ਮੁੱਖ ਮੰਤਰੀ ਚੜ੍ਹਦੀ ਕਲਾ ’ਚ

0
86

ਚੰਡੀਗੜ੍ਹ : ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਉਨ੍ਹਾ ਦੀ ਪਲਸ ਰੇਟ ਵਿੱਚ ਸੁਧਾਰ ਆਇਆ ਹੈ। ਤਿੰਨ ਦਿਨਾਂ ਤੋਂ ਇਨਫੈਕਸ਼ਨ ਅਤੇ ਤੇਜ਼ ਬੁਖਾਰ ਹੋਣ ਕਾਰਨ ਮਾਨ ਨੂੰ ਸ਼ੁੱਕਰਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾ ਨੇ ਥਕਾਵਟ ਅਤੇ ਦਿਲ ਦੀ ਧੜਕਣ ਬਾਰੇ ਵੀ ਸ਼ਿਕਾਇਤ ਕੀਤੀ ਸੀ। ਹਾਲਚਾਲ ਪੁੱਛਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾ ਨੂੰ ਕੁਝ ਦਿਨ ਹੋਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਹੜ੍ਹਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਹ ਪੂਰੀ ਤਰ੍ਹਾਂ ਨਾਲ ਹੜ੍ਹ ਪੀੜਤਾਂ ਦੀ ਤੁਰੰਤ ਮਦਦ ਲਈ ਚਿੰਤਤ ਹਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਮਾਨ ਦੀ ਸਿਹਤ ਦਾ ਹਾਲ ਜਾਣਿਆ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਚੜ੍ਹਦੀ ਕਲਾ ਵਿੱਚ ਹਨ ਅਤੇ ਲਗਾਤਾਰ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਬਾਰੇ ਹਸਪਤਾਲ ਦੇ ਅੰਦਰੋਂ ਵੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।