ਕਾਮਰੇਡ ਵਿਮਲਾ ਡਾਂਗ ਹਾਲ, ਜਲੰਧਰ
(ਗਿਆਨ ਸੈਦਪੁਰੀ, ਰਾਜੇਸ਼ ਥਾਪਾ)
ਮੋਦੀ ਕਮਿਊਨਿਜ਼ਮ ਨੂੰ ਜੰਗਲ ਦੀ ਅੱਗ ਦੱਸ ਕੇ ਇਸ ਤੋਂ ਡਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੀ ਸੱਤਾ ਨੂੰ ਕਮਿਊਨਿਜ਼ਮ ਹੀ ਬਦਲ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਵੀਰਵਾਰ ਕੀਤਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ 24ਵੀਂ ਪੰਜਾਬ ਸੂਬਾ ਕਾਨਫ਼ਰੰਸ ਵਿੱਚ ਉਦਘਾਟਨੀ ਤਕਰੀਰ ਕਰ ਰਹੇ ਸਨ।
ਉਨ੍ਹਾ ਆਪਣੀ ਲੰਮੀ ਤਕਰੀਰ ’ਚ ਸੀ ਪੀ ਆਈ ਦੇ ਮਾਣਮੱਤੇ ਇਤਿਹਾਸ ਦੇ ਵਰਣਨ ਤੋਂ ਲੈ ਕੇ ਮੋਦੀ ਸਰਕਾਰ ਦੇ ਫਿਰਕੂ ਏਜੰਡੇ, ਦੇਸ਼ ਵਿੱਚ ਸਿਆਸੀ ਸੰਕਟ, ਆਰਥਿਕ ਤੇ ਸਮਾਜਕ ਪ੍ਰਸਥਿਤੀਆਂ ਨੂੰ ਬਾ-ਦਲੀਲ ਪੇਸ਼ ਕਰਦਿਆਂ ਦੇਸ਼ ਵਿੱਚ ਧਰਮਨਿਰਪੱਖ, ਜਮਹੂਰੀ ਤੇ ਖੱਬੀਆਂ ਧਿਰਾਂ ਦੇ ਮਜ਼ਬੂਤ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਜਾ ਸਕੇ। ਉਨ੍ਹਾ ਕਿਹਾ ਕਿ 2024 ਵਿੱਚ ਭਾਜਪਾ ਨੂੰ ਸਿਆਸੀ ਸੱਤਾ ਵਿੱਚੋਂ ਬਾਹਰ ਕਰਨਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਕੱਲੀ ਖੱਬੀ ਧਿਰ ਇਸ ਵੇਲੇ ਏਨੀ ਸਮਰੱਥ ਨਹੀਂ ਕਿ ਉਹ ਭਾਜਪਾ ਨੂੰ ਗੱਦੀ ਤੋਂ ਲਾਹ ਸਕੇ। ਇਸ ਲਈ ਸੈਕੂਲਰ, ਜਮਹੂਰੀ ਤੇ ਖੇਤਰੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਉਨ੍ਹਾ ਕਮਿਊਨਿਸਟ ਪਾਰਟੀਆਂ ਦੀ ਏਕਤਾ ਦੀ ਗੱਲ ਕਰਦਿਆਂ 1989 ਦੀ ਕੋਲਕਾਤਾ ਪਾਰਟੀ ਕਾਂਗਰਸ ਦਾ ਹਵਾਲਾ ਦਿੱਤਾ। ਉਨ੍ਹਾ ਕਿਹਾ ਕਿ ਪਾਰਟੀ ਕਾਂਗਰਸ ਵਿੱਚ ਵੇਲੇ ਦੇ ਜਨਰਲ ਸਕੱਤਰ ਕਾਮਰੇਡ ਸੀ ਰਾਜੇਸ਼ਵਰ ਰਾਓ ਨੇ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੰਘਰਸ਼ਾਂ ਦਾ ਸੱਦਾ ਦਿੱਤਾ ਸੀ।
ਕਾਮਰੇਡ ਡੀ ਰਾਜਾ ਨੇ ਕੌਮਾਂਤਰੀ ਪੱਧਰ ਦੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂੰਜੀਵਾਦੀ ਢਾਂਚਾ ਖੜੋਤ ਵਿੱਚ ਹੈ। ਇਹ ਢਹਿਢੇਰੀ ਹੋਣ ਵਲ ਵਧ ਰਿਹਾ ਹੈ। ਇਸ ਦਾ ਬਦਲ ਸਿਰਫ਼ ਸਮਾਜਵਾਦ ਹੀ ਹੈ। ਉਨ੍ਹਾ ਕਿਹਾ ਕਿ ਸ਼ੋਸ਼ਣ ਦਾ ਅੰਤ ਹੀ ਮਨੁੱਖਤਾ ਦੀ ਮੁਕਤੀ ਦਾ ਮਾਰਗ ਹੈ। ਉਨ੍ਹਾ ਨੇ ਚਿੱਲੀ ਅਤੇ ਬੋਲੀਵੀਆ ਵਰਗੇ ਮੁਲਕਾਂ ਵਿੱਚ ਖੱਬੇ ਪੱਖੀਆਂ ਦੇ ਉਭਾਰ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ’ਤੇ ਕਬਜ਼ੇ ਲਈ ਹੋਏ ਵੱਡੇ ਮੁਜ਼ਾਹਰਿਆਂ ਦਾ ਸਾਰਥਿਕ ਨਤੀਜਾ ਨਿਕਲਣਾ ਸੀ ਜੇ ਉੱਥੇ ਖੱਬਾ ਪੱਖ ਮਜ਼ਬੂਤ ਹੁੰਦਾ।
ਕਾਮਰੇਡ ਡੀ ਰਾਜਾ ਨੇ ਸੂਬਾ ਕਾਨਫ਼ਰੰਸ ਦੀਆਂ ਪੰਜਾਬ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਪੰਜਾਬ ਦੀ ਇਕਾਈ ਦਾ ਅਹਿਮ ਸਥਾਨ ਹੈ। ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ। ਇਹ ਨਾ ਸਿਰਫ਼ ਸਿਆਸੀ ਤੇ ਵਿਚਾਰਧਾਰਕ ਤੌਰ ’ਤੇ ਹੀ, ਸਗੋਂ ਜਥੇਬੰਦਕ ਮਾਮਲਿਆਂ ਵਿੱਚ ਵੀ ਕੇਂਦਰ ਦੀ ਸੀ ਪੀ ਆਈ ਨੂੰ ਯੋਗਦਾਨ ਦਿੰਦੀ ਹੈ। ਉਨ੍ਹਾ ਆਪਣੀ ਤਕਰੀਰ ਵਿੱਚ ਕਾਮਰੇਡ ਸੱਤਪਾਲ ਡਾਂਗ, ਵਿਮਲਾ ਡਾਂਗ, ਚੈਨ ਸਿੰਘ ਚੈਨ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਅਤੇ ਡਾ. ਜੁਗਿੰਦਰ ਦਿਆਲ ਦੀ ਪਾਰਟੀ ਲਈ ਦੇਣ ਨੂੰ ਯਾਦ ਕੀਤਾ। ਆਖਰ ਵਿੱਚ ਉਨ੍ਹਾ ਸੂਬਾ ਕਾਨਫ਼ਰੰਸ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਔਰਤਾਂ, ਨੌਜਵਾਨਾਂ, ਪਛੜਿਆਂ ਅਤੇ ਘੱਟਗਿਣਤੀ ਵਰਗਾਂ ਨੂੰ ਵਿਸ਼ੇਸ਼ ਸਥਾਨ ਦੇ ਕੇ ਅੱਗੇ ਵਧਣ ਦੀ ਲੋੜ ਹੈ। ਕਾਮਰੇਡ ਡੀ ਰਾਜਾ ਦੀ ਤਕਰੀਰ ਤੋਂ ਫੌਰਨ ਬਾਅਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਵਿੱਕੀ ਮਹੇਸ਼ਰੀ ਨੇ ਖੂਬਸੂਰਤ ਢੰਗ ਨਾਲ ਤਕਰੀਰ ਦਾ ਉਲਥਾ ਪੇਸ਼ ਕੀਤਾ। ਅਜੀਤ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਉਦਘਾਟਨੀ ਸੈਸ਼ਨ ਵਿੱਚ ਭਰਾਤਰੀ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੱਬੀਆਂ ਧਿਰਾਂ ਤੇ ਖਾਸ ਕਰਕੇ ਸੀ ਪੀ ਆਈ ਨਾਲ ਉਨ੍ਹਾ ਦੀ ਜਜ਼ਬਾਤੀ ਸਾਂਝ ਹੈ। ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਰਿਪੋਰਟ ਪੇਸ਼ ਕਰਦਿਆਂ ਬਹੁਤ ਸਾਰੇ ਮਸਲਿਆਂ ਨੂੰ ਵਿਚਾਰਿਆ। ਉਨ੍ਹਾ ਕਿਸਾਨ ਤੇ ਮਜ਼ਦੂਰ ਵਰਗ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿਹਾਲਗੜ੍ਹ ਦੇਵੀ ਕੁਮਾਰੀ ਸਰਹਾਲੀ ਕਲਾਂ, ਚਰਨਜੀਤ ਛਾਂਗਾ ਰਾਏ ਅਤੇ ਰਜਿੰਦਰ ਪਾਲ ਕੌਰ ਨੂੰ ਸੱਦਾ ਦੇਣ ਉਪਰਤ ਸੂਬਾ ਕਾਨਫ਼ਰੰਸ ਨੂੰ ਕਾਰਗਰ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਉਣ ਬਾਰੇ ਜਾਣਕਾਰੀ ਦਿੱਤੀ।
ਕਾਮਰੇਡ ਪਿ੍ਰੰਥੀਪਾਲ ਸਿੰਘ ਮਾੜੀ ਮੇਘਾ ਨੇ ਪਿਛਲੇ ਸੱਤਾਂ ਸਾਲਾ ਦੌਰਾਨ ਵਿੱਛੜ ਗਏ ਸਾਥੀਆਂ ਦੀ ਲਿਸਟ ਪੜ੍ਹ ਕੇ ਸੁਣਾਈ। ਉਸ ਤੋਂ ਬਾਅਦ ਉਨ੍ਹਾਂ ਸਾਥੀਆਂ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੱਤਪਾਲ ਭਗਤ ਨੇ ਡੈਲੀਗੇਟਾਂ ਦਾ ਰਸਮੀ ਸਵਾਗਤ ਕੀਤਾ।ਕਾਮਰੇਡ ਗੁਰਦਿਆਲ ਨਿਰਮਾਣ ਅਤੇ ਜਸਵੀਰ ਝੱਜ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੌਰਾਨ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਸੰਪਾਦਿਤ ਕਿਤਾਬ ‘ਜੁਝਾਰੂ ਔਰਤ-ਵਿਮਲਾ ਡਾਂਗ’ ਲੋਕ ਅਰਪਣ ਕੀਤੀ ਗਈ।
ਉਦਘਾਟਨੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀ ਪੀ ਆਈ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਨੇ ਕਾਮਰੇਡ ਡੀ ਰਾਜਾ ਦੀ ਮੌਜੂਦਗੀ ਵਿੱਚ ਝੰਡਾ ਲਹਿਰਾਇਆ। ਇਸ ਮੌਕੇ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਜ਼ਿਲ੍ਹਾ ਮੋਗਾ ਦੇ ਸਕੱਤਰ ਕਾਮਰੇਡ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਕਰਮਵੀਰ ਕੌਰ ਬੱਧਨੀ, ਕਾਮਰੇਡ ਨਰਿੰਦਰ ਸੋਹਲ, ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਾਜਿੰਦਰ ਸਿੰਘ ਮੰਡ, ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਜਲੰਧਰ ਸਿਟੀ ਦੇ ਸਕੱਤਰ ਕਾਮਰੇਡ ਰਾਜੇਸ਼ ਥਾਪਾ, ਕਾਮਰੇਡ �ਿਸ਼ਨ ਚੌਹਾਨ ਮਾਨਸਾ, ਕਾਮਰੇਡ ਸੁਖਦੇਵ ਸ਼ਰਮਾ ਸੰਗਰੂਰ, ਸੀ ਪੀ ਆਈ ਫਿਲੌਰ ਦੇ ਸਕੱਤਰ ਕਾਮਰੇਡ ਰਛਪਾਲ ਕੈਲੇ, ਤਹਿਸੀਲ ਜਲੰਧਰ ਦੇ ਸਕੱਤਰ ਹਰਜਿੰਦਰ ਸਿੰਘ ਮੌਜੀ, ਕਾਮਰੇਡ ਕੁਲਵੰਤ ਸਿੰਘ ਪਟਿਆਲਾ, ਕਾਮਰੇਡ ਸੂਰਤ ਸਿੰਘ ਧਰਮਕੋਟ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਕਿਸਾਨ ਆਗੂ ਲਖਵੀਰ ਸਿੰਘ ਨਿਜ਼ਾਮਪੁਰਾ ਵੀ ਮੌਜੂਦ ਸਨ। ਖ਼ਬਰ ਲਿਖੇ ਜਾਣ ਵੇਲੇ ਤੱਕ ਕਾਮਰੇਡ ਵਿਮਲਾ ਡਾਂਗ ਹਾਲ ਵਿੱਚ ਕਾਰਮੇਡ ਬੰਤ ਸਿੰਘ ਬਰਾੜ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਬਹਿਸ ਜਾਰੀ ਸੀ। ਸੂਬਾ ਕਾਨਫਰੰਸ 9 ਸਤੰਬਰ ਤੱਕ ਚੱਲੇਗੀ।