ਮੰਤਰੀਆਂ ਵੱਲੋਂ ਹੜ੍ਹ ਪੀੜਤਾਂ ਨੂੰ ਤੇਜ਼ੀ ਨਾਲ ਰਾਹਤ ਪਹੁੰਚਾਉਣ ਲਈ ਬਹੁ-ਮੰਤਰਾਲਾ ਯਤਨ

0
101

ਚੰਡੀਗੜ੍ਹ : ਹਾਲ ਹੀ ਵਿੱਚ ਆਏ ਹੜ੍ਹਾਂ ਪ੍ਰਤੀ ਇੱਕਜੁੱਟ ਅਤੇ ਹਮਦਰਦੀ ਭਰੇ ਜਵਾਬ ਵਿੱਚ, ਪੰਜਾਬ ਸਰਕਾਰ ਨੇ ਤੇਜ਼ੀ ਨਾਲ ਰਾਹਤ ਪ੍ਰਦਾਨ ਕਰਨ, ਜ਼ਰੂਰੀ ਸੇਵਾਵਾਂ ਬਹਾਲ ਕਰਨ ਅਤੇ ਪ੍ਰਭਾਵਿਤ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਬਹੁ-ਮੰਤਰਾਲਾ ਯਤਨ ਆਰੰਭੇ ਹੋਏ ਹਨ। ਇਸੇ ਤਹਿਤ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਸਿੱਖਿਆ, ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਅਤੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੋਬਾਈਲ ਮੈਡੀਕਲ ਯੂਨਿਟਾਂ ਤਾਇਨਾਤ ਕਰਨ, ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਵਿੱਤੀ ਸਹਾਇਤਾ ਅਤੇ ਜ਼ਰੂਰੀ ਸਮਾਨ ਵੰਡ ਕੇ ਮੋਹਰੀ ਭੂਮਿਕਾ ਨਿਭਾਈ। ਡਾ. ਬਲਬੀਰ ਸਿੰਘ ਨੇ ਅੱਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਹੱਤਵਪੂਰਨ, ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਤੋਂ 15 ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਈ।ਇਸ ਤਾਇਨਾਤੀ ਨਾਲ ਮੋਬਾਈਲ ਮੈਡੀਕਲ ਯੂਨਿਟਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਇਸ ਦੌਰਾਨ, ਸਿੱਖਿਆ, ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਹਲਕੇ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਬਹਾਲ ਅਤੇ ਮਜ਼ਬੂਤ ਕਰਨ ਦੇ ਯਤਨਾਂ ਦੀ ਅਗਵਾਈ ਕੀਤੀ। ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਇੱਕ ਸਰਗਰਮ ਉਪਾਅ ਵਜੋਂ ਬੈਂਸ ਨੇ ਬਿਭੋਰ ਸਾਹਿਬ ਵਿਖੇ ਕੰਕਰੀਟ ਰਿਟੇਨਿੰਗ ਵਾਲ ਨੂੰ 400 ਫੁੱਟ ਹੋਰ ਵਧਾਉਣ ਦੇ ਆਦੇਸ਼ ਦਿੱਤੇ ਤਾਂ ਜੋ ਪਹਾੜੀ ਤੋਂ ਮਲਬਾ ਡਿੱਗਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ ਅਤੇ ਇਸ ਨੇੜਲੇ ਘਰਾਂ ਦੀਆਂ ਨੀਹਾਂ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਨੇ ਇਥੇ ਮੌਜੂਦਾ ਰਸਤਾ ਮਜ਼ਬੂਤ ਕਰਨ ਅਤੇ 1.40 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਪੁਲ ਬਣਾਉਣ ਦਾ ਵਾਅਦਾ ਕੀਤਾ ਤਾਂ ਜੋ ਸਾਰੇ ਵਸਨੀਕਾਂ ਲਈ ਆਵਾਜਾਈ ਦਾ ਸੁਚਾਰੂ ਪ੍ਰਵਾਹ ਯਕੀਨੀ ਬਣਾਇਆ ਜਾ ਸਕੇ।ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਧਾਨ ਸਭਾ ਹਲਕੇ ਵਿੱਚ ਜ਼ਰੂਰੀ ਰਾਹਤ ਸਮੱਗਰੀ ਵੰਡੀ।