ਜਲੰਧਰ ਲਿਟਰੇਰੀ ਫੋਰਮ ਤੇ ਗੁਰਮੀਤ ਸਿੰਘ ਸ਼ੁਗਲੀ ਯਾਦਗਾਰੀ ਟਰੱਸਟ ਵੱਲੋਂ ਸਾਂਝਾ ਸਾਹਿਤਕ ਸਮਾਗਮ

0
126

ਜਲੰਧਰ (ਰਾਜੇਸ਼ ਥਾਪਾ)
ਜਲੰਧਰ ਲਿਟਰੇਰੀ ਫੋਰਮ ਅਤੇ ਗੁਰਮੀਤ ਸਿੰਘ ਸ਼ੁਗਲੀ ਯਾਦਗਾਰੀ ਟਰੱਸਟ ਨੇ ਸਾਂਝੇ ਤੌਰ ’ਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਬੁਲਾਰੇ ਡਾ. ਜਸ ਮੰਡ ਸਨ, ਜੋ ਕਿ ਕਈ ਕਿਤਾਬਾਂ ਦੇ ਲੇਖਕ ਹੋਣ ਦੇ ਨਾਲ-ਨਾਲ ਇਕ ਵੱਡੇ ਘੁਮੱਕੜ, ਕਾਲਮ ਨਵੀਸ ਅਤੇ ਚਿੱਤਰਕਾਰ ਵੀ ਹਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਗੁਰਮੀਤ ਸ਼ੁਗਲੀ ਯਾਦਗਾਰੀ ਟਰੱਸਟ ਵਲੋਂ ਐਡਵੋਕੇਟ ਰਾਜਿੰਦਰ ਮੰਡ ਨੇ ਹਾਜ਼ਰ ਦੋਸਤਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਮੰਤਵ ਤੋਂ ਜਾਣੂ ਕਰਵਾਇਆ।ਗਦਰੀ ਬਾਬਿਆਂ ਦੀ ਵਿਰਾਸਤ ਨੂੰ ਰਿਕਾਰਡ ਕਰਦੇ ਹੋਏ, ਜਲੰਧਰ ਸਾਹਿਤਕ ਮੰਚ ਦੇ ਕਨਵੀਨਰ ਨਵਜੋਤ ਸਿੰਘ ਐਡਵੋਕੇਟ ਨੇ ਜਾਣੂ ਕਰਵਾਇਆ।
ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਇਹੋ ਜਿਹੇ ਸਮਾਗਮ ਇਸ ਸਥਾਨ ’ਤੇ ਵੱਧ ਤੋਂ ਵੱਧ ਆਯੋਜਤ ਹੋਣ। ਜਲੰਧਰ ਲਿਟਰੇਰੀ ਫੋਰਮ ਦੇ ਕਨਵੀਨਰ ਨਵਜੋਤ ਸਿੰਘ ਐਡਵੋਕੇਟ ਨੇ ਆਪਣੇ ਮੰਚ ਦੇ ਮਿਸ਼ਨ ਬਾਰੇ ਜਾਣਕਾਰੀ ਦੇਂਦੇ ਹੋਏ ਇਸ ਗੱਲ ਦਾ ਫਖਰ ਮਹਿਸੂਸ ਕੀਤਾ ਕਿ ਇਹ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਵਰਗੇ ਵੱਕਾਰੀ ਸਥਾਨ ’ਤੇ ਹੋ ਰਿਹਾ ਹੈ। ਐਡਵੋਕੇਟ ਜੇ ਪੀ ਸਿੰਘ ਨੇ ਲੇਖਕ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਜਸ ਮੰਡ ਨੇ ਅੰਟਾਰਕਟਿਕਾ ਬਾਰੇ ਆਪਣੇ ਪੀ ਐੱਚ. ਡੀ ਥੀਸਿਸ ਬਾਰੇ ਸੰਖੇਪ ਵਿਚ ਗੱਲ ਕਰਨ ਤੋਂ ਬਾਅਦ ਆਪਣੀ ਕਿਤਾਬ ‘ਦ ਸੀਕਰੇਟ ਆਫ਼ ਹੈਪੀਨੈੱਸ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿਚ ਉਨ੍ਹਾਂ ਖੁਸ਼ੀ ਦੇ ਵਿਗਿਆਨਕ ਪੱਖਾਂ ਨੂੰ ਉਭਾਰਿਆ ਹੈ।ਫੇਰ ਉਨ੍ਹਾਂ ਨੇ ਆਪਣੇ ਤਿੰਨ ਸਫਰਨਾਮਿਆਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਆਪਣੇ ਸਫਰਨਾਮੇ ਵਿੱਚੋਂ ਇਕ ਟੋਟਾ ਪੜ੍ਹ ਕੇ ਵੀ ਸੁਣਾਇਆ।ਜਸ ਮੰਡ ਨਾਲ ਸਵਾਲ-ਜੁਆਬ ਦੇ ਸੈਸ਼ਨ ਵਿਚ ਬਲਬੀਰ ਪਰਵਾਨਾ, ਕੁਲਵੰਤ ਸਿੰਘ ਸੰਧੂ, ਮੱਖਣ ਮਾਨ, ਬੀਰ ਰਹੀਮਪੁਰੀ, ਸੁਰਿੰਦਰ ਕੁਮਾਰੀ ਕੋਛੜ, ਰਾਜੇਸ਼ ਥਾਪਾ, ਜਤਿੰਦਰ ਪੰਮੀ, ਮੇਹਰ ਮਲਿਕ, ਇਮਰਾਨ ਖਾਨ, ਅਜੇ ਟੰਡਨ, ਸੁਰਜੀਤ ਸਿੰਘ ਰਾਣਾ, ਪਰਵੀਨ ਚੋਪੜਾ, ਸਮਰਾਟ, ਗੁਲਸ਼ਨ ਜਿੰਦਲ, ਧਰੁਵ ਮੌਦਗਿਲ, ਪ੍ਰਦੀਪ ਤਲਵਾਰ, ਸੰਨੀ ਕੁਮਾਰ, ਸੁਰਿੰਦਰ ਸਿੰਘ ਸੈਣੀ ਅਤੇ ਹੋਰਨਾਂ ਨੇ ਹਿੱਸਾ ਲਿਆ।ਅੰਤ ਵਿੱਚ ਮੰਚ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਵਿਗ ਨੇ ਧੰਨਵਾਦ ਦਾ ਮਤਾ ਪੜ੍ਹਿਆ ਅਤੇ ਭਰੋਸਾ ਦਿਵਾਇਆ ਕਿ ਮੰਚ ਵੱਲੋਂ ਸਾਹਿਤਕ ਸਮਾਗਮਾਂ ਦਾ ਆਯੋਜਨ ਨਿਰੰਤਰ ਕੀਤਾ ਜਾਵੇਗਾ। ਸਮਾਗਮ ਦੀ ਸਾਰੀ ਕਾਰਵਾਈ ਨੂੰ ਫੇਸਬੁੱਕ ’ਤੇ ਲਾਈਵ-ਸਟ੍ਰੀਮ ਕੀਤਾ ਗਿਆ। ਪ੍ਰਬੰਧਕਾਂ ਨੇ ਡਾ. ਮੰਡ ਨੂੰ ਪਾਓਲੋ ਕੋਏਲਹੋ ਦੁਆਰਾ ਲਿਖੀ ਕਿਤਾਬ ‘ਦ ਆਰਚਰ’ ਭੇਟ ਕਰਕੇ ਸਨਮਾਨਿਤ ਕੀਤਾ।