ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ‘ਖਾਸ ਸੰਬੰਧ’ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਦੋਹਾਂ ਦੇਸ਼ਾਂ ਦੇ ਕਦੇ-ਕਦੇ ਕੁਝ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਹ ਗੱਲ ਉਨ੍ਹਾ ਟੈਰਿਫ ਅਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਚੱਲ ਰਹੇ ਮੌਜੂਦਾ ਤਣਾਅ ਦੇ ਵਿਚਕਾਰ ਕਹੀ।
ਸ਼ੁੱਕਰਵਾਰ ਓਵਲ ਆਫਿਸ ਵਿੱਚ ਟਰੰਪ ਨੇ ਕਿਹਾ, ‘ਮੈਂ ਹਮੇਸ਼ਾ (ਨਰਿੰਦਰ) ਮੋਦੀ ਦਾ ਦੋਸਤ ਰਹਾਂਗਾ, ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ। ਉਹ ਮਹਾਨ ਹਨ। ਮੈਂ ਹਮੇਸ਼ਾ ਦੋਸਤ ਰਹਾਂਗਾ, ਪਰ ਮੈਨੂੰ ਇਹ ਪਸੰਦ ਨਹੀਂ ਕਿ ਉਹ ਇਸ ਖਾਸ ਪਲ ਵਿੱਚ ਕੀ ਕਰ ਰਹੇ ਹਨ।’ ਟਰੰਪ ਨੇ ਮੁਸਕਰਾਉਂਦੇ ਹੋਏ ਅੱਗੇ ਕਿਹਾ, ‘ਪਰ ਭਾਰਤ ਅਤੇ ਅਮਰੀਕਾ ਦੇ ਖਾਸ ਸੰਬੰਧ ਹਨ। ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਕਦੇ-ਕਦੇ ਸਾਡੇ ਕੁਝ ਮਾਮਲੇ ਹੋ ਜਾਂਦੇ ਹਨ।’ ਰਾਸ਼ਟਰਪਤੀ ਇਹ ਜਵਾਬ ਉਦੋਂ ਦੇ ਰਹੇ ਸਨ, ਜਦੋਂ ਉਨ੍ਹਾ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ਨਾਲ ਸੰਬੰਧਾਂ ਨੂੰ ਮੁੜ ਸਥਾਪਤ ਕਰਨ ਲਈ ਤਿਆਰ ਹਨ, ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਪਿਛਲੇ ਦੋ ਦਹਾਕਿਆਂ ਵਿੱਚ ਸੰਭਵ ਤੌਰ ’ਤੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿ ਭਾਰਤ ਰੂਸ ਤੋਂ ਐਨਾ ਜ਼ਿਆਦਾ ਤੇਲ ਖਰੀਦ ਰਿਹਾ ਹੈ। ਇਸ ਤੋਂ ਪਹਿਲਾਂ ਆਪਣੀ ‘ਟਰੂਥ ਸੋਸ਼ਲ’ ਪੋਸਟ ਵਿੱਚ ਟਰੰਪ ਨੇ ਕਿਹਾ ਸੀ, ‘ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਡੂੰਘੇ ਹਨੇਰੇ, ਚੀਨ ਨੂੰ ਗੁਆ ਦਿੱਤਾ ਹੈ। ਕਾਸ਼! ਉਨ੍ਹਾਂ ਦਾ ਭਵਿੱਖ ਇਕੱਠੇ ਲੰਮਾ ਅਤੇ ਖੁਸ਼ਹਾਲ ਹੋਵੇ! ਰਾਸ਼ਟਰਪਤੀ ਡੋਨਲਡ ਜੇ ਟਰੰਪ।’ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਬਹੁਤ ਸਕਾਰਾਤਮਕ ਅਤੇ ਰਣਨੀਤਕ ਭਾਈਵਾਲੀ ਹੈ ਤੇ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਮੋਦੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੀ ਹਾਂ-ਪੱਖੀ ਟਿੱਪਣੀ ਤੋਂ ਬਾਅਦ ਆਇਆ ਹੈ।



