ਕਾਠਮੰਡੂ : ਨੇਪਾਲੀ ਫੌਜ ਨੇ ਦੇਸ਼ ਵਿਆਪੀ ਪਾਬੰਦੀਆਂ ਲਾਗੂ ਕੀਤੀਆਂ ਹਨ ਅਤੇ ਹਿੰਸਾ ’ਤੇ ਉਤਾਰੂ ਪ੍ਰਦਰਸ਼ਨਕਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ। ਫੌਜ ਨੇ ਅਗਲੇ ਦਿਨ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਹੈ, ਤਾਂ ਜੋ ਪ੍ਰਦਰਸ਼ਨ ਦੇ ਨਾਂਅ ’ਤੇ ਹੋਣ ਵਾਲੀ ਕਿਸੇ ਵੀ ਸੰਭਾਵਤ ਹਿੰਸਾ ਨੂੰ ਰੋਕਿਆ ਜਾ ਸਕੇ। ਪ੍ਰਦਰਸ਼ਨਕਾਰੀ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ (73) ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਦਬਾਅ ਪਾ ਰਹੇ ਹਨ। ਹੁਣ ਤੱਕ ਹਿੰਸਾ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 600 ਤੋਂ ਵੱਧ ਜ਼ਖ਼ਮੀ ਹੋਏ ਹਨ।
ਇੱਕ ਬਿਆਨ ਵਿੱਚ ਫੌਜ ਨੇ ਚੇਤਾਵਨੀ ਦਿੱਤੀ ਕਿ ਇਸ ਸਮੇਂ ਦੌਰਾਨ ਵਿਅਕਤੀਆਂ ਅਤੇ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਭੰਨਤੋੜ, ਅਗਜ਼ਨੀ ਜਾਂ ਹਮਲਿਆਂ ਨੂੰ ਅਪਰਾਧਿਕ ਗਤੀਵਿਧੀ ਮੰਨਿਆ ਜਾਵੇਗਾ ਅਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਫੌਜ ਨੇ ਕਿਹਾ ਕਿ ਇਹ ਉਪਾਅ ਅੰਦੋਲਨ ਦੇ ਨਾਂਅ ’ਤੇ ਲੁੱਟ-ਖਸੁੱਟ, ਅਗਜ਼ਨੀ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਦੀਆਂ ਸੰਭਾਵਤ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘ਬਲਾਤਕਾਰ ਅਤੇ ਹਿੰਸਕ ਹਮਲਿਆਂ ਦੇ ਵੀ ਸੰਭਾਵਿਤ ਖਤਰੇ ਹਨ। ਦੇਸ਼ ਦੀ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਬੰਦੀਆਂ ਅਤੇ ਕਰਫਿਊ ਲਾਗੂ ਕੀਤੇ ਗਏ ਹਨ।’ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਐਂਬੂਲੈਂਸ, ਫਾਇਰ ਇੰਜਣ, ਸਿਹਤ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਸਮੇਤ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵਾਹਨਾਂ ਅਤੇ ਕਰਮਚਾਰੀਆਂ ਨੂੰ ਪਾਬੰਦੀਆਂ ਅਤੇ ਕਰਫਿਊ ਦੌਰਾਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਮੰਗਲਵਾਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ, ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਉਨ੍ਹਾ ਦੇ ਦਫ਼ਤਰ ਵਿੱਚ ਦਾਖਲ ਹੋਏ ਸਨ। ਸੋਸ਼ਲ ਮੀਡੀਆ ’ਤੇ ਪਾਬੰਦੀ ਸੋਮਵਾਰ ਰਾਤ ਨੂੰ ਹਟਾ ਦਿੱਤੀ ਗਈ ਸੀ। ਹਾਲਾਂ ਕਿ ਉਨ੍ਹਾ ਦੇ ਅਸਤੀਫੇ ਤੋਂ ਬਾਅਦ ਵੀ ਅੰਦੋਲਨ ਜਾਰੀ ਰਿਹਾ। ਨੇਪਾਲ ਵਿਚ ਵਿਰੋਧ ਦੀ ਅੱਗ ਦਾ ਸੇਕ ਭਾਰਤ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਦੇਖਿਆ ਜਾ ਰਿਹਾ ਹੈ। ਚਾਰੇ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਰਹੱਦ ਉਤੇ ਤਾਇਨਾਤ ਸੁਰੱਖਿਆ ਬਲ ਅਲਰਟ ਹਨ। ਇਸ ਦੌਰਾਨ ਨੇਪਾਲ ਦੀ ਕਪਿਲਵਸਤੂ ਜ਼ਿਲ੍ਹਾ ਜੇਲ੍ਹ ਤੋਂ 459 ਕੈਦੀ ਫਰਾਰ ਹੋ ਗਏ ਹਨ। ਬੁੱਧਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਕਪਿਲਵਸਤੂ ਜੇਲ੍ਹ ਉਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਾਰੇ ਕੈਦੀ ਫਰਾਰ ਹੋ ਗਏ। ਕੈਦੀਆਂ ਦੇ ਭੱਜਣ ਤੋਂ ਬਾਅਦ ਭਾਰਤ ਵਿੱਚ ਘੁਸਪੈਠ ਦੀ ਸੰਭਾਵਨਾ ਤੋਂ ਬਾਅਦ ਸੁਰੱਖਿਆ ਫੋਰਸਾਂ ਅਲਰਟ ਹੋ ਗਈਆਂ ਹਨ। ਸਰਹੱਦ ਉਤੇ ਸ਼ੱਕੀਆਂ ਦੀ ਜਾਂਚ ਚੱਲ ਰਹੀ ਹੈ। ਨੇਪਾਲ ਵਿੱਚ ਫਸੇ ਭਾਰਤੀਆਂ ਅਤੇ ਭਾਰਤ ਵਿੱਚ ਫਸੇ ਨੇਪਾਲੀ ਨਾਗਰਿਕਾਂ ਨੂੰ ਸਰਹੱਦ ਉਤੇ ਉਨ੍ਹਾਂ ਦੇ ਆਈ ਡੀ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਕਰਨ ਤੋਂ ਬਾਅਦ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਸ਼ਸਤਰ ਸੀਮਾ ਬਲ ਦੇ ਜਵਾਨਾਂ ਅਤੇ ਯੂ ਪੀ ਪੁਲਸ ਨੇ ਸਰਹੱਦ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਹਰ ਰੋਜ਼ 35 ਤੋਂ 40 ਹਜ਼ਾਰ ਲੋਕ ਇਥੇ ਚੈੱਕ ਪੋਸਟ ਰਾਹੀਂ ਯਾਤਰਾ ਕਰਦੇ ਸਨ, ਪਰ ਨੇਪਾਲ ਵਿੱਚ ਹਿੰਸਾ ਤੋਂ ਬਾਅਦ ਚੈੱਕ ਪੋਸਟ ਉਤੇ ਸੰਨਾਟਾ ਹੈ। ਸਰਹੱਦੀ ਚੈੱਕ ਪੋਸਟ ਉਤੇ ਨੇਪਾਲੀ ਨਾਗਰਿਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਰ ਉਨ੍ਹਾਂ ਨੂੰ ਨੇਪਾਲ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ।



