ਯੂ ਪੀ ਦੇ ਪੂਰਵਾਂਚਲ ਵਿਚ ਹੁਣ ਤੱਕ ਕਮਿਊਨਿਸਟਾਂ ਨੂੰ ਘਟਾ ਕੇ ਦੇਖਿਆ ਜਾਂਦਾ ਸੀ, ਪਰ ਬੀਤੇ ਦਿਨ ਅਸਮਾਨ ਛੂੰਹਦੀ ਮਹਿੰਗਾਈ ਤੇ ਜ਼ਬਰਦਸਤ ਗਰੀਬੀ ਦੇ ਮੁੱਦੇ ‘ਤੇ ਖੱਬੀਆਂ ਪਾਰਟੀਆਂ ਵੱਲੋਂ ਵਾਰਾਨਸੀ ਵਿਚ ਕੀਤੇ ਗਏ ਜਨ ਸੰਮੇਲਨ ਵਿਚ ਤਿੱਖੀ ਧੁੱਪ ‘ਚ ਵੀ ਉਮੜੀ ਭੀੜ ਨੇ ਡਬਲ ਇੰਜਣ (ਮੋਦੀ-ਯੋਗੀ) ਦੀ ਸਰਕਾਰ ਨੂੰ ਹੈਰਾਨ ਕਰ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਿਚ ਹੋਏ ਇਸ ਜਨ-ਸੰਮੇਲਨ ‘ਚ ਚੰਦੌਲੀ, ਜੌਨਪੁਰ, ਗਾਜ਼ੀਪੁਰ ਸਣੇ ਆਲੇ-ਦੁਆਲੇ ਦੇ ਜ਼ਿਲਿ੍ਹਆਂ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਮਹਿਲਾਵਾਂ ਤੇ ਕਾਰਕੁੰਨ ਪਹੁੰਚੇ | ਖੱਬੀਆਂ ਪਾਰਟੀਆਂ ਦੀ ਯਕਜਹਿਤੀ ਤੇ ਕਚਹਿਰੀ ਕੋਲ ਸ਼ਾਸਤਰੀ ਘਾਟ ‘ਤੇ ਲਾਲ ਝੰਡੇ ਲੈ ਕੇ ਪੁੱਜੇ ਹਜ਼ਾਰਾਂ ਲੋਕਾਂ ਨੂੰ ਦੇਖ ਕੇ ਹੋਰਨਾਂ ਸਿਆਸੀ ਪਾਰਟੀਆਂ ਦੇ ਲੋਕ ਵੀ ਹੈਰਾਨ ਰਹਿ ਗਏ | ਸੰਮੇਲਨ ਨੂੰ ਸੀ ਪੀ ਆਈ, ਸੀ ਪੀ ਆਈ (ਐੱਮ) ਤੇ ਸੀ ਪੀ ਆਈ (ਐੱਮ ਐੱਲ) ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ-ਡਬਲ ਇੰਜਣ ਦੀ ਸਰਕਾਰ ਵਿਚ ਮਹਿੰਗਾਈ ਅਸਮਾਨ ਛੂਹ ਰਹੀ ਹੈ ਤੇ ਬੇਰੁਜ਼ਗਾਰੀ ‘ਚ ਭਾਰੀ ਵਾਧਾ ਹੋਇਆ ਹੈ | ਇਹ ਪਹਿਲੀ ਸਰਕਾਰ ਹੈ, ਜਿਸ ਨੇ ਦੁੱਧ, ਦਹੀਂ, ਆਟੇ ਤੇ ਚੌਲ ‘ਤੇ ਟੈਕਸ ਲਾ ਦਿੱਤਾ ਹੈ | ਆਮ ਆਦਮੀ ਦੀ ਤਨਖਾਹ ਦੁੱਗਣੀ ਕਰਨ ਵਾਲੇ ਮੋਦੀ ਦੇ ਰਾਜ ਵਿਚ ਭਾਜਪਾ ਆਗੂਆਂ ਦੇ ਨੱਕ ਦੇ ਵਾਲ ਬਣੇ ਅਡਾਨੀ ਦੀ ਆਮਦਨੀ 46 ਗੁਣਾ ਵਧ ਗਈ ਹੈ | ਉੱਤਰੀ ਰਾਜਾਂ ਦੇ ਇਲਾਵਾ ਉੱਤਰ-ਪੂਰਬੀ ਰਾਜਾਂ ‘ਚ ਤੇਜ਼ੀ ਨਾਲ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ | ਫਿਰਕੂ ਏਜੰਡੇ ਨਾਲ ਸਿੱਧਾ ਮੁਕਾਬਲਾ ਕਰਨਾ ਪੈਣਾ | ਇਸ ਮੁਹਿੰਮ ਨੂੰ ਸਿਆਸੀ, ਵਿਚਾਰਧਾਰਕ, ਸਮਾਜੀ, ਸੱਭਿਆਚਾਰਕ ਤੇ ਜਥੇਬੰਦਕ ਤੌਰ ‘ਤੇ ਤਾਕਤ ਦੇਣੀ ਪੈਣੀ | ਕਿਸਾਨਾਂ ਦੀਆਂ ਵਧਦੀਆਂ ਖੁਦਕੁਸ਼ੀਆਂ, ਵਧਦੀ ਗਰੀਬੀ ਜਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਮਨਮਰਜ਼ੀ ਨਾਲ ਵਾਧਾ ਇਸ ਸਰਕਾਰ ਲਈ ਕੋਈ ਮਾਅਨੇ ਨਹੀਂ ਰੱਖਦਾ | ਲੋਕਾਂ ਨੂੰ ਰੋਟੀ ਦੇਣ ਦੀ ਥਾਂ ਸਰਕਾਰ ਨੇ ਧਰੁਵੀਕਰਨ ‘ਤੇ ਜ਼ੋਰ ਦਿੱਤਾ ਹੋਇਆ ਹੈ, ਜਿਸ ਦਾ ਹਰ ਪੱਧਰ ‘ਤੇ ਮੁਕਾਬਲਾ ਕਰਨਾ ਪੈਣਾ | ਦਬੰਗ ਤੇ ਭਾਜਪਾ ਦੀ ਸਰਪ੍ਰਸਤੀ ਵਾਲੇ ਮਾਫੀਆ ਸੁਰੱਖਿਅਤ ਹਨ | ਨਿਆਂਪਾਲਿਕਾ, ਚੋਣ ਕਮਿਸ਼ਨ ਦਬਾਅ ‘ਚ ਹਨ | ਮੀਡੀਆ ਤੇ ਅਖਬਾਰਾਂ ‘ਤੇ ਪੂੰਜੀਪਤੀਆਂ ਦਾ ਕੰਟਰੋਲ ਹੈ | ਭਾਜਪਾ ਸਰਕਾਰ ਨੇ 23 ਕਰੋੜ ਲੋਕਾਂ ਨੂੰ ਗਰੀਬੀ ਦੀ ਦਲਦਲ ‘ਚ ਧੱਕ ਦਿੱਤਾ ਹੈ | ਜੀ ਐੱਸ ਟੀ ਨੇ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ | ਜੇ ਅੱਜ ਅਸੀਂ ਖੜ੍ਹੇ ਨਾ ਹੋਏ ਤਾਂ ਦੇਸ਼ ਨਹੀਂ ਬਚੇਗਾ | 2024 ਵਿਚ ਮੋਦੀ ਨੂੰ ਚਲਦਾ ਕਰਨ ਲਈ ਲੋਕਾਂ ਦੀ ਏਕਤਾ ਜ਼ਰੂਰੀ ਹੈ |