ਮੁੰਬਈ ਉਡਾਉਣ ਦੀ ਫੜ੍ਹ ਮਾਰਨ ਵਾਲਾ ਜੋਤਸ਼ੀ ਕਾਬੂ

0
83

ਮੁੰਬਈ : ਪੁਲਸ ਨੇ ਮੋਬਾਇਲ ਨੰਬਰ ਟਰੇਸ ਕਰਕੇ ਨੋਇਡਾ ਤੋਂ 50 ਸਾਲਾ ਅਸ਼ਵਿਨੀ ਕੁਮਾਰ ਸੁਪਰਾ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨੇ ਸੰਦੇਸ਼ ਭੇਜਿਆ ਸੀ ਕਿ 14 ਦਹਿਸ਼ਤਗਰਦ 400 ਕਿੱਲੋ ਆਰ ਡੀ ਐੱਕਸ ਨਾਲ ਮੁੰਬਈ ਵਿੱਚ ਦਾਖਲ ਹੋਏ ਹਨ, ਤਾਂ ਜੋ ਧਮਾਕੇ ਕਰ ਸਕਣ। ਨੋਇਡਾ ਦੇ ਸੈਕਟਰ 79 ਵਿੱਚ ਰਹਿਣ ਵਾਲੇ ਸੁਪਰਾ ਨੂੰ ਟਰੈਫਿਕ ਪੁਲਸ ਦੀ ਵਟਸਐਪ ਹੈਲਪਲਾਈਨ ’ਤੇ ਸੰਦੇਸ਼ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਉਸ ਦੇ ਘਰ ਤੋਂ ਗਿ੍ਰਫਤਾਰ ਕਰ ਲਿਆ ਗਿਆ। ਸੁਪਰਾ ਨੇ ਦਾਅਵਾ ਕੀਤਾ ਸੀ ਕਿ ਸ਼ਹਿਰ ਨੂੰ ਉਡਾਉਣ ਲਈ 34 ਵਾਹਨਾਂ ਵਿੱਚ ਬੰਬ ਲਗਾਏ ਗਏ ਹਨ। ਸੁਪਰਾ ਪਿੱਛਿਓਂ ਬਿਹਾਰ ਦੇ ਪਾਟਲੀਪੁੱਤਰ ਦਾ ਹੈ ਤੇ ਪੰਜ ਸਾਲ ਤੋਂ ਮਾਪਿਆਂ ਨਾਲ ਨੋਇਡਾ ਵਿੱਚ ਰਹਿ ਰਿਹਾ ਹੈ। ਪਿਤਾ ਸੁਰੇਸ਼ ਕੁਮਾਰ ਸਿੱਖਿਆ ਵਿਭਾਗ ਦੇ ਰਿਟਾਇਰਡ ਅਫਸਰ ਹਨ। ਮਾਂ ਪ੍ਰਭਾਵਤੀ ਗ੍ਰਹਿਣੀ ਹੈ। ਉਹ ਪੋਸਟਗ੍ਰੈਜੂਏਟ ਹੈ ਅਤੇ ਜੋਤਿਸ਼ ਤੇ ਵਾਸਤੂ ਸ਼ਾਸਤਰ ਦਾ ਧੰਦਾ ਕਰਦਾ ਹੈ। ਉਸ ਦੀ ਪਤਨੀ ਅਰਚਨਾ ਨਾਲ ਵਿਗੜੀ ਹੋਈ ਹੈ। ਦੋ ਬੱਚੇ ਪਤਨੀ ਨਾਲ ਰਹਿੰਦੇ ਹਨ ਤੇ ਇੱਕ ਧੀ ਉਸ ਨਾਲ ਰਹਿੰਦੀ ਹੈ। ਉਸ ਦਾ ਪੈਸੇ ਦੇ ਲੈਣ-ਦੇਣ ਦੇ ਝਗੜਿਆਂ ਦਾ ਵੀ ਇਤਿਹਾਸ ਹੈ। ਬਿਹਾਰ ਦੇ ਦੋਸਤ ਫਿਰੋਜ਼ ਵੱਲੋਂ ਪਟਨਾ ਦੇ ਫੁਲਵਾੜੀ ਸ਼ਰੀਫ ਥਾਣੇ ’ਚ ਦਰਜ ਕਰਾਈ ਗਈ ਧੋਖਾਧੜੀ ਦੀ ਸ਼ਿਕਾਇਤ ਕਾਰਨ ਉਸ ਨੂੰ 2023 ਵਿੱਚ ਤਿੰਨ ਮਹੀਨੇ ਦੀ ਕੈਦ ਵੀ ਹੋਈ ਸੀ। ਪੜਤਾਲਕਾਰਾਂ ਮੁਤਾਬਕ ਉਸ ਨੇ ਧਮਕੀ ਵਾਲਾ ਸੰਦੇਸ਼ ਫਿਰੋਜ਼ ਦੇ ਨਾਂਅ ’ਤੇ ਘੱਲਿਆ ਸੀ, ਤਾਂ ਕਿ ਉਸ ਨੂੰ ਫਸਾ ਸਕੇ। ਪੁਲਸ ਨੇ ਉਸ ਕੋਲੋਂ 7 ਮੋਬਾਇਲ ਫੋਨ, ਤਿੰਨ ਸਿੰਮ ਕਾਰਡ, ਛੇ ਮੈਮਰੀ ਕਾਰਡ, ਇੱਕ ਐਕਸਟਰਨਲ ਸਿੰਮ ਸਲੌਟ, ਦੋ ਡਿਜੀਟਲ ਕਾਰਡ ਤੇ ਹੋਰ ਇਲੈਕਟ੍ਰਾਨਿਕ ਆਈਟਮਾਂ ਬਰਾਮਦ ਕੀਤੀਆਂ ਹਨ।