ਫਿਰੋਜ਼ਪੁਰ : ਪੰਜਾਬ ਇਸਤਰੀ ਸਭਾ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਸੂਬਾ ਸਕੱਤਰ ਨਰਿੰਦਰ ਸੋਹਲ ਤੇ ਜ਼ਿਲ੍ਹਾ ਸਕੱਤਰ ਨਸੀਬ ਕੌਰ ਦੀ ਅਗਵਾਈ ਵਿੱਚ ਜ਼ਿਲੇ ਦੇ ਹੜ ਪ੍ਰਭਾਵਤ ਪਿੰਡਾਂ ਫੱਤੇਵਾਲਾ ਤੇ ਆਲੇਆਲਾ ਵਿੱਚ ਪਾਣੀ ਉਤਰਨ ਤੋਂ ਬਾਅਦ ਹੜ੍ਹਾਂ ਨਾਲ ਪ੍ਰਭਾਵਤ ਹੋਏ ਘਰਾਂ ਦਾ ਜਾਇਜ਼ਾ ਲੈਣ ਪਹੁੰਚੀ। ਪੀੜਤਾਂ ਨੇ ਕਿਹਾ ਕਿ ਵੱਖ-ਵੱਖ ਸੰਸਥਾਵਾਂ ਨੇ ਰਾਸ਼ਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਹਰ ਤਰ੍ਹਾਂ ਦਾ ਲੰਗਰ ਤੇ ਸੁੱਕਾ ਰਾਸ਼ਨ ਹੁਣ ਤੱਕ ਵੀ ਵਾਧੂ ਮਿਲ ਰਿਹਾ ਹੈ, ਪਰ ਕਈ ਘਰਾਂ ਵਿੱਚ ਜ਼ਿਆਦਾ ਪਾਣੀ ਵੜ ਜਾਣ ਕਾਰਨ ਹਰ ਲੋੜੀਂਦੀ ਚੀਜ਼ ਖਰਾਬ ਹੋ ਗਈ ਹੈ, ਇਥੋਂ ਤੱਕ ਕਿ ਕੋਈ ਕੱਪੜਾ ਤੇ ਪੈਰੀਂ ਪਾਉਣ ਨੂੰ ਚੱਪਲਾਂ ਤੱਕ ਨਹੀਂ ਬਚੀਆਂ। ਬਹੁਤ ਕੁਝ ਰੁੜ੍ਹ ਗਿਆ ਜਾਂ ਗੰਦੇ ਪਾਣੀ ਨਾਲ ਖਰਾਬ ਹੋ ਗਿਆ। ਕਈ ਪਰਵਾਰਾਂ ਨੇ ਆਪਣੇ ਘਰਾਂ ਦੀ ਮਾੜੀ ਹਾਲਤ ਦਿਖਾਉਦਿਆਂ ਕਿਹਾ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਸਾਡੇ ਘਰਾਂ ਨੂੰ ਰਹਿਣ ਯੋਗ ਬਣਾ ਦਿੱਤਾ ਜਾਵੇ। ਆਗੂਆਂ ਵੇਖਿਆ ਕਿ ਸੱਚਮੁੱਚ ਘਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਨੀਹਾਂ ਵਿੱਚ ਪਾਣੀ ਪੈਣ ਕਾਰਨ ਕੰਧਾਂ ਤੇ ਫਰਸ਼ਾਂ ਬੈਠ ਗਈਆਂ ਹਨ। ਕਈ ਤਾਂ ਛੱਤਾਂ ਵੀ ਡਿੱਗਣ ਕਿਨਾਰੇ ਹਨ। ਪੰਜਾਬ ਇਸਤਰੀ ਸਭਾ ਦੀ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਮੰਗਾਂ ਸਰਕਾਰ ਤੱਕ ਜ਼ਰੂਰ ਪਹੁੰਚਾਈਆਂ ਜਾਣਗੀਆਂ, ਕਿਉਕਿ ਇਹ ਕੰਮ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜਾਇਜ਼ਾ ਲੈਣ ਤੋਂ ਬਾਅਦ ਟੀਮ ਵੱਲੋਂ ਲੋੜਵੰਦਾਂ ਨੂੰ ਲੋੜੀਂਦਾ ਸਮਾਨ ਦਿੱਤਾ ਗਿਆ, ਜਿਸ ’ਚ ਚਾਦਰਾਂ, ਕੰਬਲ, ਤੌਲੀਏ, ਚੱਪਲਾਂ, ਸੈਨਟਰੀ ਪੈਡ, ਅੰਡਰ ਗਾਰਮੈਂਟਸ, ਸਾਬਣ, ਪੇਸਟ, ਬਰੱਸ਼, ਓਡੋਮੋਸ ਅਤੇ ਪੁਰਾਣੇ ਚੰਗੀ ਹਾਲਤ ਵਾਲੇ ਸੂਟ ਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ।
ਪਾਣੀ ਦੇ ਖੜੇ ਰਹਿਣ ਕਾਰਨ ਤੇ ਫਸਲਾਂ ਦੇ ਖਰਾਬ ਹੋ ਜਾਣ ਕਾਰਨ ਹਰ ਪਾਸੇ ਬਦਬੂ ਫੈਲੀ ਹੋਈ ਹੈ। ਅਜਿਹੇ ਹਾਲਾਤ ਵਿੱਚ ਰਹਿਣਾ ਮਜਬੂਰੀ ਹੈ, ਕਿਉਕਿ ਘਰ ਛੱਡਣੇ ਸੌਖੇ ਨਹੀਂ, ਪਰ ਬਿਮਾਰੀਆਂ ਫੈਲਣ ਦਾ ਖਤਰਾ ਬਰਕਰਾਰ ਹੈ। ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਡਾਕਟਰੀ ਟੀਮਾਂ ਦਾ ਪਿੰਡਾਂ ਵਿੱਚ ਪਹੁੰਚਣਾ ਜ਼ਰੂਰੀ ਹੈ। ਇਸ ਮੌਕੇ ਦਰਸ਼ਨ ਜ਼ੀਰਵੀ, ਬੇਅੰਤ ਕੌਰ, ਸਿਮਰਨ, ਕੁਸਮ, ਸ਼ਵਿੰਦਰ ਕੌਰ ਅਤੇ ਬਲਵੀਰ ਕੌਰ ਵੀ ਨਾਲ ਸਨ। ਮਲਕੀਤ ਸਿੰਘ ਵੱਲੋਂ ਭੈਣਾਂ ਨੂੰ ਪਿੰਡਾਂ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਗਈ।





