ਪਠਾਨਕੋਟ (ਦਵਿੰਦਰ ਸਿੰਘ)-ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਨ ਸਭਾ ਹਲਕਾ ਭੋਆ ਦੇ ਹੜ੍ਹ ਪ੍ਰਭਾਵਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ 12 ਹੜ੍ਹ ਪੀੜਤ ਪਰਵਾਰਾਂ, ਜਿਨ੍ਹਾਂ ਦੇ ਮਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਨੂੰ 51-51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ। ਉਹ ਪਿੰਡ ਬਕਨੋਰ, ਪਿੰਡ ਪੰਮਾ, ਅੰਬੀ ਖੜਖੜ੍ਹਾ, ਕੋਹਲੀਆਂ ਅੱਡਾ ਅਤੇ ਅਨਿਆਲ ਵਿੱਚ ਪਹੁੰਚ ਕਰਕੇ ਲੋਕਾਂ ਨਾਲ ਮਿਲੇ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਇਨ੍ਹਾਂ ਲੋਕਾਂ ਦੇ ਘਰਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਿਆ। ਇਸ ਮੌਕੇ ਡਾ. ਆਦਿੱਤੀ ਸਲਾਰੀਆ, ਡਾ. ਸੁਨੀਤਾ, ਡਾ. ਪਿ੍ਰਯੰਕਾ, ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਰਾਜਾ ਬਕਨੋਰ, ਭੁਪਿੰਦਰ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਵੀ ਸਨ।ਕਟਾਰੂ ਚੱਕ ਨੇ ਕਿਹਾ ਕਿ ਬਹੁਤ ਖੁਸੀ ਦੀ ਗੱਲ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇੱਕ ਐੱਨ ਜੀ ਓ ਦੇ ਮਾਧਿਅਮ ਨਾਲ ਹੜ੍ਹ ਪੀੜਤ 12 ਪਰਵਾਰਾਂ ਨੂੰ ਪ੍ਰਤੀ ਪਰਵਾਰ 51000 ਰੁਪਏ ਦੀ ਆਰਥਕ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਐੱਨ ਜੀ ਓ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਹਿਯੋਗ ਕਰਕੇ ਇਹ ਰਾਸ਼ੀ ਇਕੱਠੀ ਕੀਤੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਦਾਨੀ ਸੱਜਣ, ਜਿਨ੍ਹਾਂ ਵਿੱਚ ਡਾਕਟਰ ਅਤੇ ਐੱਨ ਆਰ ਆਈ ਪਰਵਾਰ ਵੀ ਹਨ, ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ, ਪਰ ਉਹ ਕਹਿੰਦੇ ਹਨ ਇਹ ਆਰਥਕ ਸਹਾਇਤਾ ਅਸਲੀ ਹੱਕਦਾਰ ਤੱਕ ਪਹੁੰਚਣੀ ਚਾਹੀਦੀ ਹੈ। ਉਨ੍ਹਾ ਭਰੋਸਾ ਦਿੱਤਾ ਕਿ ਹਰ ਤਰ੍ਹਾਂ ਦੀ ਸਹਾਇਤਾ ਉਸ ਹੱਕਦਾਰ ਤੱਕ ਪਹੁੰਚੇਗੀ, ਜੋ ਇਸ ਸਹਾਇਤਾ ਦੇ ਯੋਗ ਹੈ।





