ਹਾਂਗਜ਼ੂ (ਚੀਨ) : ਉਦਿਤ ਦੁਹਾਨ ਤੇ ਬਿਊਟੀ ਡੁੰਗ ਡੁੰਗ ਵੱਲੋਂ ਕੀਤੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਇਥੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਪਲੇਠੇ ਮੁਕਾਬਲੇ ਵਿੱਚ ਥਾਈਲੈਂਡ ਨੂੰ 11-0 ਨਾਲ ਹਰਾਇਆ। ਉਦਿਤਾ ਨੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਭਾਰਤੀ ਟੀਮ ਲਈ ਮੁਮਤਾਜ਼ ਖਾਨ, ਸੰਗੀਤਾ ਕੁਮਾਰੀ, ਨਵਨੀਤ ਕੌਰ, ਲਾਲੇਰਮਸਿਆਮੀ, ਟੀ ਸੁਮਨ ਦੇਵੀ, ਸ਼ਰਮੀਲਾ ਦੇਵੀ ਤੇ ਆਰ ਦਸਾਓ ਪਿਸਲ ਨੇ ਵੀ ਗੋਲ ਕੀਤੇ।
ਭਾਰਤ, ਜੋ ਇਸ ਵੇਲੇ ਆਲਮੀ ਦਰਜਾਬੰਦੀ ਵਿੱਚ 9ਵੇਂ ਸਥਾਨ ’ਤੇ ਹਨ, ਹਾਫ ਟਾਈਮ ਤੱਕ ਪੂਲ ਬੀ ਦੇ ਮੈਚ ਵਿੱਚ 5-0 ਨਾਲ ਅੱਗੇ ਸੀ। ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਹਨ ਅਤੇ ਦੋਵਾਂ ਪੂਲਾਂ ਵਿੱਚੋਂ ਚੋਟੀ ਦੀਆਂ ਦੋ-ਦੋ ਟੀਮਾਂ ਸੁਪਰ 4 ਪੜਾਅ ਲਈ ਕੁਆਲੀਫਾਈ ਕਰਨਗੀਆਂ। ਸੁਪਰ 4 ਵਿੱਚ ਚੋਟੀ ਦੀਆਂ ਦੋ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਖੇਡਣਗੀਆਂ। ਭਾਰਤੀ ਟੀਮ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਅਤੇ ਸਟਾਰ ਡਰੈਗ-ਫਲਿੱਕਰ ਦੀਪਿਕਾ ਦੀ ਜ਼ਖਮੀ ਜੋੜੀ ਤੋਂ ਬਿਨਾਂ ਟੂਰਨਾਮੈਂਟ ਵਿੱਚ ਉਤਰੀ ਹੈ। ਏਸ਼ੀਆ ਕੱਪ ਜੇਤੂ ਟੀਮਾਂ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ 2026 ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।



