ਭਿੱਖੀਵਿੰਡ : ਸੀ ਪੀ ਆਈ ਦੀ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਲਈ ਸੀ ਪੀ ਆਈ ਬਲਾਕ ਭਿੱਖੀਵਿੰਡ ਦੀ ਮੀਟਿੰਗ ਅਲਗੋਂ ਵਿਖੇ ਬੀਬੀ ਵੀਰੋ ਸਾਂਡਪੁਰਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਦੌਰਾਨ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੌਮੀ ਕਾਂਗਰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਹ ਕਾਂਗਰਸ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਲੋਕਾਂ ਲਈ ਰਾਹ-ਦਸੇਰਾ ਹੋਵੇਗੀ।ਕਾਂਗਰਸ ਦੇ ਪਹਿਲੇ ਦਿਨ 21 ਸਤੰਬਰ ਨੂੰ ਮੁਹਾਲੀ ਦਾਣਾ ਮੰਡੀ ਵਿਖੇ ਲਾਮਿਸਾਲ ਰੈਲੀ ਹੋਵੇਗੀ। ਤਰਨ ਤਾਰਨ ਜ਼ਿਲ੍ਹੇ ’ਚੋਂ ਰੈਲੀ ਵਿੱਚ 1000 ਦੇ ਕਰੀਬ ਪਾਰਟੀ ਮੈਂਬਰ ਤੇ ਹਮਦਰਦ ਪਹੁੰਚ ਰਹੇ ਹਨ। ਕਾਂਗਰਸ ਵਿੱਚ ਦੇਸ਼ ਭਰ ’ਚੋਂ ਜੁੜੇ 1000 ਡੈਲੀਗੇਟ 5 ਦਿਨ ਖੁੱਲ੍ਹ ਕੇ ਵਿਚਾਰਾਂ ਕਰਨ ਤੋਂ ਬਾਅਦ ਹਰੇਕ ਮਨੁੱਖ ਲਈ ਰੁਜ਼ਗਾਰ, ਘਰ, ਸਿਹਤ ਅਤੇ ਵਿਦਿਆ ਦੀ ਪ੍ਰਾਪਤੀ ਲਈ ਸੰਘਰਸ਼ ਦੀ ਰੂਪ-ਰੇਖਾ ਉਲੀਕਣਗੇ। ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਅਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਭਿੱਖੀਵਿੰਡ ਬਲਾਕ ’ਚੋਂ ਮੁਹਾਲੀ ਵਿੱਚ ਔਰਤਾਂ ਦਾ ਇੱਕ ਵੱਡਾ ਜਥਾ ਪਹੁੰਚੇਗਾ।ਆਗੂਆਂ ਮੰਗ ਕੀਤੀ ਕਿ ਹੜ੍ਹਾਂ ਨਾਲ ਲੋਕਾਂ ਦੇ ਹੋਏ ਨੁਕਸਾਨ ਦੀ ਫੌਰੀ ਪੂਰਤੀ ਕੀਤੀ ਜਾਵੇ, ਇਸ ਹਾਲਤ ਵਿੱਚ ਨਰੇਗਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ।ਮੀਟਿੰਗ ਵਿੱਚ ਨਰੇਗਾ ਯੂਨੀਅਨ ਦੇ ਆਗੂ ਟਹਿਲ ਸਿੰਘ ਲੱਧੂ, ਨਿਸ਼ਾਨ ਸਿੰਘ ਵਾਂ ਤੇ ਹਰਜਿੰਦਰ ਕੌਰ ਅਲਗੋਂ ਹਾਜ਼ਰ ਸਨ।





