ਗੁਰੂ ਅੰਗਦ ਦੇਵ ਦਾ ਜੀਵਨ ਮਿਹਨਤਕਸ਼ਾਂ ਲਈ ਪ੍ਰੇਰਨਾਸਰੋਤ : ਮਾੜੀਮੇਘਾ

0
139

ਖਡੂਰ ਸਾਹਿਬ : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰ ਗੱਦੀ ਦਿਵਸ ’ਤੇ ਖਡੂਰ ਸਾਹਿਬ ਵਿਖੇ ਇਤਿਹਾਸਕ ਮੇਲੇ ’ਤੇ ਹਰ ਸਾਲ ਦੀ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਰਾਜਨੀਤਕ ਕਾਨਫਰੰਸ ਅਤੇ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਵਾਰ ਕਾਨਫਰੰਸ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਹਾਬਾਦ ਅਤੇ ਜਗੀਰ ਸਿੰਘ ਭਰੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਲੋਕਾਂ ਲਈ ਪ੍ਰੇਰਨਾ-ਸਰੋਤ ਹੈ। ਗੁਰੂ ਜੀ ਨੇ ਮਿਹਨਤ-ਮੁਸ਼ੱਕਤ ਅਤੇ ਵਪਾਰ ਵੀ ਕੀਤਾ, ਪਰ ਵਪਾਰ ਦਾ ਪੈਸਾ ਗੁਰੂ ਜੀ ਲੰਗਰ ਵਿੱਚ ਪਾਉਦੇ ਸਨ। ਗੁਰੂ ਜੀ ਨੇ ਬੱਚਿਆਂ ਨੂੰ ਵਿੱਦਿਆ ਵੀ ਦਿੱਤੀ ਅਤੇ ਭਲਵਾਨਾਂ ਦੀਆਂ ਕੁਸ਼ਤੀਆਂ ਕਰਾਉਣ ਵੱਲ ਉਚੇਚ ਕੀਤੀ। ਗੁਰੂ ਜੀ ਨੇ ਮਿਹਨਤਕਸ਼ ਆਵਾਮ ਨੂੰ ਸੱਦਾ ਦਿੱਤਾ ਕਿ ਉਹ ਅਮੀਰ ਲੁਟੇਰਿਆਂ ਅੱਗੇ ਹੱਥ ਜੋੜ ਕੇ ਨਿਤਾਣੇ ਨਾ ਬਣਨ, ਕਿਉਕਿ ਉਹ ਆਪ ਖਰੀ ਮਿਹਨਤ ਕਰਦੇ ਹਨ। ਸਰਬ ਭਾਰਤ ਨੌਜਵਾਨ ਸਭਾ ਦੇ ਕੁੱਲ ਹਿੰਦ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਕਿ ਬੇਰੁਜ਼ਗਾਰੀ ਅੰਤਰਰਾਸ਼ਟਰੀ ਪੱਧਰ ’ਤੇ ਫੈਲ ਗਈ ਹੈ ਅਤੇ ਸਾਰੇ ਮੁਲਕਾਂ ਵਿੱਚ ਅਫਰਾਤਫਰੀ ਮਚੀ ਹੋਈ ਹੈ।ਇਸ ਦੀ ਮਿਸਾਲ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਫੌਜੀ ਜਹਾਜ਼ ਵਿੱਚ ਬੇੜੀਆਂ ਵਿੱਚ ਨੂੜ ਕੇ ਭੇਜਣਾ ਹੈ। ਹਿੰਦੁਸਤਾਨ ਵਿੱਚ ਤਾਂ ਬੇਰੁਜ਼ਗਾਰੀ ਸਭ ਹੱਦਾਂ ਬੰਨੇ ਪਾਰ ਕਰ ਗਈ ਹੈ। ਕਿਸੇ ਨੌਜਵਾਨ ਨੂੰ ਰੁਜ਼ਗਾਰ ਮਿਲਣ ਦੀ ਆਸ ਹੀ ਨਹੀਂ ਹੈ। ਉਨ੍ਹਾਂ ਕੇਂਦਰੀ ਸਰਕਾਰ ’ਤੇ ਜ਼ੋਰ ਪਾਇਆ ਕਿ ਸਰਕਾਰ ਪਾਰਲੀਮੈਂਟ ਵਿੱਚ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਪਾਸ ਕਰਕੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਵੇ। ਸੀ ਪੀ ਆਈ ਦੀ ਕੌਮੀ ਕੌਂਸਲ ਮੈਂਬਰ ਅਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿੱਚ ਫਾਸ਼ੀਵਾਦੀ ਹਕੂਮਤ ਵਾਲੇ ਪਾਸੇ ਲਗਾਤਾਰ ਵਧਦੀ ਜਾ ਰਹੀ ਹੈ। ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਕੌਮੀ ਕਾਂਗਰਸ ਮੌਕੇ 21 ਸਤੰਬਰ ਨੂੰ ਮੋਹਾਲੀ ਦਾਣਾ ਮੰਡੀ ਵਿਖੇ ਹੋ ਰਹੀ ਵਿਸ਼ਾਲ ਰੈਲੀ ’ਚ ਤਰਨ ਤਾਰਨ ਜ਼ਿਲ੍ਹੇ ’ਚੋਂ 1000 ਦੇ ਕਰੀਬ ਪਾਰਟੀ ਮੈਂਬਰ ਤੇ ਹਮਦਰਦ ਪਹੁੰਚ ਰਹੇ ਹਨ। ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਾਨਫਰੰਸ’ਚ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਦਰਸ਼ਨ ਸਿੰਘ ਬਿਹਾਰੀਪੁਰ, ਗੁਰਚਰਨ ਸਿੰਘ ਕੰਢਾ, ਜੱਗਾ ਸਿੰਘ ਤੇ ਜਸਵੰਤ ਸਿੰਘ ਖਡੂਰ ਸਾਹਿਬ, ਮੇਜਰ ਸਿੰਘ ਦਾਰਾਪੁਰ, ਸੁਖਦੇਵ ਸਿੰਘ ਭਲਾਈਪੁਰ, ਸਲਵਿੰਦਰ ਸਿੰਘ ਗਗੜੇਵਾਲ ਮੁੱਖ ਤੌਰ ’ਤੇ ਹਾਜ਼ਰ ਸਨ।