ਚੰਡੀਗੜ੍ਹ : ਲੁਧਿਆਣਾ ਪੂਰਬੀ ਖੇਤਰ ਵਿੱਚ ਪੈਂਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ’ਚ ਪਾਣੀ ਦੇ ਤੇਜ਼ ਵਹਾਅ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਕੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਤੇ ਆਪਣੇ ਅਹਿਮ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਸਰਾਲੀ ਪਿੰਡ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਸਥਿਤੀ ਨਾਜ਼ੁਕ ਹੈ। ਹਾਲਾਂਕਿ ਬੰਨ੍ਹ ਦੀ ਰੱਖਿਆ ਅਤੇ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ, ਜੇ ਬੰਨ੍ਹ ਵਿੱਚ ਕੋਈ ਪਾੜ ਜਾਂ ਨੁਕਸਾਨ ਹੁੰਦਾ ਹੈ, ਤਾਂ ਸਸਰਾਲੀ, ਬੰਟ, ਰਾਵਤ, ਹਵਾਸ, ਸੀਜ਼ਾ, ਬੂਥਗੜ੍ਹ ਅਤੇ ਮੰਗਲੀ ਪਿੰਡ ਪ੍ਰਭਾਵਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਹੜ੍ਹ ਦੇ ਪਾਣੀ ਨਾਲ ਘਿਰਨ ਦਾ ਵੀ ਖਤਰਾ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਹੰਗਾਮੀ ਹਾਲਾਤ ਵਿੱਚ ਘਰਾਂ ਦੀ ਪਹਿਲੀ ਮੰਜ਼ਲ ’ਤੇ ਜਾਣ ਦੀ ਹਦਾਇਤ ਕੀਤੀ ਹੈ। ਜੇ ਕੋਈ ਨੀਵੇਂ ਖੇਤਰ ਜਾਂ ਇੱਕ ਮੰਜ਼ਲਾ ਘਰ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਕਿਹਾ ਹੈ। ਲੋਕਾਂ ਨੂੰ ਆਪਣੇ ਅਹਿਮ ਦਸਤਾਵੇਜ਼ਾਂ ਅਤੇ ਚੀਜ਼ਾਂ ਨੂੰ ਬੈਗਾਂ ਵਿੱਚ ਰੱਖਣ ਜਾਂ ਨਾਲ ਲਿਜਾਣ ਲਈ ਕਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਪਹਿਲਾਂ ਤੇ ਤਰਜੀਹੀ ਅਧਾਰ ’ਤੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਲਈ ਕਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਬਚਾਅ ਕੇਂਦਰ ਵੀ ਸਥਾਪਤ ਕੀਤੇ ਗਏ ਹਨ। ਇਹ ਬਚਾਅ ਕੇਂਦਰ ਰਾਹੋਂ ਰੋਡ, ਗੌਂਸਗੜ੍ਹ, ਸਤਿਸੰਗ ਘਰ; ਚੰਡੀਗੜ੍ਹ ਰੋਡ, ਮੁੰਡੀਆਂ, ਸਤਿਸੰਗ ਘਰ; ਟਿੱਬਾ ਰੋਡ ਸਤਿਸੰਗ ਘਰ; ਕੈਲਾਸ਼ ਨਗਰ ਸਤਿਸੰਗ ਘਰ; ਪਿੰਡ ਸਸਰਾਲੀ ਨੇੜੇ ਰਾਧਾ ਸੁਆਮੀ ਕੇਂਦਰ; ਖਾਸੀ ਕਲਾਂ ਬਜ਼ਾਰ; ਖਾਸੀ ਕਲਾਂ ਸਕੂਲ; ਭੁਖੜੀ ਸਕੂਲ; ਮੱਤੇਵਾਜ਼ਾ ਸਕੂਲ; ਅਤੇ ਮੱਤੇਵਾੜਾ ਬਾਜ਼ਾਰ ਵਿੱਚ ਬਣਾਏ ਗਏ ਹਨ। ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਹੜ੍ਹ ਕੰਟਰੋਲ ਰੂਮ 0161-2433 100 ਤੇ ਪੁਲਸ ਹੈਲਪਲਾਈਨ 112।





