21 ਨੂੰ ਮੁਹਾਲੀ ’ਚ ਵੱਡੀ ਰੈਲੀ, 22 ਤੋਂ 25 ਤੱਕ ਚੰਡੀਗੜ੍ਹ ’ਚ ਮਹਾਂ-ਸੰਮੇਲਨ
ਚੰਡੀਗੜ੍ਹ (ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਆਪਣੀ 25ਵੀਂ ਪਾਰਟੀ ਕਾਂਗਰਸ ਚੰਡੀਗੜ੍ਹ ਵਿੱਚ ਜੋਸ਼ੋ-ਖਰੋਸ਼ ਨਾਲ ਕਰ ਰਹੀ ਹੈ। ਹੜ੍ਹਾਂ ਮਾਰੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਦਿੱਕਤਾਂ ਅਤੇ ਔਕੜਾਂ ਦੇ ਬਾਵਜੂਦ ਇਸ ਕਨਵੈਨਸ਼ਨ ਦੀ ਤਿਆਰੀ ਦੇ ਜੋਸ਼ ਨੂੰ ਮੱਠਾ ਨਹੀਂ ਪੈਣ ਦਿੱਤਾ। ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਸਮਾਗਮ 21 ਸਤੰਬਰ ਦੀ ਸਵੇਰ ਮੁਹਾਲੀ ਵਿੱਚ ਇੱਕ ਵੱਡੀ ਰੈਲੀ ਨਾਲ ਸ਼ੁਰੂ ਹੋਵੇਗਾ। ਉਸੇ ਸ਼ਾਮ ਸਮਾਗਮ ਦਾ ਸਥਾਨ ਚੰਡੀਗੜ੍ਹ ਦੇ ਕਿਸਾਨ ਭਵਨ ਵੱਲ ਤਬਦੀਲ ਹੋਵੇਗਾ ਅਤੇ 25 ਸਤੰਬਰ ਤੱਕ ਜਾਰੀ ਰਹੇਗਾ। ਇਸ ਸਮਾਗਮ ਨੇ ਆਉਦੇ ਸਮੇਂ ਲਈ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਹੈ। ਇਸ ਇਤਿਹਾਸਕ ਸਮਾਗਮ ਦਾ ਉਦਘਾਟਨੀ ਸੈਸ਼ਨ 22 ਸਤੰਬਰ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿੱਚ ਹੋਵੇਗਾ। ਸਾਰੇ ਪ੍ਰੈੱਸ ਮੀਡੀਆ ਦੇ ਮੈਂਬਰਾਂ ਨੂੰ ਇੱਥੇ ਸਤਿਕਾਰ ਸਹਿਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਇਹ ਐਲਾਨ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਕਾਨਫਰੰਸ ਨੂੰ ਸੀ ਪੀ ਆਈ ਦੀ ਕੌਮੀ ਸਕੱਤਰ ਅਮਰਜੀਤ ਕੌਰ, ਰਿਸੈਪਸ਼ਨ ਕਮੇਟੀ ਦੇ ਜਨਰਲ ਸਕੱਤਰ ਤੇ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਅਤੇ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਡਾ. ਸਵਰਾਜਬੀਰ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾ ਨਾਲ ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਹੋਰ ਨੇਤਾ ਵੀ ਮੌਜੂਦ ਸਨ।ਉਹਨਾਂ ਦੱਸਿਆ ਕਿ 25ਵੀਂ ਪਾਰਟੀ ਕਾਂਗਰਸ ਦੇਸ਼ ਅਤੇ ਦੁਨੀਆ ਦੇ ਗੰਭੀਰ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰੇਗੀ।
25ਵੀਂ ਕਾਂਗਰਸ ਵਿਚ ਦੇਸ਼ ਤੇ ਦੁਨੀਆ ਦੇ ਜ਼ਰੂਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ। ਇਨ੍ਹਾਂ ਵਿਚ ਭਾਰਤ ਦੀ ਲੋਕਤੰਤਰਿਕ ਬੁਨਿਆਦ ਨੂੰ ਖਤਰੇ ਵਿਚ ਪਾਉਣ ਵਾਲੀ ਤਾਨਾਸ਼ਾਹੀ ਰਾਜਨੀਤੀ ਦਾ ਉਭਾਰ, ਬੇਰੁਜ਼ਗਾਰੀ ਤੇ ਕਿਸਾਨੀ ਸੰਕਟ ਦੀ ਗੰਭੀਰਤਾ, ਮਜ਼ਦੂਰ ਹੱਕਾਂ ਦਾ ਖ਼ਾਤਮਾ, ਸਿਹਤ ਤੇ ਸਿੱਖਿਆ ਦਾ ਕਾਰੋਬਾਰੀਕਰਨ ਵਰਗੇ ਮੁੱਦੇ ਸ਼ਾਮਲ ਹੋਣਗੇ। ਦੇਸ਼ ਭਰ ਤੋਂ ਆਏ 800 ਤੋਂ ਵੱਧ ਡੈਲੀਗੇਟਾਂ ਵੱਲੋਂ ਕੇਂਦਰ ਅਤੇ ਰਾਜਾਂ ਦੇ ਅਧਿਕਾਰਾਂ ਦੀ ਕਮਜ਼ੋਰੀ, ਸੰਵਿਧਾਨਕ ਸੰਸਥਾਵਾਂ ਦੀ ਘਾਟ, ਕਾਲੇ ਸਨਅਤੀ ਕਾਨੂੰਨ, ਨਵ-ਉਦਾਰਵਾਦੀ ਨੀਤੀਆਂ ਤੋਂ ਉਠਦੀਆਂ ਵਿਸ਼ਵ ਪੱਧਰੀ ਚੁਣੌਤੀਆਂ, ਹਮਲਾਵਰ ਜੰਗਾਂ, ਕੁਦਰਤੀ ਸਰੋਤਾਂ ਦੀ ਲੁੱਟ, ਗੁਆਂਢੀ ਦੇਸ਼ਾਂ ਨਾਲ ਅਮਨ ਦੀ ਲੋੜ, ਰਾਸ਼ਟਰੀ ਸੁਰੱਖਿਆ ਵਿਚ ਜ਼ਿੰਮੇਵਾਰੀ ਅਤੇ ਪੰਜਾਬ ਤੇ ਉੱਤਰੀ ਭਾਰਤ ਵਿਚ ਹਾਲੀਆ ਹੜ੍ਹਾਂ ਨਾਲ ਸਾਹਮਣੇ ਆਈ ਵਾਤਾਵਰਣੀ ਤਬਾਹੀ ਵਰਗੇ ਮੁੱਦਿਆਂ ਉੱਤੇ ਵੀ ਚਰਚਾ ਹੋਵੇਗੀ।
ਪਾਰਟੀ ਕਾਂਗਰਸ ਦੀ ਇੱਕ ਖ਼ਾਸ ਬੈਠਕ ਗਾਜ਼ਾ ਵਿਚ ਇਜ਼ਰਾਇਲੀ ਫ਼ੌਜ ਵੱਲੋਂ ਮਾਸੂਮ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਦੀ ਕੜੀ ਨਿੰਦਾ ਕਰਨ ਲਈ ਸਮਰਪਿਤ ਹੋਵੇਗੀ। ਇਸ ਬੈਠਕ ਵਿਚ ਕਿਊਬਾ ਦੇ ਲੋਕਾਂ ਨਾਲ ਇਕਜੁੱਟਤਾ ਵੀ ਜਤਾਈ ਜਾਵੇਗੀ। ਕਿਊਬਾ ਅਤੇ ਫ਼ਲਸਤੀਨ ਦੇ ਰਾਜਦੂਤਵਾਸਾਂ ਦੇ ਨੁਮਾਇੰਦੇ ਵੀ ਹਾਜ਼ਰ ਹੋਣਗੇ. ਇਸ ਤੋਂ ਇਲਾਵਾ ਸੀ ਪੀ ਆਈ (ਐੱਮ), ਆਰ ਐੱਸ ਪੀ, ਫਾਰਵਰਡ ਬਲਾਕ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵਰਗੀਆਂ ਭਰਾਤਰੀ ਕਮਿਊਨਿਸਟ ਅਤੇ ਖੱਬੀਆਂ ਪਾਰਟੀਆਂ ਦੇ ਆਗੂ ਵੀ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਸੀ ਪੀ ਆਈ ਦੇ ਨੇਤਾਵਾਂ ਨੇ ਫਾਸ਼ੀਵਾਦੀ ਤਾਕਤਾਂ ਦਾ ਮੁਕਾਬਲਾ ਕਰਨ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਖੱਬੇ ਅਤੇ ਲੋਕਤੰਤਰਕ ਏਕਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਸਲ ਰਾਸ਼ਟਰਵਾਦ ਭਾਰਤ ਦੇ ਮਜ਼ਦੂਰ ਤੇ ਕਿਸਾਨ ਵਰਗ ਦੀ ਮਿਹਨਤ ਅਤੇ ਅਰਮਾਨਾਂ ਵਿਚ ਵਸਦਾ ਹੈ, ਨਾ ਕਿ ਧਾਰਮਕ ਵੰਡ ਜਾਂ ਕਾਰਪੋਰੇਟ ਲੁੱਟ ਵਿਚ। ਨੇਤਾਵਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਸੂਬਿਆਂ ਵਿਚ ਆਏ ਹੜ੍ਹਾਂ ’ਤੇ ਚਿੰਤਾ ਜਤਾਈ ਅਤੇ ਦੱਸਿਆ ਕਿ ਸੀ ਪੀ ਆਈ ਦੇ ਸੇਵਾਦਾਰ ਬਚਾਅ ਅਤੇ ਰਾਹਤ ਕੰਮਾਂ ਵਿਚ ਸਰਗਰਮ ਹਨ।
ਇਹ ਇਤਿਹਾਸਕ ਕਾਂਗਰਸ ਸੀ ਪੀ ਆਈ ਦੇ ਸ਼ਤਾਬਦੀ ਵਰ੍ਹੇ ਵਿਚ ਹੋ ਰਹੀ ਹੈ। 1925 ਵਿਚ ਸਥਾਪਤ ਹੋਈ ਪਾਰਟੀ 1924 ਦੇ ਕਾਨਪੁਰ ਸਾਜ਼ਿਸ਼ ਮਾਮਲੇ ਤੋਂ ਲੈ ਕੇ ਆਜ਼ਾਦੀ ਅੰਦੋਲਨ ਅਤੇ ਲੋਕ ਸੰਘਰਸ਼ਾਂ ਦੀ ਮੋਹਰੀ ਰਹੀ ਹੈ ਅਤੇ ਧਰਮ ਨਿਰਪੱਖਤਾ, ਸੰਘੀ ਪ੍ਰਣਾਲੀ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ, ਔਰਤਾਂ, ਘੱਟ ਗਿਣਤੀਆਂ ਅਤੇ ਹਾਸ਼ੀਏ ’ਤੇ ਧੱਕੇ ਜਾ ਚੁੱਕੇ ਲੋਕਾਂ ਦੇ ਅਧਿਕਾਰਾਂ ਦੀ ਹਮੇਸ਼ਾ ਪਹਿਰੇਦਾਰੀ ਕਰਦੀ ਰਹੀ ਹੈ। ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਬਣਾਏ ਗਏ ਕਾਮਰੇਡ ਸੁਧਾਕਰ ਰੈਡੀ ਨਗਰ ਵਿੱਚ ਹੋਣ ਵਾਲੀ ਇਹ ਪਾਰਟੀ ਕਾਂਗਰਸ ਲੋਕਤੰਤਰ, ਸਮਾਜਕ ਨਿਆਂ, ਬਰਾਬਰੀ ਅਤੇ ਅਮਨ ਲਈ ਸੰਘਰਸ਼ਾਂ ਨੂੰ ਮਜ਼ਬੂਤ ਕਰਨ ਦਾ ਰਾਹ ਤੈਅ ਕਰੇਗੀ। ਪਾਰਟੀ ਨੇ ਐਲਾਨ ਕੀਤਾ : ‘ਅਸੀਂ ਲੜਾਂਗੇ ਅਤੇ ਲੋਕ ਜਿੱਤਣਗੇ, ਨਿਆਂ ਅਤੇ ਸੱਚਾਈ ਦੀਆਂ ਤਾਕਤਾਂ ਕਾਮਯਾਬ ਹੋਣਗੀਆਂ।’
ਹਰ ਸ਼ਾਮ ਨੂੰ ਸੰਸ�ਿਤਕ ਪ੍ਰੋਗਰਾਮ ਹੋਣਗੇ, ਜਿਨ੍ਹਾਂ ਵਿਚ ਇਨਕਲਾਬੀ ਗੀਤ, ਨਾਟਕ, ਕੋਰੀਓਗ੍ਰਾਫੀਆਂ ਅਤੇ ਲੋਕ-ਸੰਗੀਤ ਪੇਸ਼ ਕੀਤਾ ਜਾਵੇਗਾ। ਸੂਬੇ ਦੇ ਪ੍ਰਮੁੱਖ ਕਲਾਕਾਰ ਇਨ੍ਹਾਂ ਵਿਚ ਹਿੱਸਾ ਲੈਣਗੇ। ਪੱਤਰਕਾਰਾਂ ਨਾਲ ਆਰੰਭਕ ਵਾਰਤਾਲਾਪ ਕਰਦਿਆਂ ਡਾ. ਸਵਰਾਜਬੀਰ ਚੇਅਰਮੈਨ ਸੁਆਗਤੀ ਕਮੇਟੀ ਨੇ ਕਿਹਾ ਕਿ ਗਦਰੀ ਬਾਬਿਆਂ ਸਮੇਤ ਵੱਖ-ਵੱਖ ਦੇਸ਼ ਭਗਤ ਲਹਿਰਾਂ ਵਿਚੋਂ ਆਏ ਸੁਤੰਤਰਤਾ ਸੰਗਰਾਮੀਆਂ ਨੇ ਗਾਂਧੀ ਦੀ ਲਹਿਰ ਤੋਂ ਨਿਰਾਸ਼ ਹੋ ਕੇ ਅਤੇ ਸੋਵੀਅਤ ਇਨਕਲਾਬ ਤੋਂ ਪ੍ਰਭਾਵਤ ਹੋ ਕੇ ਕਾਨਪੁਰ ਵਿਖੇ ਇਕੱਠੇ ਹੋ ਕੇ 26 ਦਸੰਬਰ 1925 ਨੂੰ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੀ ਇਸ ਨਾਲ 26 ਦਸੰਬਰ ਨੂੰ ਜਨਮ ਸ਼ਤਾਬਦੀ ਹੈ ਅਤੇ ਉਸੇ ਨੂੰ ਸਮਰਪਿਤ ਸੀ ਪੀ ਆਈ ਦਾ 25ਵਾਂ ਮਹਾਂ-ਸੰਮੇਲਨ ਚੰਡੀਗੜ੍ਹ ਵਿਚ ਕੀਤਾ ਜਾ ਰਿਹਾ ਹੈ। ਡਾ. ਸਵਰਾਜਬੀਰ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਦੁਨੀਆ-ਭਰ ’ਚ ਨਿੱਜੀਕਰਨ ਨਕਾਰਾ ਹੋ ਚੁੱਕਿਆ ਹੈ। ਇੰਗਲੈਂਡ ਦੇ ਲੋਕ ਵੀ ਨਿੱਜੀ ਕੀਤੀਆਂ ਸੇਵਾਵਾਂ ਨੂੰ ਮੁੜ ਜਨਤਕ ਸੈਕਟਰ ਵਿਚ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਕੌਮੀ ਸਕੱਤਰ ਅਮਰਜੀਤ ਕੌਰ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਬਖੀਏ ਉਧੇੜਦਿਆਂ ਆਖਿਆ ਕਿ ਸੰਵਿਧਾਨ ਨੂੰ ਫਿਰਕੂ ਆਧਾਰ ਉਤੇ ਬਦਲਿਆ ਜਾ ਰਿਹਾ ਹੈ, ਘੱਟ ਗਿਣਤੀਆਂ ਉਤੇ ਸੋਚੇ-ਸਮਝੇ ਹਮਲੇ ਹੋ ਰਹੇ ਹਨ, ਪ੍ਰਧਾਨ ਮੰਤਰੀ ਮੋਦੀ ਟਰੰਪ ਅਧੀਨ ਸਾਮਰਾਜੀਆਂ ਨੂੰ ਖੁਸ਼ ਕਰਨ ’ਤੇ ਲੱਗੇ ਹੋਏ ਹਨ। ਫਿਰਕਾਪ੍ਰਸਤੀ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਸੰਵਿਧਾਨ, ਘੱਟ ਗਿਣਤੀਆਂ, ਮਜ਼ਦੂਰਾਂ, ਕਿਸਾਨਾਂ ਉਤੇ ਹਮਲੇ ਪਾਰਟੀ ਮਹਾਂ-ਸੰਮੇਲਨ ਵਿਚ ਵਿਚਾਰ ਕਰਕੇ ਸੰਘਰਸ਼ਾਂ ਦੇ ਰਸਤੇ ਉਲੀਕੇ ਜਾਣਗੇ।
ਬੰਤ ਸਿੰਘ ਬਰਾੜ ਨੇ ਆਪ ਸਰਕਾਰ ਨੂੰ ਹਰ ਮਸਲੇ ’ਤੇ ਫੇਲ੍ਹ ਆਖਿਆ ਅਤੇ ਹੜ੍ਹਾਂ ਦੇ ਪ੍ਰਕੋਪ ਕਾਰਨ ਪੀੜਤ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਕੇਂਦਰ ਵੱਲੋਂ 1600 ਕਰੋੜ ਰੁਪਏ ਦੇ ਪੈਕੇਜ ਨੂੰ ਪੰਜਾਬੀਆਂ ਨਾਲ ਮਜ਼ਾਕ ਦੱਸਿਆ। ਉਹਨਾ ਦੱਸਿਆ ਕਿ ਸੀ ਪੀ ਆਈ ਦੇ ਪਾਲਰੀਮੈਂਟ ਮੈਂਬਰ ਪੀ ਸੰਦੋਸ਼ ਕੁਮਾਰ ਹੜ੍ਹ ਪੀੜਤ ਹਲਕਿਆਂ ਦਾ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਚ ਦੌਰਾ ਕਰਕੇ ਗਏ ਹਨ ਅਤੇ ਪ੍ਰਧਾਨ ਮੰਤਰੀ ਤੋਂ ਇਸ ਮੁਸੀਬਤ ਸਮੇਂ ਪੰਜਾਬੀਆਂ ਦੀ ਪੂਰੀ ਮਦਦ ਕਰਨ ਲਈ ਆਖਿਆ। ਉਹਨਾ ਦੱਸਿਆ ਕਿ ਜਿਹੜੇ ਨੌਜਵਾਨ ਪਾਰਟੀ ਕਾਂਗਰਸ ਲਈ ਵਲੰਟੀਅਰ ਤਿਆਰੀ ਕਰ ਰਹੇ ਹਨ, ਉਹ ਅੱਜਕੱਲ੍ਹ ਹੜ੍ਹ ਪੀੜਤਾਂ ਦੀ ਮਦਦ ਵਿਚ ਜੁੱਟੇ ਹੋਏ ਹਨ।





