ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਪੰਜਾਬ ਰੋਡਵੇਜ਼ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਨੂੰ ਗਿ੍ਫਤਾਰ ਕੀਤਾ, ਜੋ ਕਿ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਦੇ ਰਵਾਨਾ ਹੋਣ ਦਾ ਸਮਾਂ ਪ੍ਰਾਈਵੇਟ ਬੱਸਾਂ ਨੂੰ ਵੇਚ ਕੇ ਰਿਸ਼ਵਤ ਇਕੱਤਰ ਕਰਨ ਦੇ ਦੋਸ਼ਾਂ ਤਹਿਤ ਦਰਜ ਇੱਕ ਮੁਕੱਦਮੇ ਵਿਚ ਭਗੌੜੇ ਚਲੇ ਆ ਰਹੇ ਸਨ | ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੁਝ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਬੱਸ ਅੱਡੇ ਵਿੱਚੋਂ ਚੱਲਣ ਦਾ ਟਾਇਮ ਪ੍ਰਾਈਵੇਟ ਬੱਸਾਂ ਨੂੰ ਵੇਚ ਕੇ ਰੋਜ਼ਾਨਾ/ ਮਹੀਨਾਵਾਰ ਰਿਸ਼ਵਤ ਇਕੱਠੀ ਕਰਨ ਦੇ ਦੋਸ਼ ਲੱਗੇ ਸਨ | ਇਸ ਸੰਬੰਧੀ ਬਿਊਰੋ ਵੱਲੋਂ ਮੁਕੱਦਮਾ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਤਸਰ ਵਿਖੇ ਦਰਜ ਕੀਤਾ ਗਿਆ ਹੈ | ਮੁਕੱਦਮੇ ਵਿੱਚ ਸ਼ਾਮਲ ਦੋਸ਼ੀਆਂ ਵਿੱਚੋਂ ਭਗੌੜੇ ਚਲੇ ਆ ਰਹੇ ਪੰਜਾਬ ਰੋਡਵੇਜ਼ ਡਿਪੂ ਅੰਮਿ੍ਤਸਰ-2 ਦੇ ਸੇਵਾ-ਮੁਕਤ ਇੰਸਪੈਕਟਰ ਰਾਜ ਕੁਮਾਰ ਰਾਜੂ ਵਾਸੀ ਪਿੰਡ ਫੁੱਲੜਾ, ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਅਤੇ ਤਰਸੇਮ ਸਿੰਘ ਸੇਵਾ-ਮੁਕਤ ਇੰਸਪੈਕਟਰ ਪੰਜਾਬ ਰੋਡਵੇਜ਼ ਡਿਪੂ ਜਲੰਧਰ-1 ਵਾਸੀ ਪਿੰਡ ਚੱਕ ਖੇਲਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ |