ਬਠਿੰਡਾ (ਬਖਤੌਰ ਢਿੱਲੋਂ)
ਸੱਚੇ-ਸੁੱਚੇ ਕਮਿਊਨਿਸਟ ਅਤੇ ਸਾਹਿਤ ਪ੍ਰੇਮੀ ਕਾਮਰੇਡ ਜਰਨੈਲ ਸਿਘ ਭਾਈਰੂਪਾ ਦੀ ਯਾਦ ਨੂੰ ਸਮਰਪਿਤ ਟੀਚਰਜ਼ ਹੋਮ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਥਾਨਕ ਟੀਚਰਜ਼ ਹੋਮ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਹਾਲ ਵਿੱਚ ਇੱਕ ਸ਼ੋਕ ਸਭਾ ਕੀਤੀ ਗਈ। ਇਸ ਮੌਕੇ ਕਾਮਰੇਡ ਭਾਈਰੂਪਾ ਦੀ ਧਰਮਪਤਨੀ ਦਲਜੀਤ ਕੌਰ, ਪੁੱਤਰ ਮੰਨਾ ਤੇ ਮਨੀਤ, ਦੋਵੇਂ ਭਰਾਵਾਂ ਕਰਨੈਲ ਸਿੰਘ ਤੇ ਜੁਗਰਾਜ ਸਿੰਘ ਰਾਣਾ ਸਮੇਤ ਸਮੁੱਚਾ ਪਰਵਾਰ ਸ਼ਾਮਲ ਸੀ। ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮਿਊਨਿਸਟ ਵਰਕਰ, ਸਾਹਿਤਕਾਰ, ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਤਵੰਤੇ ਸ਼ਹਿਰੀ ਵੀ ਹਾਜ਼ਰ ਸਨ।
ਸ਼ੁਰੂ ’ਚ ਵਿਛੜੇ ਸਾਥੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਜਗਰੂਪ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜਰਨੈਲ ਪਾਰਟੀ ਦਾ ਸੱਚਾ ਸਿਪਾਹੀ ਸੀ। ਉਹ ਫਲਸਫ਼ੇ ਤੋਂ ਜਾਣੂ ਸੀ ਅਤੇ ਦਲੀਲ ਨਾਲ ਗੱਲ ਕਰਦਾ ਸੀ। ਉਸ ਨੇ ਪਾਰਟੀ ਅਤੇ ਪੁਸਤਕ ਸੱਭਿਆਚਾਰ ਲਈ ਅਣਥੱਕ ਕੰਮ ਕੀਤਾ। ਕਹਾਣੀਕਾਰ ਦਰਸ਼ਨ ਜੋਗਾ ਨੇ ਯਾਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਹ ਚੰਗਾ ਪ੍ਰਬੰਧਕ ਤੇ ਸੁਹਿਰਦ ਵਰਕਰ ਸੀ। ਲੋਕ ਲਹਿਰਾਂ ਦਾ ਮੋਹਰੀ ਤੇ ਸਾਹਿਤ ਦਾ ਪਾਰਖੂ ਸੀ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੀ ਗਵਰਨਿੰਗ ਕੌਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ, ‘ਮੈਂ ਉਸ ਤੋਂ ਪੰਜਾਬ ਬੁੱਕ ਸੈਂਟਰ ਤੋਂ ਕਿਤਾਬਾਂ ਖਰੀਦ ਦੇ ਪੜ੍ਹੀਆਂ, ਜਿਸ ਨੇ ਮੈਨੂੰ ਸਾਹਿਤਕਾਰ ਬਣਾਇਆ। ਜਰਨੈਲ ਸਭ ਦੇ ਮਨ ’ਤੇ ਉਕਰਿਆ ਹੋਇਆ ਹੈ, ਪਰੰਤੂ ਮੇਰੇ ਜੀਵਨ ਵਿੱਚ ਉਸ ਦਾ ਵੱਡਾ ਹਿੱਸਾ ਹੈ।’
ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕਿਹਾ ਕਿ ਜਰਨੈਲ ਸੱਚ ’ਤੇ ਪਹਿਰਾ ਦੇਣ ਵਾਲਾ ਨਿਧੜਕ ਕਮਿਊਨਿਸਟ ਤੇ ਸਾਹਿਤ ਪ੍ਰੇਮੀ ਸੀ, ਜਿਸ ਨੇ ਨਵੇਂ ਸਾਹਿਤਕਾਰ ਤੇ ਪਾਠਕ ਪੈਦਾ ਕਰਨ ਵਿੱਚ ਭੂਮਿਕਾ ਨਿਭਾਈ। ਉਹ ਪੰਜਾਬੀ ਸਾਹਿਤ ਸਭਾ ਨਾਲ ਸਥਾਪਨਾ ਸਮੇਂ ਤੋਂ ਜੁੜਿਆ ਤੇ ਆਖ਼ਰੀ ਸਾਹ ਤੱਕ ਸਰਗਰਮ ਵਰਕਰ ਵਜੋਂ ਨਿਭਿਆ। ਸ਼ੋਕ ਸਭਾ ਨੂੰ ਹੋਰਨਾ ਤੋਂ ਇਲਾਵਾ ਰਘਬੀਰ ਸ਼ਰਮਾ, ਸੁਰਿੰਦਰਪ੍ਰੀਤ ਘਣੀਆਂ, ਗੋਪਾਲ ਸਿੰਘ, ਮਹੀਪਾਲ, ਬਲਕਰਨ ਸਿੰਘ ਬਲਾਹੜ ਮਹਿਮਾ, ਲਛਮਣ ਸਿੰਘ ਮਲੂਕਾ, ਰਣਜੀਤ ਗੌਰਵ ਤੇ ਸੁਰਜੀਤ ਸਿੰਘ ਸੋਹੀ ਨੇ ਵੀ ਸੰਬੋਧਨ ਕੀਤਾ।





