ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਸਤੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ’ਚ ਇੱਕ ਸਹਿਕਾਰੀ ਜਥੇਬੰਦੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੇ ਮੰਚ ਤੋਂ ਉਨ੍ਹਾ ਦੀ ਮਾਂ ਨੂੰ ਗਾਲ਼ਾਂ ਕੱਢੀਆਂ ਗਈਆਂ। ਇਹ ਗਾਲ਼ਾਂ ਸਿਰਫ ਉਨ੍ਹਾ ਦੀ ਮਾਂ ਦਾ ਅਪਮਾਨ ਨਹੀਂ ਹਨ, ਸਗੋਂ ਦੇਸ਼ ਦਾ ਅਪਮਾਨ ਹੈ। ਪ੍ਰਧਾਨ ਮੰਤਰੀ 28 ਅਗਸਤ ਦੀ ਉਸ ਘਟਨਾ ਦਾ ਵਰਨਣ ਕਰ ਰਹੇ ਸਨ, ਜਦੋਂ ਰੈਲੀ ਦੀ ਸਮਾਪਤੀ ਦੇ ਬਾਅਦ ਇੱਕ ਪਿੱਕਅੱਪ ਵੈਨ ਡਰਾਈਵਰ ਨੇ ਮੰਚ ’ਤੇ ਚੜ੍ਹ ਕੇ ਪ੍ਰਧਾਨ ਮੰਤਰੀ ਦੀ ਮਾਂ ਬਾਰੇ ਗਲਤ ਸ਼ਬਦਾਵਲੀ ਵਰਤੀ। ਪੁਲਸ ਨੇ ਉਸ ਡਰਾਈਵਰ ਨੂੰ ਛੇਤੀ ਗਿ੍ਰਫਤਾਰ ਵੀ ਕਰ ਲਿਆ ਸੀ।
ਅਫਸੋਸ ਦੀ ਗੱਲ ਹੈ ਕਿ ਭਾਰਤ ਵਿੱਚ ਝਗੜੇ ਜਾਂ ਪੁਲਸ ਦੀ ਪੁੱਛਗਿੱਛ ਦੀ ਸ਼ੁਰੂਆਤ ਅਕਸਰ ਮਾਂ-ਭੈਣ ਦੀ ਗਾਲ਼ ਨਾਲ ਹੀ ਹੁੰਦੀ ਹੈ। ਅਜਿਹੇ ਵਿੱਚ ਇਕ ਲਫੰਡਰ ਡਰਾਈਵਰ ਵੱਲੋਂ ਗਾਲ਼ ਕੱਢਣ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਇਸ ਕਦਰ ਪ੍ਰਮੁਖਤਾ ਦੇਣਾ ਉਨ੍ਹਾ ਦੀ ਕਮਜ਼ੋਰੀ ਨੂੰ ਹੀ ਦਰਸਾਉਦਾ ਹੈ। 28 ਅਗਸਤ ਨੂੰ ਹੀ ਪਟਨਾ ਦੇ ਮਨੇਰ ਥਾਣੇ ਦੇ ਇਲਾਕੇ ਵਿੱਚ ਇੱਕ ਨਾਬਾਲਗਾ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ। 27 ਅਗਸਤ ਨੂੰ ਗਰਦਨੀਬਾਗ ਦੇ ਅਮਲਾਟੋਲਾ ਦੇ ਕੰਨਿਆ ਸਕੂਲ ਵਿੱਚ ਪੰਜਵੀਂ ਦੀ ਵਿਦਿਆਰਥਣ ਟਾਇਲਟ ’ਚ ਸੜੀ ਮਿਲੀ। ਇਹ ਬੱਚੀਆਂ ਵੀ ਕਿਸੇ ਦੀਆਂ ਧੀਆਂ ਤੇ ਭੈਣਾਂ ਸਨ, ਪਰ ਪ੍ਰਧਾਨ ਮੰਤਰੀ ਨੇ ਇਨ੍ਹਾਂ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਦੋ ਸਤੰਬਰ ਨੂੰ ਪ੍ਰਧਾਨ ਮੰਤਰੀ ਜਦੋਂ ਜਜ਼ਬਾਤੀ ਹੋ ਕੇ ਆਪਣੀ ਗੱਲ ਰੱਖ ਰਹੇ ਸਨ, ਤਦ ਸੂਬਾ ਭਾਜਪਾ ਪ੍ਰਧਾਨ ਤੇ ਉੱਥੇ ਮੌਜੂਦ ਮਹਿਲਾ ਆਗੂਆਂ ਦੀਆਂ ਅੱਖਾਂ ਵਿੱਚ ਹੰਝੂ ਦਿਖਾਈ ਦੇ ਰਹੇ ਸਨ, ਪਰ ਉਨ੍ਹਾਂ ਨੂੰ ਮੁਜ਼ੱਫਰਨਗਰ ਦੀ ਵਿਭਾ ਕੁਮਾਰੀ ਦੀ ਹਾਲ-ਦੁਹਾਈ ਨਹੀਂ ਸੁਣੀ, ਜਿਸ ਦੀ ਚਾਰ ਸਾਲ ਦੀ ਬੱਚੀ ਦੀ ਲਾਸ਼ ਦੋ ਸਤੰਬਰ ਨੂੰ ਖੇਤ ਵਿੱਚੋਂ ਮਿਲੀ।
13 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਨੇ ਹੈਦਰਾਬਾਦ ਵਿੱਚ ਕਿਹਾ ਸੀ, ‘ਲੋਕ ਮੈਥੋਂ ਪੁੱਛਦੇ ਹਨ ਕਿ ਥੱਕਦੇ ਨਹੀਂ ਹੋ? ਹੁਣ ਕੱਲ੍ਹ ਮੈਂ ਸਵੇਰੇ ਦਿੱਲੀ ਵਿੱਚ ਸੀ, ਫਿਰ ਕਰਨਾਟਕ, ਫਿਰ ਤਾਮਿਲਨਾਡੂ, ਫਿਰ ਰਾਤ ਨੂੰ ਆਂਧਰਾ ਵਿੱਚ, ਹੁਣ ਤਿਲੰਗਾਨਾ ’ਚ। ਮੈਂ ਉਨ੍ਹਾਂ ਨੂੰ ਕਿਹਾ ਕਿ ਰੋਜ਼ ਮੈਂ ਢਾਈ-ਤਿੰਨ ਕਿੱਲੋ ਗਾਲ਼ਾਂ ਖਾਂਦਾ ਹਾਂ ਤੇ ਪਰਮਾਤਮਾ ਨੇ ਅਜਿਹੀ ਰਚਨਾ ਕੀਤੀ ਹੈ ਕਿ ਇਹ ਸਾਰੀਆਂ ਗਾਲ਼ਾਂ ਮੇਰੇ ਅੰਦਰ ਨਿਊਟ੍ਰੀਸ਼ਨ ਵਿੱਚ ਬਦਲ ਜਾਂਦੀਆਂ ਹਨ।’ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਭਾਜਪਾ ਕਾਰਕੁਨ ਉਨ੍ਹਾ ਨੂੰ ਕੱਢੀਆਂ ਜਾਂਦੀਆਂ ਗਾਲ਼ਾਂ ਤੋਂ ਦੁਖੀ ਜਾਂ ਨਾਰਾਜ਼ ਨਾ ਹੋਣ, ਬੱਸ ਇਸ ਉਮੀਦ ਨਾਲ ਸੌਂ ਜਾਣ ਕਿ ਅਗਲੇ ਦਿਨ ਕਮਲ ਖਿੜੇਗਾ, ਪਰ ਇਸ ਵਾਰ ਪ੍ਰਧਾਨ ਮੰਤਰੀ ਨੇ ਆਪਣੇ ਕਾਰਕੁਨਾਂ ਨੂੰ ਇਹ ਸਲਾਹ ਕਿਉ ਨਹੀਂ ਦਿੱਤੀ? ਸੱਤਾ ਤੇ ਕੁਰਸੀ ਲਈ ਮਾਂ ਦੀ ਗਾਲ਼ ਨੂੰ ਚੋਣ ਹਥਿਆਰ ਕਿਉ ਬਣਾਇਆ? ਪ੍ਰਧਾਨ ਮੰਤਰੀ ਨੇ ਸਰਕਾਰੀ ਯੋਜਨਾ ਦੇ ਮੰਚ ਤੋਂ ਸੱਤਾ ਤੇ ਕੁਰਸੀ ਦੀ ਗੱਲ ਛੇੜ ਕੇ ਸਾਫ ਕਰ ਦਿੱਤਾ ਕਿ ਅਸਲੀ ਮਕਸਦ ਇਸੇ ਸਾਲ ਹੋਣ ਵਾਲੀਆਂ ਬਿਹਾਰ ਅਸੈਂਬਲੀ ਚੋਣਾਂ ਹਨ। ਪ੍ਰਧਾਨ ਮੰਤਰੀ ਨੂੰ ਮਾਂ ਦੀ ਗਾਲ਼ ਤੋਂ ‘ਦੁਖੀ’ ਭਾਜਪਾ ਵਾਲਿਆਂ ਨੇ ਚਾਰ ਸਤੰਬਰ ਨੂੰ ਬਿਹਾਰ ਬੰਦ ਕੀਤਾ ਤੇ ਉਸ ਦੌਰਾਨ ਮਹਿਲਾਵਾਂ ਨਾਲ ਜਿਹੜੀ ਬਦਸਲੂਕੀ ਹੋਈ, ਉਹ ਮਾਵਾਂ ਦੇ ਸਨਮਾਨ ਨਾਲੋਂ ਅਪਮਾਨ ਵੱਧ ਸੀ। ਇੱਕ ਮਹਿਲਾ ਟੀਚਰ ਨਾਲ ਬਦਸਲੂਕੀ ਕੀਤੀ ਤੇ ਇੱਕ ਪੱਤਰਕਾਰ ਨੂੰ ਮਾਂ ਦੀ ਗਾਲ਼ ਕੱਢੀ। ਗਰਭਵਤੀ ਮਹਿਲਾਵਾਂ ਦੀਆਂ ਐਂਬੂਲੈਂਸਾਂ ਨੂੰ ਰੋਕਿਆ ਗਿਆ।
ਸਿਆਸਤ ਵਿੱਚ ਨਿੱਜੀ ਭਾਵਨਾਵਾਂ ਦਾ ਇਸਤੇਮਾਲ ਤਦੇ ਜਾਇਜ਼ ਹੁੰਦਾ ਹੈ, ਜਦ ਉਹ ਸਰਵਜਨਕ ਹਿੱਤ ਵਿੱਚ ਹੋਵੇ। ਜਦੋਂ ਇਹ ਸੱਤਾ ਨੂੰ ਮਜ਼ਬੂਤ ਕਰਨ ਦਾ ਹਥਿਆਰ ਬਣ ਜਾਵੇ ਤਾਂ ਉਹ ਨੈਤਿਕ ਪਤਨ ਹੈ। ਪ੍ਰਧਾਨ ਮੰਤਰੀ ਨਿੱਜੀ ਸੱਟਾਂ ਨੂੰ ਜਿਵੇਂ ਕੌਮੀ ਬਿਆਨੀਏ ਵਿੱਚ ਬਦਲ ਰਹੇ ਹਨ, ਉਹ ਵਧ ਰਹੀ ਬੇਰੁਜ਼ਗਾਰੀ, ਵਧ ਰਹੇ ਅਪਰਾਧਾਂ ਅਤੇ ਸਿੱਖਿਆ ਤੇ ਸਿਹਤ ਖੇਤਰਾਂ ਦੀ ਮਾੜੀ ਹਾਲਤ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਹੀ ਕੋਸ਼ਿਸ਼ ਹੈ।



