ਬੀਜਿੰਗ : ਚੀਨ ਦੇ ਜ਼ੇਜਿਆਂਗ ਸੂਬੇ ਵਿੱਚ ਮੈਡੀਕਲ ਖੋਜੀਆਂ ਨੇ ਅਜਿਹਾ ਗੂੰਦ ਵਿਕਸਤ ਕੀਤਾ ਹੈ, ਜਿਹੜਾ ਟੁੱਟੀ ਹੱਡੀ ਤਿੰਨ ਮਿੰਟਾਂ ਵਿੱਚ ਜੋੜ ਦਿੰਦਾ ਹੈ। ਇਸ ਦਾ ਨਾਂਅ ‘ਬੋਨ-02’ ਰੱਖਿਆ ਗਿਆ ਹੈ। ਖੋਜੀ ਟੀਮ ਦੇ ਮੁਖੀ ਸਰ ਰਨ ਰਨ ਸ਼ਾਅ ਹਸਪਤਾਲ ਦੇ ਹੱਡੀਆਂ ਦੇ ਸਰਜਨ ਲਿਨ ਜ਼ਿਆਂਗਫੇਂਗ ਨੇ ਦੱਸਿਆ ਕਿ ਡੇਢ ਸੌ ਤੋਂ ਵੱਧ ਮਰੀਜ਼ਾਂ ’ਤੇ ਇਸ ਦਾ ਤਜਰਬਾ ਸਫਲ ਰਿਹਾ ਹੈ। ਇਨ੍ਹਾਂ ਮਰੀਜ਼ਾਂ ਦੇ ਸਟੀਲ ਪਲੇਟਾਂ ਪਾਉਣ ਜਾਂ ਪੇਚ ਕੱਸਣ ਦੀ ਲੋੜ ਨਹੀਂ ਪਈ। ਇਹ ਗੂੰਦ ਬਣਾਉਣ ਦੀ ਪ੍ਰੇਰਨਾ ਸਿੱਪੀਆਂ ਤੋਂ ਮਿਲੀ, ਜਿਹੜੀਆਂ ਤੇਜ਼ ਸਮੁੰਦਰੀ ਲਹਿਰਾਂ ਦੇ ਬਾਵਜੂਦ ਪੁਲਾਂ ਤੇ ਚੱਟਾਨਾਂ ਨਾਲ ਚਿੰਬੜੀਆਂ ਰਹਿੰਦੀਆਂ ਹਨ। ਗੂੰਦ ਨੂੰ ਇੰਜੈਕਸ਼ਨ ਨਾਲ ਹੱਡੀ ’ਤੇ ਪਾਇਆ ਜਾਂਦਾ ਹੈ। ਇਹ ਹੱਡੀ ਦੇ ਠੀਕ ਹੋਣ ਤੋਂ ਬਾਅਦ ਛੇ ਮਹੀਨਿਆਂ ’ਚ ਸਰੀਰ ਵਿੱਚ ਕੁਦਰਤੀ ਤੌਰ ’ਤੇ ਘੁਲ-ਮਿਲ ਜਾਂਦਾ ਹੈ। ਇਸ ਤਰ੍ਹਾਂ ਪਹਿਲੀ ਸਰਜਰੀ ਦੌਰਾਨ ਅੰਦਰ ਪਾਏ ਸਟੀਲ ਦੀ ਛੜ ਆਦਿ ਕੱਢਣ ਲਈ ਦੁਬਾਰਾ ਸਰਜਰੀ ਦੀ ਲੋੜ ਨਹੀਂ ਰਹਿੰਦੀ।
1940 ਵਿਆਂ ਵਿੱਚ ਵੀ ਅਜਿਹਾ ਗੂੰਦ ਜੇਲੇਟਾਇਨ, ਇਪੌਕਸੀ ਬਰੋਜ਼ੇ ਤੇ ਐਕਰੀਲੇਟਸ (ਰੰਗ ਨੂੰ ਛੇਤੀ ਸੁਕਾਉਣ ਵਾਲਾ) ਨਾਲ ਵਿਕਸਤ ਕਰਨ ਦੇ ਯਤਨ ਹੋਏ ਸਨ, ਪਰ ਡਾਕਟਰੀ ਮੁਸ਼ਕਲਾਂ ਕਾਰਨ ਤੱਜ ਦਿੱਤੇ ਗਏ ਸਨ।



