ਖੇਤ ਮਜ਼ਦੂਰ ਸਭਾ ਦੇ ਆਗੂਆਂ ਨੇ ਹੜ੍ਹ ਪੀੜਤਾਂ ਦੇ ਦੁਖੜੇ ਸੁਣੇ

0
136

ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਹੀਲੇ-ਵਸੀਲੇ ਜੁਟਾਉਣ ਦਾ ਵਿਸ਼ਵਾਸ ਦਿਵਾਇਆ। ਇਹ ਜਾਣਕਾਰੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸਾਂਝੀ ਕੀਤੀ।ਪਿੰਡ ਰੇਤੇ ਵਾਲੀ ਭੈਣੀ, ਜੰਗੜ ਭੈਣੀ, ਦੋਨਾ ਨਾਨਕਾ, ਗੁਰਕਾ, ਨੂਰ ਸ਼ਾਹ ਅਤੇ ਵੱਲੇ ਸ਼ਾਹ ਉਤਾੜ ਦੇ ਬੰਨ੍ਹਾਂ ’ਤੇ ਬੈਠੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਮੀਨਾਂ ਤੇ ਫਸਲਾਂ ਤਬਾਹ ਹੋ ਗਈਆਂ ਹਨ। ਲੱਗਦਾ ਹੈ ਕਿ ਸਰਕਾਰ ਇਸ ਤਬਾਹੀ ਦੇ ਮੰਜ਼ਰ ਤੋਂ ਅਣਜਾਣ ਹੈ। ਰਵਾਇਤੀ ਸਿਆਸੀ ਪਾਰਟੀਆਂ ਨੇ ਵੀ ਜ਼ਿਆਦਾਤਰ ਸਹਾਇਤਾ ਦੇ ਨਾਂਅ ’ਤੇ ਸਿਆਸਤ ਹੀ ਕੀਤੀ ਹੈ। ਸਰਕਾਰ ਡੰਗ ਟਪਾਊ ਨੀਤੀ ’ਤੇ ਚੱਲ ਰਹੀ ਹੈ। ਹੜ੍ਹ ਪ੍ਰਭਾਵਿਤ ਲੋਕਾਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਨੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਕਿਸਾਨ ਨੇ ਕਿਹਾ ਕਿ ਜਿੱਥੇ ਅਸੀਂ ਫਸਲਾਂ ਪੈਦਾ ਕਰਦੇ ਹਾਂ, ਉਥੇ ਸਰਹੱਦਾਂ ਦੀ ਰਾਖੀ ਵੀ ਕਰਦੇ ਹਾਂ। ਇਸ ਦੇ ਬਾਵਜੂਦ ਹਰ ਵੰਨਗੀ ਦੀ ਸਰਕਾਰ ਨੇ ਸਾਡੀ ਅਣਦੇਖੀ ਕੀਤੀ ਹੈ। ਇੱਕ 90 ਸਾਲ ਦੀ ਮਾਈ ਨੇ ਦੁਖੜੇ ਦੱਸਦੇ ਕਿਹਾ ਕਿ ਸਾਡੇ ਪੱਲੇ ਕੱਖ ਨਹੀਂ ਰਿਹਾ। ਸਾਡੀ ਪਸ਼ੂਆਂ ਨਾਲੋਂ ਵੀ ਮਾੜੀ ਹਾਲਤ ਹੈ। ਉਸ ਨੇ ਕੱਚੀਆਂ ਜ਼ਮੀਨਾਂ ਪੱਕੀਆਂ ਕਰਨ ਦੀ ਮੰਗ ਵੀ ਕੀਤੀ।
ਹੜ੍ਹ ਪੀੜਤਾਂ ਦੇ ਦੁਖੜੇ ਸੁਣਨ ਤੋਂ ਬਾਅਦ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਅਸੀਂ ਉਹਨਾਂ ਦੇ ਦੁੱਖ ਸਮਝਦੇ ਹਾਂ ਤੇ ਉਹਨਾਂ ਦੇ ਨਾਲ ਖੜੇ ਹਾਂ। ਇਹ ਹੜ੍ਹ ਪਹਿਲਾਂ ਵੀ ਆਉਦੇ ਰਹੇ ਹਨ ਤੇ ਨੁਕਸਾਨ ਕਰਦੇ ਰਹੇ ਹਨ। ਅੱਗੋਂ ਵੀ ਕੋਈ ਗਰੰਟੀ ਨਹੀਂ ਹੈ ਕਿ ਹੜ੍ਹ ਰੁਕ ਜਾਣਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਦੀ ਮਾਰ ਰੋਕਣ ਲਈ ਠੋਸ ਉਪਰਾਲੇ ਕਰੇ। ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਸਰਕਾਰ ਹੀ ਨਹੀਂ, ਬਲਕਿ ਕੇਂਦਰ ਸਰਕਾਰ ਵੀ ਇਸ ਮਾਮਲੇ ਵਿੱਚ ਸੰਜੀਦਗੀ ਨਾਲ ਕੰਮ ਕਰੇ। ਅਸੀਂ ਦੇਖਿਆ ਹੈ ਕਿ ਸਰਕਾਰਾਂ ਦੀ ਬਦ-ਇੰਤਜ਼ਾਮੀ ਦਾ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ। ਕਾਮਰੇਡ ਗੋਰੀਆ ਨੇ ਹੜ੍ਹ ਪ੍ਰਭਾਵਿਤ ਪਰਵਾਰਾਂ ਲਈ ਇਕ ਲੱਖ ਰੁਪਏ ਪ੍ਰਤੀ ਪਰਵਾਰ ਨੂੰ ਗ੍ਰਾਂਟ ਦੇਣ ਦੀ ਮੰਗ ਕੀਤੀ। ਗੋਰੀਆ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ ਸੰਮੇਲਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਸੰਮੇਲਨ ਵਿੱਚ ਸਾਡੇ ਲੋਕਾਂ ਦੇ ਮਸਲਿਆਂ ’ਤੇ ਡੂੰਘਾ ਵਿਚਾਰ-ਵਟਾਂਦਰਾ ਹੋਵੇਗਾ। ਇਹ ਸੰਮੇਲਨ ਇੱਕ ਇਤਿਹਾਸਕ ਮੌਕਾ ਹੈ। 21 ਸਤੰਬਰ ਨੂੰ ਮੁਹਾਲੀ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ। ਗੋਰੀਆ ਨੇ ਅਪੀਲ ਕੀਤੀ ਕਿ ਇਸ ਰੈਲੀ ਵਿੱਚ ਹੰੁਮ-ਹੁਮਾ ਕੇ ਪਹੁੰਚਿਆ ਜਾਵੇ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਹਰੇਕ ਪ੍ਰਭਾਵਿਤ ਪਰਵਾਰ ਨੂੰ 1 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਨਾਨਕ ਸਿੰਘ ਹਲੀਮ ਵਾਲਾ, ਸਤੀਸ਼ ਸਿੰਘ ਵਰਮਾ, ਰਾਜ ਸਿੰਘ ਬਾਹਮਣੀ ਵਾਲਾ, ਕਸ਼ਮੀਰ ਸਿੰਘ ਵੱਲੇ ਸ਼ਾਹ ਉਤਾੜ, ਗੁਰਮੀਤ ਸਿੰਘ, ਸ਼ੇਰ ਸਿੰਘ, ਕਾਲਾ ਸਿੰਘ ਰੇਤੇ ਵਾਲੀ ਭੈਣੀ, ਤੋਸ਼ਾ ਬਾਈ, ਮਾਲੋ ਬਾਈ, ਰਾਣੋ ਬਾਈ, ਦਰਸ਼ਨ ਸਿੰਘ ਵੱਲੇ ਸ਼ਾਹ ਉਤਾੜ ਅਤੇ ਸਤਨਾਮ ਸਿੰਘ ਝੰਗੜ ਭੈਣੀ ਹਾਜ਼ਰ ਸਨ।