ਨਵੀਂ ਦਿੱਲੀ : ਸਾਬਕਾ ਪਤੀ ਤੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀ 30,000 ਕਰੋੜ ਰੁਪਏ ਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਲਈ �ਿਸ਼ਮਾ ਕਪੂਰ ਦੇ ਦੋ ਬੱਚਿਆਂ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਮਤਰੇਈ ਮਾਂ ਪਿ੍ਰਆ ਕਪੂਰ (ਸੰਜੇ ਕਪੂਰ ਦੀ ਤੀਜੀ ਪਤਨੀ) ਨੇ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਪੂਰਾ ਕਬਜ਼ਾ ਕਰਨ ਦੀ ਮਨਸ਼ਾ ਨਾਲ ਵਸੀਅਤ (ਸੰਜੇ ਕਪੂਰ ਦੀ) ’ਚ ਜਾਲ੍ਹਸਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਜੇ ਕਪੂਰ ਦੀ 12 ਜੂਨ ਨੂੰ ਵਿੰਡਸਰ (ਯੂ ਕੇ) ਵਿੱਚ ਮੌਤ ਹੋ ਗਈ ਸੀ। ਕਿ੍ਰਸ਼ਮਾ ਕਪੂਰ ਦਾ ਸੰਜੇ ਕਪੂਰ ਨਾਲ 2003 ਵਿੱਚ ਵਿਆਹ ਹੋਇਆ ਸੀ ਤੇ 2016 ’ਚ ਤਲਾਕ ਹੋ ਗਿਆ ਸੀ।
ਐਸ਼ਵਰਿਆ ਦਾ ਦਰਦ
ਨਵੀਂ ਦਿੱਲੀ : ਅਦਾਕਾਰਾ ਐਸ਼ਵਰਿਆ ਰਾਏ ਬਚਨ ਨੇ ਮੰਗਲਵਾਰ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਉਨ੍ਹਾ ਦੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰੇ। ਸੀਨੀਅਰ ਵਕੀਲ ਸੰਦੀਪ ਸੇਠੀ ਨੇ ਕੋਰਟ ਨੂੰ ਦੱਸਿਆ ਕਿ ਇੰਟਰਨੈੱਟ ’ਤੇ ਐਸ਼ਵਰਿਆ ਦੀਆਂ ਨਕਲੀ ਨਿੱਜੀ ਤਸਵੀਰਾਂ ਘੁੰਮ ਰਹੀਆਂ ਹਨ। ਸੇਠੀ ਨੇ ਰਾਏ ਵੱਲੋਂ ਦਲੀਲ ਦਿੱਤੀ, ‘ਮੇਰੀਆਂ ਤਸਵੀਰਾਂ, ਮੇਰੇ ਜਿਹੇ ਹੋਣ ਜਾਂ ਮੇਰੇ ਵਿਅਕਤੀਤਵ ਦੀ ਵਰਤੋਂ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਇੱਕ ਵਿਅਕਤੀ ਸਿਰਫ ਮੇਰਾ ਨਾਂਅ ਅਤੇ ਚਿਹਰਾ ਲਗਾ ਕੇ ਪੈਸੇ ਕਮਾ ਰਿਹਾ ਹੈ।’
ਖਬਰਦਾਰ!
ਬੇਂਗਲੁਰੂ : ਇੱਥੇ ਕਾਰ ਦੀ ਸਨਰੂਫ ਤੋਂ ਬਾਹਰ ਸਿਰ ਕੱਢਣ ਵਾਲੇ ਛੇ ਸਾਲਾ ਮੁੰਡੇ ਦਾ ਸਿਰ ਪੋਲ ਬੈਰੀਅਰ ਵਿੱਚ ਵੱਜਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਕਾਰ ਮੁੰਡੇ ਦੀ ਮਾਂ ਚਲਾ ਰਹੀ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਇੱਕ ਯੂਜ਼ਰ ਨੇ ਕਿਹਾ ਕਿ ਕਿ੍ਰਪਾ ਕਰਕੇ ਬੱਚਿਆਂ ਨੂੰ ਸਨਰੂਫ ਤੋਂ ਸਿਰ ਬਾਹਰ ਕੱਢਣ ਦੇਣ ਦੀ ਮੂਰਖਤਾ ਬੰਦ ਕਰੋ। ਇੱਕ ਹੋਰ ਨੇ ਲਿਖਿਆ ਹੈ ਕਿ ਸੂਰਜ ਨੂੰ ਅੰਦਰ ਆਉਣ ਦਿਓ, ਬੱਚੇ ਨੂੰ ਸਿਰ ਬਾਹਰ ਨਾ ਕੱਢਣ ਦਿਓ।


