ਇਜ਼ਰਾਈਲੀ ਵਜ਼ੀਰ ਦੀ ਭਾਰਤ ਫੇਰੀ ਦਾ ਪੰਜਾਬ ਭਰ ’ਚ ਤਿੱਖਾ ਵਿਰੋਧ

0
89

ਜਲੰਧਰ : ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਇਜ਼ਰਾਈਲ ਦੇ ਵਿੱਤ ਮੰਤਰੀ ਬੇਜਾ ਲੇਲ ਸਮੋਟਰਿਚ ਦੇ ਤਿੰਨ ਰੋਜ਼ਾ ਭਾਰਤ ਦੌਰੇ ਮੌਕੇ ਤਿੱਖਾ ਵਿਰੋਧ ਕਰਦਿਆਂ ਜ਼ਿਲ੍ਹਾ ਕੇਂਦਰਾਂ ਉਪਰ ਵਿਰੋਧ ਪ੍ਰਦਰਸ਼ਨ ਕੀਤੇ ਗਏ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲੀ ਮੰਤਰੀ ਭਾਰਤ ’ਚੋਂ ਵਾਪਸ ਜਾਓ ਦੇ ਜ਼ੋਰਦਾਰ ਨਾਅਰੇ ਲਗਾਏ। ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਅੰਮਿ੍ਰਤਸਰ, ਬਠਿੰਡਾ, ਮਾਨਸਾ, ਤਰਨ ਤਾਰਨ, ਖੇਮਕਰਨ, ਮੋਗਾ ਸਮੇਤ ਪੰਜਾਬ ਭਰ ’ਚ ਜ਼ਿਲ੍ਹਾ ਕੇਂਦਰਾਂ ਉਤੇ ਇਹ ਵਿਰੋਧ ਪ੍ਰਦਰਸ਼ਨ ਜਥੇਬੰਦ ਕੀਤੇ ਗਏ।ਇਸ ਮੌਕੇ ਫਰੰਟ ’ਚ ਸ਼ਾਮਲ ਪਾਰਟੀਆਂ/ਜੱਥੇਬੰਦੀਆਂ ਦੇ ਆਗੂਆਂ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰਾ, ਅਜਮੇਰ ਸਿੰਘ, ਕੰਵਲਜੀਤ ਖੰਨਾ ਅਤੇ ਕਿਰਨਜੀਤ ਸੇਖੋਂ ਨੇ ਕਿਹਾ ਕਿ ਇਜ਼ਰਾਇਲ ਨੇ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਦੀ ਘੋਰ ਉਲੰਘਣਾ ਕਰਕੇ ਫਲਸਤੀਨ ਦੀ ਹੋਂਦ ਮਿਟਾਉਣ ਲਈ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਬਾਹਰੋਂ ਜਾਣ ਵਾਲੀ ਮਾਨਵੀ ਸਹਾਇਤਾ, ਖੁਰਾਕੀ ਵਸਤਾਂ, ਦਵਾਈਆਂ ਅਤੇ ਪੀਣ ਵਾਲੇ ਪਾਣੀ ਉਤੇ ਵੀ ਰੋਕਾਂ ਲਾਈਆਂ ਹੋਈਆਂ ਹਨ।ਇੱਥੋਂ ਤੱਕ ਕਿ ਹਸਪਤਾਲਾਂ ਉਪਰ ਵੀ ਬੰਬਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਕੌਮਾਂਤਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਲੰਘੇ ਕੱਲ੍ਹ ਕਤਰ ਦੀ ਰਾਜਧਾਨੀ ਦੋਹਾ ਵਿਖੇ ਜੰਗਬੰਦੀ ਵਾਰਤਾ ਲਈ ਗਏ ਹਮਾਸ ਦੇ ਆਗੂਆਂ ਨੂੰ ਇਜ਼ਰਾਈਲੀ ਹਾਕਮਾਂ ਵੱਲੋਂ ਸ਼ਰੇਆਮ ਹਮਲੇ ਵਿੱਚ ਕਤਲ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਇਜ਼ਰਾਈਲੀ ਹਾਕਮਾਂ ਦੇ ਮਨੁੱਖਤਾ ਵਿਰੋਧੀ ਇਰਾਦਿਆਂ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਾਮਰਾਜ ਦੇ ਇਸ਼ਾਰੇ ਉਤੇ ਇਜ਼ਰਾਈਲੀ ਹਾਕਮਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਬੱਚੇ, ਔਰਤਾਂ ਤੇ ਬਜ਼ੁਰਗ ਅਤੇ ਉਸ ਦੀ ਹਕੀਕਤ ਪੇਸ਼ ਕਰਨ ਵਾਲੇ ਪੱਤਰਕਾਰ ਨਿਸ਼ਾਨਾ ਬਣੇ ਹੋਏ ਹਨ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਵੀ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਹੋਇਆ ਹੈ।ਇਜ਼ਰਾਈਲ ਦੇ ਇਹਨਾਂ ਘਿਨਾਉਣੇ ਕਾਰਨਾਮਿਆਂ ਖਿਲਾਫ਼ ਦੁਨੀਆ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ। ਇਜ਼ਰਾਈਲ ਦੇ ਅੰਦਰ ਵੀ ਜੰਗ ਬੰਦ ਕਰਨ ਲਈ ਲੋਕ ਸੜਕਾਂ ’ਤੇ ਉਤਰੇ ਹਨ।
ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ ਚੋਣਾਂ ’ਚ ਲੋਕਾਂ ਦਾ ਸਾਹਮਣਾ ਕਰਨੋਂ ਬਚਣ ਅਤੇ ਆਪਣੀ ਕੁਰੱਪਸ਼ਨ ਨੂੰ ਢਕਣ ਲਈ ਜੰਗ ਜਾਰੀ ਰੱਖਣ ਲਈ ਅੜਿਆ ਹੋਇਆ ਹੈ।ਅਜਿਹੀ ਸਥਿਤੀ ’ਚ ਇਜ਼ਰਾਈਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਅਤੇ ਦੁਵੱਲੇ ਵਪਾਰਕ ਸੰਬੰਧ ਨੂੰ ਮਜ਼ਬੂਤ ਕਰਨ ਦੀਆਂ ਵਾਰਤਾਵਾਂ ਉਹਨਾਂ ਦੇ ਅਪਰਾਧਿਕ ਮਨਸੂਬਿਆਂ ਦੇ ਪੱਖ ਵਿੱਚ ਖੜ੍ਹਨਾ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਵੀ ਯੂ ਐੱਨ ਓ ਵਿੱਚ ਜੰਗਬੰਦੀ ਲਈ ਪੇਸ਼ ਮਤਿਆਂ ਸਮੇਂ ਗੈਰ-ਹਾਜ਼ਰ ਰਹਿਣਾ ਨਿੰਦਣਯੋਗ ਸੀ, ਪਰ ਹੁਣ ਦੁਵੱਲੀਆਂ ਮੀਟਿੰਗਾਂ ਰਾਹੀਂ ਇਜ਼ਰਾਇਲ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਫਲਸਤੀਨੀ ਲੋਕਾਂ ਦੇ ਵਿਰੋਧ ’ਚ ਭੁਗਤਣਾ ਹੈ।
ਉਨ੍ਹਾਂ ਕਿਹਾ ਕਿ ਇਜ਼ਰਾਈਲ ਫਲਸਤੀਨ ਦੇ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ’ਚੋਂ ਆਪਣੀਆਂ ਫੌਜਾਂ ਨੂੰ ਤੁਰੰਤ ਬਾਹਰ ਕੱਢੇ ਤੇ ਜੰਗ ਬੰਦ ਕਰੇ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੇਤਨਯਾਹੂ ਨੂੰ ਜੰਗੀ ਅਪਰਾਧਾਂ ਲਈ ਸਜ਼ਾ ਦਿੱਤੀ ਜਾਵੇ।ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਬੀ ਐੱਮ ਸੀ ਚੌਕ ਤੱਕ ਮੁਜ਼ਾਹਰਾ ਕਰਕੇ ਇਜ਼ਰਾਇਲੀ ਵਿੱਤ ਮੰਤਰੀ ਦੇ ਭਾਰਤ ਦੌਰੇ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਉਸ ਨੂੰ ਤੁਰੰਤ ਭਾਰਤ ’ਚੋਂ ਵਾਪਸ ਜਾਣ ਲਈ ਕਿਹਾ ਗਿਆ।ਇਸ ਮੌਕੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ’ਚ ਸ਼ਾਮਲ ਪਾਰਟੀ ਆਰ ਅੱੈਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵੱਲੋਂ ਕਸ਼ਮੀਰ ਸਿੰਘ ਘੁਗਸ਼ੋਰ ਤੇ ਹੰਸ ਰਾਜ ਪੱਬਵਾਂ ਨੇ ਸੰਬੋਧਨ ਕੀਤਾ।ਇਸ ਮੌਕੇ ਪਰਗਟ ਸਿੰਘ ਜਾਮਾਰਾਏ, ਪ੍ਰੋ. ਜੈਪਾਲ ਸਿੰਘ, ਮਹੀਪਾਲ, ਡਾ. ਸਤਨਾਮ ਸਿੰਘ ਅਜਨਾਲਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਤੇ ਰਣਜੀਤ ਸਿੰਘ ਔਲਖ ਵੀ ਮੌਜੂਦ ਸਨ।