ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਰਸ਼ਨ ਗਰਗ)
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲੀਆ ਦੌਰੇ ਦੀ ਨਿੰਦਾ ਕੀਤੀ ਤੇ ਇਸ ਨੂੰ ਮਦਦ ਕਰਨ ਦੇ ਸੱਚੇ ਯਤਨ ਦੀ ਬਜਾਏ ਇੱਕ ਸਿਆਸੀ ਪ੍ਰਦਰਸ਼ਨ ਦਾ ਨਾਂਅ ਦਿੱਤਾ। ਚੀਮਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਸ ਦੇ ਲੋਕਾਂ ਪ੍ਰਤੀ ਆਪਣੀ ‘ਨਫ਼ਰਤ’ ਤੋਂ ਛੁਟਕਾਰਾ ਪਾਉਣ ਲਈ ‘ਚਿੰਤਨ ਸ਼ਿਵਰ’ (ਆਤਮ-ਨਿਰੀਖਣ ਜਾਂ ਚਿੰਤਨ ਲਈ ਸਮਾਂ ਬਿਤਾਉਣ) ਵਿੱਚ ਸ਼ਾਮਲ ਹੋਣ।
ਇੱਥੇ ਪੰਜਾਬ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਚੀਮਾ ਨੇ ਮੋਦੀ ਦੇ ਦੌਰੇ ਨੂੰ ਹਮਦਰਦੀ ਅਤੇ ਸਾਰਥਕਤਾ ਤੋਂ ਰਹਿਤ ਇੱਕ ਨਾਟਕੀ ਯਤਨ ਕਿਹਾ। ਉਨ੍ਹਾ ਪ੍ਰਧਾਨ ਮੰਤਰੀ ਮੋਦੀ ਦੀ ਅਫਗਾਨਿਸਤਾਨ ਪ੍ਰਤੀ ਤੁਰੰਤ ਹਮਦਰਦੀ ਅਤੇ 30 ਦਿਨਾਂ ਦੀ ਚੁੱਪੀ ਤੋਂ ਬਾਅਦ ਵੀ ਪੰਜਾਬ ਲਈ ਦੇਰੀ ਨਾਲ ਐਲਾਨੀ ਗਈ 1600 ਕਰੋੜ ਰੁਪਏ ਦੀ ਨਿਗੁਣੀ ਸਹਾਇਤਾ ਵਿਚਕਾਰ ਸਪੱਸ਼ਟ ਅੰਤਰ ਵੱਲ ਇਸ਼ਾਰਾ ਕੀਤਾ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ, ਜਿਨ੍ਹਾਂ ਦੇਸ਼ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਨੂੰ ਯਾਦ ਕਰਨ ਲਈ ਪ੍ਰਧਾਨ ਮੰਤਰੀ ਨੂੰ 30 ਦਿਨ ਲੱਗੇ, ਜਦੋਂ ਕਿ ਅਫਗਾਨਿਸਤਾਨ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਹਮਦਰਦੀ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ।
ਚੀਮਾ ਨੇ ਪ੍ਰਧਾਨ ਮੰਤਰੀ ਵਿੱਚ ਹਮਦਰਦੀ ਦੀ ਘਾਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਦੁਖੀ ਪਰਵਾਰਾਂ, ਜਿਨ੍ਹਾਂ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ, ਕਿਸਾਨਾਂ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਅਤੇ ਮਜ਼ਦੂਰ ਜਿਨ੍ਹਾਂ ਦੇ ਘਰ ਵਹਿ ਗਏ, ਨਾਲ ਮੁਲਾਕਾਤ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ। ਉਨ੍ਹਾ ਅਫਸੋਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਮਾਵਾਂ ਦੇ ਹੰਝੂ ਨਹੀਂ ਪੂੰਝੇ, ਜਿਨ੍ਹਾਂ ਦੇ ਪੁੱਤਰ ਮਾਰੇ ਗਏ, ਉਨ੍ਹਾਂ ਭੈਣਾਂ ਦੇ ਹੱਥ ਨਹੀਂ ਫੜੇ, ਜਿਨ੍ਹਾਂ ਦੇ ਭਰਾ ਮਾਰੇ ਗਏ, ਉਨ੍ਹਾਂ ਪਤਨੀਆਂ ਦੇ ਨਾਲ ਨਹੀਂ ਖੜ੍ਹੇ, ਜਿਨ੍ਹਾਂ ਹੜ੍ਹ ਵਿੱਚ ਪਤੀ ਗਵਾਏ ਅਤੇ ਉਨ੍ਹਾਂ ਬੱਚਿਆਂ ਦਾ ਸਹਾਰਾ ਨਹੀਂ ਬਣੇ, ਜਿਨ੍ਹਾਂ ਦੇ ਮਾਪੇ ਚਲੇ ਗਏ ਅਤੇ ਉਹ ਸਿਰਫ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਪੰਜਾਬ ਆਏ ਸਨ।
ਵਿੱਤ ਮੰਤਰੀ ਨੇ ਉਸ ਘਟਨਾ ’ਤੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜੋ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕਰ ਰਹੇ ਸਨ, ਨੂੰ ਕਿਹਾ, ‘ਆਪਕੋ ਹਿੰਦੀ ਸਮਝ ਨਹੀਂ ਆਤੀ।’ ਵਿੱਤ ਮੰਤਰੀ ਨੇ ਇਸ ਟਿੱਪਣੀ ਨੂੰ ਪੰਜਾਬ, ਇਸ ਦੇ ਲੋਕਾਂ ਅਤੇ ਪੰਜਾਬੀ ਭਾਸ਼ਾ ਦਾ ਜਾਣਬੁੱਝ ਕੇ ਕੀਤਾ ਗਿਆ ਅਪਮਾਨ ਐਲਾਨਿਆ। ਕੈਬਨਿਟ ਮੰਤਰੀ ਮੁੰਡੀਆਂ ਦੀਆਂ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਪ੍ਰਦਰਸ਼ਿਤ ਕਰਦੇ ਹੋਏ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਤਸਵੀਰ ਸਪੱਸ਼ਟ ਤੌਰ ’ਤੇ ਮੰਤਰੀ ਮੁੰਡੀਆਂ ਦੀ ਮਦਦ ਲਈ ਨਿਮਰ ਅਪੀਲ ਅਤੇ ਪ੍ਰਧਾਨ ਮੰਤਰੀ ਦੇ ਹੰਕਾਰ ਨੂੰ ਦਰਸਾਉਦੀ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬੀ ਭਾਸ਼ਾ ਦਾ ਅਪਮਾਨ ਕਰਨਾ ਅਤੇ ਹੜ੍ਹ ਪੀੜਤਾਂ ਪ੍ਰਤੀ ਅੱਖਾਂ ਮੀਟਣਾ, ਪੰਜਾਬ ਪ੍ਰਤੀ ਉਨ੍ਹਾਂ ਦੀ ਨਫ਼ਰਤ ਨੂੰ ਦਰਸਾਉਦਾ ਹੈ।ਉਨ੍ਹਾ ਕਿਹਾ ਕਿ ਅਸੀਂ ਹਿੰਦੀ ਭਾਸ਼ਾ ਦਾ ਸਤਿਕਾਰ ਕਰਦੇ ਹਾਂ, ਜੋ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਸਕੂਲਾਂ ਵਿੱਚ ਸਿੱਖੀ ਹੈ, ਪਰ ਭਾਸ਼ਾਈ ਆਧਾਰ ’ਤੇ ਚੁਣੀ ਹੋਈ ਰਾਜ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਨੀਵਾਂ ਦਿਖਾਉਣਾ ਸਿਰਫ਼ ਹੰਕਾਰ ਨਹੀਂ, ਇਹ ਸੰਘੀ ਢਾਂਚੇ ਨਾਲ ਧਰੋਹ ਹੈ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਅਜੇ ਵੀ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਨਾਰਾਜ਼ਗੀ ਰੱਖਦੇ ਹਨ, ਜੋ ਪੰਜਾਬ ਦੇ ਕਿਸਾਨਾਂ ਦੇ ਲੰਮੇ ਵਿਰੋਧ ਤੋਂ ਬਾਅਦ ਵਾਪਸ ਲਏ ਗਏ ਸਨ। ਉਨ੍ਹਾ ਕਿਹਾ ਕਿ ਗਲਤੀ ਨਾਲ ਬਣਾਏ ਕਾਨੂੰਨਾਂ ਨੂੰ ਵਾਪਸ ਲੈਣਾ ਕੋਈ ਵੱਡੀ ਗੱਲ ਨਹੀਂ ਅਤੇ ਇਸ ਕਾਰਨ ਕਿਸੇ ਨੂੰ ਆਪਣੇ ਲੋਕਾਂ ਪ੍ਰਤੀ ਨਫ਼ਰਤ ਨਹੀਂ ਰੱਖਣੀ ਚਾਹੀਦੀ। ਉਨ੍ਹਾ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਦਿਲ ਅਤੇ ਦਿਮਾਗ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਨੂੰ ਦੂਰ ਕਰਨ ਲਈ 10 ਦਿਨ ਦਾ ਪਸ਼ਚਾਤਾਪ ਕਰਨ।ਚੀਮਾ ਨੇ ਅਸਲ ਹੜ੍ਹ ਪ੍ਰਭਾਵਤ ਨਾਗਰਿਕਾਂ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧੀਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਦੇ ਪ੍ਰਧਾਨ ਮੰਤਰੀ ਦੇ ਫੈਸਲੇ ਦੀ ਨਿੰਦਾ ਕੀਤੀ। ਉਨ੍ਹਾ ਭਾਜਪਾ ਆਗੂਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਮੀਟਿੰਗ ਦੌਰਾਨ ਹੜ੍ਹ ਪੀੜਤਾਂ ਵਜੋਂ ਦਰਸਾਇਆ ਗਿਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸਿਰਫ਼ ਆਪਣੇ ਪਾਰਟੀ ਵਰਕਰਾਂ ਨਾਲ ਹੀ ਮਿਲਣਾ ਚਾਹੁੰਦੇ ਸਨ ਤਾਂ ਉਹ ਪੰਜਾਬ ਆਉਣ ਅਤੇ ਇਸ ਨਾਟਕੀ ਸ਼ੋਅ ਨੂੰ ਪੇਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਚਾਹ ਪਾਰਟੀ ਲਈ ਦਿੱਲੀ ਬੁਲਾ ਸਕਦੇ ਸਨ।





