ਸੀ ਪੀ ਆਈ ਦੀ 25ਵੀਂ ਕਾਂਗਰਸ ਲਈ ਧੂੰਆਂਧਾਰ ਪ੍ਰਚਾਰ ਹੋਵੇਗਾ

0
95

ਜਲੰਧਰ : ਸੀ ਪੀ ਆਈ ਦੀ 25ਵੀਂ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੀ ਕਾਮਯਾਬੀ ਲਈ ਬਣੀ ਪਿ੍ਰੰਟ ਮੀਡੀਆ ਕਮੇਟੀ ਦੀ ਮੀਟਿੰਗ ‘ਨਵਾਂ ਜ਼ਮਾਨਾ’ ਦੇ ਐਡੀਟਰ ਚੰਦ ਸਿੰਘ ਫਤਿਹਪੁਰੀ ਦੀ ਪ੍ਰਧਾਨਗੀ ਹੇਠ ‘ਨਵਾਂ ਜ਼ਮਾਨਾ’ ਦਫ਼ਤਰ ਵਿਖੇ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਆਉਦੇ ਦਿਨਾਂ ਵਿੱਚ ਕਾਂਗਰਸ ਦਾ ਧੂੰਆਂਧਾਰ ਪ੍ਰਚਾਰ ਕਰਨ ਵਾਸਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕੋਲੋਂ ‘ਨਵਾਂ ਜ਼ਮਾਨਾ’ ਵਾਸਤੇ ਲੇਖ ਲਿਖਵਾਏ ਜਾ ਰਹੇ ਹਨ। ਪੰਜਾਬ ਦੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਪਿਰਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਰਜਿੰਦਰ ਪਾਲ ਕੌਰ ਵੱਲੋਂ ਔਰਤਾਂ ਦੀ ਸੀ ਪੀ ਆਈ ਵਿੱਚ ਭੂਮਿਕਾ, ਮਜ਼ਦੂਰਾਂ ਦੀ ਸੀ ਪੀ ਆਈ ਨੂੰ ਦੇਣ ਤੇ ਗੁਲਜ਼ਾਰ ਸਿੰਘ ਗੋਰੀਆ ਤੇ ਗਿਆਨ ਸੈਦਪੁਰੀ, ਕਿਸਾਨਾਂ ਦਾ ਕਮਿਊਨਿਸਟ ਲਹਿਰ ਵਿੱਚ ਰੋਲ ਲਖਬੀਰ ਸਿੰਘ ਨਿਜ਼ਾਮਪੁਰਾ, ਵਿਦਿਆਰਥੀਆਂ ਦੀ ਕਮਿਊਨਿਸਟ ਵਿਚਾਰਧਾਰਾ ਬਾਬਤ ਪਰਮਜੀਤ ਢਾਬਾਂ, ਨੌਜਵਾਨ ਤੇ ਕਮਿਊਨਿਸਟ ਬਾਰੇ ਚਰਨਜੀਤ ਛਾਂਗਾਰਾਏ, ਏਟਕ ਦੇ ਯੋਗਦਾਨ ਬਾਰੇ ਨਿਰਮਲ ਸਿੰਘ ਧਾਲੀਵਾਲ, ਇਪਟਾ ਦੇ ਕਮਿਊਨਿਸਟ ਵਿਚਾਰਧਾਰਾ ਨੂੰ ਫੈਲਾਉਣ ਵਿੱਚ ਯੋਗਦਾਨ ’ਤੇ ਸੰਜੀਵਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ’ਤੇ ਸੁਰਜੀਤ ਜੱਜ ਤੇ ਗੁਲਜ਼ਾਰ ਪੰਧੇਰ ਲਿਖਣਗੇ। ਇਸੇ ਤਰ੍ਹਾਂ ਫੈਸਲਾ ਹੋਇਆ ਕਿ ਚੰਦ ਫਤਿਹਪੁਰੀ ਅਤੇ ਗਿਆਨ ਸੈਦਪੁਰੀ ਚੰਡੀਗੜ੍ਹ ਰਹਿ ਕੇ ਸਾਰੀ ਕਾਂਗਰਸ ਨੂੰ ਕਵਰ ਕਰਨਗੇ। ਮੀਟਿੰਗ ਵਿੱਚ ਚੰਦ ਸਿੰਘ ਫਤਿਹਪੁਰੀ, ਪਿਰਥੀਪਾਲ ਸਿੰਘ ਮਾੜੀਮੇਘਾ, ਮਨਿੰਦਰ ਸਿੰਘ ਭਾਟੀਆ, ਰਜਿੰਦਰ ਮੰਡ ਐਡਵੋਕੇਟ, ਰਜੇਸ਼ ਥਾਪਾ ਅਤੇ ਭਗਵੰਤ ਰਸੂਲਪੁਰੀ ਸ਼ਾਮਲ ਸਨ।