2014 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਔਝੜੇ ਰਾਹੀਂ ਘੁੰਮਦੀ ਰਹੀ। ਉਸ ਦੀ ਲੀਡਰਸ਼ਿਪ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਨਵੀਂ ਸਥਿਤੀ ਵਿੱਚ ਭਾਜਪਾ ਦੇ ਉਭਾਰ ਨੂੰ ਰੋਕਣ ਲਈ ਉਹ ਕੀ ਕਰੇ। 2017 ਵਿੱਚ ਜਦੋਂ ਕਾਂਗਰਸ ਪਾਰਟੀ ਦੀ ਵਾਗਡੋਰ ਰਾਹੁਲ ਗਾਂਧੀ ਨੇ ਸੰਭਾਲੀ ਤਾਂ ਕਾਂਗਰਸ ਵਿੱਚ ਦਮਖਮ ਨਹੀਂ ਸੀ ਰਿਹਾ। ਕਾਂਗਰਸ ਉੱਤੇ ਜੱਫਾ ਮਾਰੀ ਬੈਠੀ ਬੁੱਢੀ ਲੀਡਰਸ਼ਿਪ ਦੂਜੀ ਪੀੜ੍ਹੀ ਦੇ ਨੌਜਵਾਨ ਆਗੂਆਂ ਨੂੰ ਅੱਗੇ ਆਉਣ ਨਹੀਂ ਸੀ ਦੇ ਰਹੀ। ਇਹ ਗੁਰੂ ਘੰਟਾਲ ਬਣੇ ਬੈਠੇ ਆਗੂ ਰਾਹੁਲ ਗਾਂਧੀ ਦੇ ਰਾਹ ਵਿੱਚ ਵੀ ਕੰਡੇ ਬੀਜਦੇ ਰਹੇ। ਰਾਹੁਲ ਗਾਂਧੀ ਵੀ ਭਾਜਪਾ ਦੀ ਹਿੰਦੂਤਵੀ ਸਿਆਸਤ ਨੂੰ ਮਾਤ ਦੇਣ ਲਈ ਉਸੇ ਹੀ ਰਾਹ ਪੈ ਗਏ। ਨਰਮ ਹਿੰਦੂਤਵ ਦੇ ਨਾਂਅ ਉੱਤੇ ਉਹ ਕਦੇ ਜਨੇਊ ਪਾ ਲੈਂਦੇ ਤੇ ਕਦੇ ਇੱਕ ਮੰਦਰ ਤੋਂ ਦੂਜੇ ਮੰਦਰ ਤੱਕ ਦੀਆਂ ਸਰਦਲਾਂ ’ਤੇ ਮੱਥੇ ਰਗੜਦੇ ਰਹੇ। ਇਨ੍ਹਾਂ ਬਚਗਾਨਾ ਹਰਕਤਾਂ ਕਾਰਨ ਉਹ ਭਾਜਪਾ ਵੱਲੋਂ ਪ੍ਰਚਾਰੇ ਗਏ ਪੱਪੂ ਉਪਨਾਮ ਦੇ ਨਾਂਅ ਦਾ ਟਿੱਕਾ ਜਨਤਾ ਦੀਆਂ ਨਜ਼ਰਾਂ ਵਿੱਚ ਵੀ ਆਪਣੇ ਮੱਥੇ ਉੱਤੇ ਲਵਾ ਬੈਠੇ।
ਅਸਲ ਵਿੱਚ ਰਾਹੁਲ ਗਾਂਧੀ ਨੇ ਭਾਜਪਾ ਵਿਰੁੱਧ ਲੜਾਈ ਵਿੱਚ ਉਸ ਦੀ ਅਸਲੀ ਤਾਕਤ ਫਿਰਕੂ ਕਤਾਰਬੰਦੀ ਦੀ ਰਾਜਨੀਤੀ ਦੇ ਵਿਰੋਧ ਤੋਂ ਹਮੇਸ਼ਾ ਪਾਸਾ ਵੱਟੀ ਰੱਖਿਆ। ਰਾਹੁਲ ਗਾਂਧੀ ਨੇ ਲੰਮੇ ਸਮੇਂ ਤੋਂ ਬਾਅਦ ਹੁਣ ਠੀਕ ਸੇਧ ਵਿੱਚ ਵਧਣਾ ਸ਼ੁਰੂ ਕੀਤਾ ਹੈ। ਬੀਤੀ ਸੱਤ ਸਤੰਬਰ ਤੋਂ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਭਾਰਤੀ ਲੋਕਤੰਤਰ ਨੂੰ ਏਕਾਅਧਿਕਾਰਵਾਦੀ ਹਾਕਮਾਂ ਦੇ ਸ਼ਿਕੰਜੇ ਵਿੱਚੋਂ ਬਚਾਉਣ ਲਈ ਇੱਕ ਮੀਲ ਪੱਥਰ ਸਾਬਤ ਹੋ ਸਕਦੀ ਹੈ। ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ’ ਦਾ ਮੁੱਖ ਮਕਸਦ ਫਿਰਕੂ ਵੰਡਪਾਊ ਤਾਕਤਾਂ ਵਿਰੁੱਧ ਆਪਸੀ ਸਦਭਾਵਨਾ ਪੈਦਾ ਕਰਨਾ ਹੈ। ਇਸ ਦੇ ਨਾਲ ਹੀ ਜਨਤਕ ਮੁੱਦਿਆਂ ਤੇ ਸਰਕਾਰ ਵੱਲੋਂ ਵਿਰੋਧ ਦੀਆਂ ਅਵਾਜ਼ਾਂ ਨੂੰ ਕੁਚਲ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਵਿਰੁੱਧ ਵੀ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ।
‘ਭਾਰਤ ਜੋੜੋ ਯਾਤਰਾ’ ਵਿੱਚ ਰਾਹੁਲ ਗਾਂਧੀ ਸਮੇਤ 119 ਭਾਰਤ ਯਾਤਰੀ ਹੋਣਗੇ। ਇਸ ਤੋਂ ਇਲਾਵਾ ਜਿਸ ਸੂਬੇ ਵਿੱਚੋਂ ਯਾਤਰਾ ਲੰਘੇਗੀ, ਉਥੋਂ ਦੇ 100 ਸਥਾਨਕ ਯਾਤਰੀ ਤੇ ਜਿਹੜੇ ਸੂਬੇ ਇਸ ਯਾਤਰਾ ਤੋਂ ਪਾਸੇ ਰਹਿ ਜਾਣਗੇ, ਉਥੋਂ ਦੇ 100-100 ਲੋਕ ਮਹਿਮਾਨ ਯਾਤਰੀ ਦੇ ਤੌਰ ’ਤੇ ਸ਼ਾਮਲ ਹੋਣਗੇ। ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਬਹੁਤੇ ਯਾਤਰੀ ਨੌਜਵਾਨ ਤੇ ਵਿਦਿਆਰਥੀ ਰਾਜਨੀਤੀ ਦੇ ਪਿਛੋਕੜ ਵਾਲੇ ਹਨ। ਯਾਤਰੀਆਂ ਦੀ ਔਸਤ ਉਮਰ 38 ਸਾਲ ਹੈ। ਇਨ੍ਹਾਂ ਵਿੱਚ 28 ਔਰਤਾਂ ਹਨ। ਯਾਤਰੀਆਂ ਦੇ ਰਾਤਰੀ ਅਰਾਮ ਲਈ 60 ਕੰਟੇਨਰਾਂ ਨੂੰ ਕਮਰਿਆਂ ਦਾ ਰੂਪ ਦਿੱਤਾ ਗਿਆ ਹੈ। ਹਰ ਕੰਟੇਨਰ ਵਿੱਚ 12 ਵਿਅਕਤੀਆਂ ਦੇ ਸੌਣ ਦੀ ਸੁਵਿਧਾ ਹੈ। ਯਾਤਰੀ ਆਪਣਾ ਖਾਣਾ ਖੁਦ ਮਿਲ-ਜੁਲ ਕੇ ਬਣਾਉਣਗੇ ਤੇ ਇਕੱਠੇ ਬਹਿ ਕੇ ਖਾਣਗੇ। ਕੋਈ ਵੀ ਯਾਤਰੀ ਹੋਟਲ ਆਦਿ ਵਿੱਚ ਨਹੀਂ ਠਹਿਰ ਸਕੇਗਾ। ਪੰਜ ਮਹੀਨੇ ਜਾਰੀ ਰਹਿਣ ਵਾਲੀ ਇਹ ਯਾਤਰਾ 12 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਗੁਜ਼ਰੇਗੀ। ਇਹ ਯਾਤਰਾ ਤਾਮਿਲਨਾਡੂ, ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਤੇ ਹਿਮਾਚਲ ਹੁੰਦੇ ਹੋਏ ਜੰਮੂ ਕਸ਼ਮੀਰ ਪੁੱਜੇਗੀ। ਕਾਂਗਰਸ ਨੇ ਇਸ ਯਾਤਰਾ ਸੰਬੰਧੀ ਇੱਕ ਵੈੱਬਸਾਈਟ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਡਰ, ਕੱਟੜਤਾ, ਰੋਜ਼ੀ-ਰੋਟੀ ਖੋਹਣ ਵਾਲੀ ਅਰਥਵਿਵਸਥਾ, ਬੇਰੁਜ਼ਗਾਰੀ ਤੇ ਪੈਰ ਪਸਾਰਦੀ ਗੈਰਬਰਾਬਰੀ ਵਿਰੁੱਧ ਲੜਨਾ ਚਾਹੁੰਦੇ ਹਨ, ਉਹ ‘ਭਾਰਤ ਜੋੜੋ ਯਾਤਰਾ’ ਦਾ ਹਿੱਸਾ ਬਣਨ। ਹੁਣ ਤੱਕ 50 ਹਜ਼ਾਰ ਲੋਕ ਇਸ ਵੈੱਬਸਾਈਟ ਰਾਹੀਂ ਯਾਤਰਾ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਂਅ ਰਜਿਸਟਰਡ ਕਰਾ ਚੁੱਕੇ ਹਨ। ਸਿਵਲ ਸੁਸਾਇਟੀ ਦੇ 250 ਸੰਗਠਨਾਂ ਨੇ ਵੀ ਯਾਤਰਾ ਦਾ ਸਮੱਰਥਨ ਕੀਤਾ ਹੈ।
ਕਾਂਗਰਸ ਵੱਲੋਂ ਜਾਰੀ ਸੂਚੀ ਅਨੁਸਾਰ ਇਸ ਯਾਤਰਾ ਵਿੱਚ ਭਾਰਤ ਯਾਤਰੀ ਵਜੋਂ ਪਵਨ ਖੇੜਾ, ਕਨੱ੍ਹਈਆ ਕੁਮਾਰ, ਵੈਭਵ ਵਾਲੀਆ, ਪੰਜਾਬ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਕੇਸ਼ਵ ਚੰਦ ਯਾਦਵ, ਸਾਬਕਾ ਜਨਰਲ ਸਕੱਤਰ ਸੀਤਾ ਰਾਮ ਲਾਂਬਾ, ਉਤਰਾਖੰਡ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਜਿਓਤੀ ਰੌਤੇਲਾ, ਯੂਥ ਕਾਂਗਰਸ ਦੇ ਮੀਡੀਆ ਮੁਖੀ ਰਾਹੁਲ ਰਾਏ, ਉੱਤਰ ਪ੍ਰਦੇਸ਼ ਤੋਂ ਸ਼ਾਹਨਵਾਜ਼ ਆਲਮ ਤੇ ਜਨਰਲ ਸਕੱਤਰ ਸੰਤੋਸ਼ ਕੋਲਕੁੰਡਾ ਨੂੰ ਥਾਂ ਦਿੱਤੀ ਗਈ ਹੈ। ਹਰਿਆਣੇ ਦੀ ਪਿ੍ਰਆ ਗਰੇਵਾਲ ਤੇ ਨਾਗਪੁਰ ਦੀ ਪਿੰਕੀ ਸਿੰਘ ਵੀ ਭਾਰਤ ਯਾਤਰੀ ਹਨ। ਦੋਵੇਂ ਸਹੇਲੀਆਂ ਹਨ ਤੇ ਕਿਸਾਨ ਅੰਦੋਲਨ ਦੌਰਾਨ ਦੋਵੇਂ ਹੀ ਆਖਰ ਤੱਕ ਮੋਰਚੇ ਉਤੇ ਡਟੀਆਂ ਰਹੀਆਂ ਸਨ। ਇਸ ਯਾਤਰਾ ਵਿੱਚ ਹਰ ਵਰਗ ਨੂੰ ਸਮੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਯਾਤਰੀਆਂ ਵਿੱਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ 10-10, ਮਹਾਰਾਸ਼ਟਰ ਤੇ ਰਾਜਸਥਾਨ ਤੋਂ 9-9 ਤੇ ਤਾਮਿਲਨਾਡੂ ਤੋਂ ਤਿੰਨ ਯਾਤਰੀ ਸ਼ਾਮਲ ਹਨ। ਇਸੇ ਤਰ੍ਹਾਂ ਦੂਜੇ ਰਾਜਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ।
ਕਾਂਗਰਸ ਨੇ ਯਾਤਰਾ ਦਾ ਆਗਾਜ਼ ਕੰਨਿਆ ਕੁਮਾਰੀ ਤੋਂ ਕੀਤਾ ਹੈ। ਕੰਨਿਆ ਕੁਮਾਰੀ ਉਹ ਥਾਂ ਹੈ, ਜਿੱਥੇ ਖੜ੍ਹ ਕੇ ਪਿੱਛੇ ਨਹੀਂ ਹਟਿਆ ਜਾ ਸਕਦਾ, ਕਿਉਂਕਿ ਪਿੱਛੇ ਸਮੁੰਦਰ ਹੈ। ਬਸ ਅੱਗੇ ਹੀ ਵਧਿਆ ਜਾ ਸਕਦਾ ਹੈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 22 ਅਗਸਤ ਨੂੰ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾ ਨਾਲ ਇਸ ਮੁਹਿੰਮ ਵਿੱਚ ਕੋਈ ਵੀ ਨਾ ਤੁਰਿਆ ਤਾਂ ਵੀ ਉਹ ਰੁਕਣਗੇ ਨਹੀਂ। ਉਨ੍ਹਾ ਕਿਹਾ ਸੀ ਕਿ ਦੇਸ਼ ਦੀ ਰਾਜਨੀਤੀ ਵਿੱਚ ਕਤਾਰਬੰਦੀ ਹੋ ਗਈ ਹੈ। ਅਸੀਂ ਲੋਕਾਂ ਨੂੰ ਦੱਸਾਂਗੇ ਕਿ ਇੱਕ ਪਾਸੇ ਸੰਘ ਦੀ ਵਿਚਾਰਧਾਰਾ ਹੈ, ਜੋ ਤੋੜਨ ਵਾਲੀ ਹੈ ਤੇ ਦੂਜੇ ਪਾਸੇ ਸਾਡੀ ਵਿਚਾਰਧਾਰਾ ਹੈ ਜੋ ਸਭ ਲੋਕਾਂ ਨੂੰ ਜੋੜਨ ਵਾਲੀ ਹੈ। ਅਸੀਂ ਇਸ ਵਿਸ਼ਵਾਸ ਨਾਲ ਯਾਤਰਾ ਸ਼ੁਰੂ ਕਰ ਰਹੇ ਹਾਂ ਕਿ ਭਾਰਤ ਦੇ ਲੋਕ ਤੋੜਨ ਵਾਲੀ ਨਹੀਂ, ਜੋੜਨ ਵਾਲੀ ਨੀਤੀ ਚਾਹੁੰਦੇ ਹਨ। ਅਸੀਂ ਨਫ਼ਰਤ ਕਰਨ ਤੇ ਦੇਸ਼ ਨੂੰ ਵੰਡਣ ਵਾਲਿਆਂ ਨੂੰ ਛੱਡ ਕੇ ਭਾਰਤ ਜੋੜੋ ਯਾਤਰਾ ਵਿੱਚ ਸਭ ਦਾ ਸਵਾਗਤ ਕਰਦੇ ਹਾਂ।
-ਚੰਦ ਫਤਿਹਪੁਰੀ