ਜਲੰਧਰ : ਪੰਜਾਬ ਇਸਤਰੀ ਸਭਾ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਅਤੇ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੀ ਕੀਤੀ ਗਈ ਅਪੀਲ ’ਤੇ ਪੰਜਾਬ ਇਸਤਰੀ ਸਭਾ ਦੇ ਆਗੂ, ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ, ਜਿਸ ਦੀ ਅਗਵਾਈ ਡਾਕਟਰ ਇੰਦਰਾ ਵਿਰਕ ਕਰ ਰਹੇ ਸਨ, ਸਮਾਨ ਲੈ ਕੇ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ, ਜਿਸ ਦੇ ਮੁਖੀ ਡਾਕਟਰ ਸਵੈਮਾਨ ਸਿੰਘ ਹਨ, ਨੂੰ ਸੌੱਪਿਆ। ਇਸ ਵਿੱਚ ਦਵਾਈਆਂ, ਚਾਦਰਾਂ, ਜੁੱਤੀਆਂ ਅਤੇ ਲੋਕਾਂ ਕੋਲੋਂ ਇਕੱਠੇ ਕੀਤੇ ਗਏ ਸੀਤੇ ਹੋਏ ਵਧੀਆ ਹਾਲਤ ਵਿੱਚ ਸੂਟ ਸਨ। ਉਥੇ ਸਿੱਧਾ ਸਮਾਨ ਨਹੀਂ ਸੀ ਵੰਡਿਆ ਜਾ ਸਕਦਾ, ਕਿਉਕਿ ਪਤਾ ਨਹੀਂ ਲੱਗਦਾ ਸੀ ਕਿ ਕੌਣ ਪੀੜਤ ਹੈ ।ਇਸ ਕਰਕੇ ਡਾਕਟਰ ਸਵੈਮਾਨ ਦੀ ਟੀਮ ਨੂੰ ਇਹ ਸਮਾਨ ਦਿੱਤਾ ਗਿਆ, ਕਿਉਕਿ ਉਹ ਬੇੜੀ ਰਾਹੀਂ ਪਾਣੀ ਵਿੱਚ ਘਿਰੇ ਹੋਏ ਪਿੰਡਾਂ ਵਿੱਚ ਜਾਂਦੇ ਹਨ ਅਤੇ ਘਰ-ਘਰ ਜਾ ਕੇ ਸਮਾਨ ਦਿੰਦੇ ਹਨ ।ਜਦੋਂ ਸਮਾਨ ਰਾਹ ਵਿੱਚ ਵੰਡਿਆ ਜਾਂਦਾ ਹੈ ਤਾਂ ਉਹ ਲੋਕ ਵੀ ਫੜ ਕੇ ਲੈ ਜਾਂਦੇ ਹਨ, ਜਿਨ੍ਹਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਹੁੰਦੀ। ਸੁਲਤਾਨਪੁਰ ਲੋਧੀ ਵਿਖੇ ਕਿਸਾਨ ਸੰਘਰਸ਼ ਵਰਗਾ ਦਿ੍ਰਸ਼ ਸੀ, ਜਿੱਥੇ ਜਾਤਾਂ, ਧਰਮਾਂ ਦਾ ਕੋਈ ਵਖਰੇਵਾਂ ਨਹੀਂ ਸੀ।ਵੱਖ-ਵੱਖ ਧਰਮਾਂ ਦੇ ਲੋਕ ਆਪਣੀਆਂ ਟਰਾਲੀਆਂ ਲੈ ਕੇ ਉਥੇ ਪਹੁੰਚੇ ਸਨ।ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਤੇ ਦੂਜੇ ਸੂਬਿਆਂ ਤੋਂ ਵੀ ਸਮਾਨ ਉਥੇ ਪਹੁੰਚ ਰਿਹਾ ਸੀ ।ਬੇਸ਼ੱਕ ਕੁਦਰਤ ਦਾ ਬਹੁਤ ਵੱਡਾ ਕਹਿਰ ਹੈ, ਪ੍ਰੰਤੂ ਤਸੱਲੀ ਇਸ ਗੱਲ ਦੀ ਹੈ ਕਿ ਪੀੜਤਾਂ ਨੂੰ ਸਹਾਇਤਾ ਪਹੁੰਚ ਰਹੀ ਹੈ ਤਾਂ ਕਿ ਉਹ ਜ਼ਿੰਦਾ ਰਹਿ ਸਕਣ। ਆਗੂਆਂ ਕਿਹਾ ਕਿ ਜਿਉ-ਜਿਉ ਸਾਡੇ ਕੋਲ ਫੰਡ ਇਕੱਠਾ ਹੋਵੇਗਾ, ਅਸੀਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਮਦਦ ਪਹੁੰਚਾਵਾਂਗੇ।ਬੇਸ਼ੱਕ ਅਸੀਂ ਆਪਣੇ ਕੋਲੋਂ ਵੀ ਖਰਚ ਕਰਾਂਗੇ, ਪਰੰਤੂ ਜਿੰਨੀ ਜ਼ਿਆਦਾ ਮਦਦ ਦੀ ਲੋੜ ਹੈ, ਉਹ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦੀ ਹੈ।





