਆਨ ਦੇ ਅਖੀਰ ਵਿੱਚ ਕਮਿਊਨਿਸਟ ਆਗੂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੜ੍ਹਾਂ ਉਪਰੰਤ ਪਾਣੀ ਨਾਲ ਜੁੜੀਆਂ ਅਨੇਕਾਂ ਬਿਮਾਰੀਆਂ ਲੋਕਾਂ ਨੂੰ ਘੇਰਨਗੀਆਂ, ਜਿਸ ਦੇ ਬਚਾਅ ਲਈ ਲੋੜੀਂਦੀਆਂ ਦਵਾਈਆਂ ਸਮੇਤ ਸਿਹਤ ਵਿਭਾਗ ਨੂੰ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।





