ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐੱਸ ਡੀ ਆਰ ਐੱਫ (ਸਟੇਟ ਡਿਜ਼ਾਸਟਰ ਰਿਸਪਾਂਸ ਫੰਡ) ਬਾਰੇ ਦਿੱਤੇ ਬਿਆਨ ਨੂੰ ਪੂਰੀ ਤਰ੍ਹਾਂ ਗੁਮਰਾਹਕੁੰਨ ਅਤੇ ਤੱਥਾਂ ਤੋਂ ਦੂਰ ਕਰਾਰ ਦਿੱਤਾ ਹੈ। ਉਹਨਾ ਕਿਹਾ ਕਿ ਇਹ ਭਾਜਪਾ ਆਗੂਆਂ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਝੂਠ ਬੋਲ ਕੇ ਅਤੇ ਗੋਲ-ਗੋਲ ਗੱਲਾਂ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।
ਨੀਲ ਗਰਗ ਨੇ ਸੁਨੀਲ ਜਾਖੜ ਵੱਲੋਂ ਕੀਤੇ ਟਵੀਟ ਅਤੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਾਖੜ ਸਾਹਿਬ ਦਾ ਇਹ ਦਾਅਵਾ ਕਿ ‘ਪੰਜਾਬ ਨੂੰ ਐੱਸ ਡੀ ਆਰ ਐੱਫ ਤਹਿਤ 12,000 ਕਰੋੜ ਰੁਪਏ ਦਿੱਤੇ ਗਏ’, ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਹੋਰ ਨਾਕਾਮਯਾਬ ਕੋਸ਼ਿਸ਼ ਹੈ। ਕੇਂਦਰ ਵਿੱਚ ਉਨ੍ਹਾ ਦੀ ਹੀ ਸਰਕਾਰ ਹੈ ਅਤੇ ਉਸ ਦੇ ਕੋਲ ਸਾਰਾ ਡਾਟਾ ਵੀ ਉਪਲੱਬਧ ਹੈ। ਇਸ ਲਈ ਜਾਖੜ ਸਾਹਿਬ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਤੱਥ ਰੱਖਣੇ ਚਾਹੀਦੇ ਹਨ।
ਗਰਗ ਨੇ ਜਾਖੜ ਨੂੰ ਸਵਾਲ ਕਰਦਿਆਂ ਕਿਹਾ ਕਿ ਜਾਖੜ ਸਾਹਿਬ ਐੱਸ ਡੀ ਆਰ ਅੱੈਫ ਦੀ ਸਥਾਪਨਾ 2010-11 ਵਿੱਚ ਹੋਈ ਸੀ। ਤੁਸੀਂ ਪੰਜਾਬੀਆਂ ਨੂੰ ਇਹ ਦੱਸੋ ਕਿ 2010 ਤੋਂ ਲੈ ਕੇ 2025 ਤੱਕ ਕੇਂਦਰ ਸਰਕਾਰ ਨੇ ਪੰਜਾਬ ਦੇ ਐੱਸ ਡੀ ਆਰ ਐੱਫ ਫੰਡ ਵਿੱਚ ਆਪਣਾ ਕਿੰਨਾ ਹਿੱਸਾ ਪਾਇਆ ਹੈ? ਸਾਲ 2010, 2011, 2012 ਅਤੇ ਇਸੇ ਤਰ੍ਹਾਂ 2025 ਤੱਕ ਦਾ ਸਾਲ-ਦਰ-ਸਾਲ ਦਾ ਵੀ ਲੇਖਾ-ਜੋਖਾ ਪੇਸ਼ ਕਰੋ। ਜੇ ਤੁਸੀਂ ਇਹ ਡਾਟਾ ਨਹੀਂ ਦੇ ਸਕਦੇ, ਤਾਂ ਫਿਰ ਘੱਟੋ-ਘੱਟ ਪੰਜਾਬ ਨੂੰ ਗੁੰਮਰਾਹ ਕਰਨਾ ਬੰਦ ਕਰੋ।ਉਹਨਾ ਜਾਖੜ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਜਿਸ ਭਾਜਪਾ ਦੇ ਤੁਸੀਂ ਅੱਜ ਪ੍ਰਧਾਨ ਹੋ, ਉਸ ਦੀ 2007 ਤੋਂ 2017 ਤੱਕ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਦੀ ਸਰਕਾਰ ਸੀ। ਇਸ ਤੋਂ ਬਾਅਦ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਰਹੀ, ਜਿਸ ਦੇ ਉਹ ਖੁਦ ਪ੍ਰਧਾਨ ਸਨ। ਇਸ ਲਈ ਐੱਸ ਡੀ ਆਰ ਐੱਫ ਦੇ ਸਾਰੇ ਅੰਕੜੇ ਤੁਹਾਡੇ ਕੋਲ ਮੌਜੂਦ ਹੋਣੇ ਚਾਹੀਦੇ ਹਨ। ਉਹਨਾ ਕਿਹਾ ਕਿ ਇਕ ਪਾਸੇ ਜਾਖੜ ਸਾਹਿਬ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਅਤੇ ਕਿਸਾਨ ਦਾ ਪੁੱਤ ਕਹਾਉਦੇ ਹਨ, ਪਰ ਜਦੋਂ ਹੜ੍ਹਾਂ ਕਾਰਨ ਪੰਜਾਬ ਵਿੱਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ, ਲੱਖਾਂ ਪਸ਼ੂ ਮਾਰੇ ਗਏ ਅਤੇ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਅਤੇ ਪ੍ਰਧਾਨ ਮੰਤਰੀ ਨੇ ਪੰਜਾਬ ਆ ਕੇ ਸਿਰਫ਼ 1600 ਕਰੋੜ ਰੁਪਏ ਦੇ ਨਿਗੂਣੇ ਰਾਹਤ ਪੈਕੇਜ ਦਾ ਐਲਾਨ ਕੀਤਾ, ਉਦੋਂ ਜਾਖੜ ਸਾਹਿਬ ਨੇ ਦੱਬੀ ਜ਼ਬਾਨ ਵਿੱਚ ਵੀ ਇਸ ਦਾ ਵਿਰੋਧ ਕਿਉ ਨਹੀਂ ਕੀਤਾ। ਉਸ ਵੇਲੇ ਉਨ੍ਹਾ ਪ੍ਰਧਾਨ ਮੰਤਰੀ ਨੂੰ ਕਿਉ ਨਹੀਂ ਕਿਹਾ ਕਿ ਇਹ ਪੈਕੇਜ ਪੰਜਾਬ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ।





