ਹਿੰਸਾ ਤੋਂ ਦੋ ਸਾਲ ਬਾਅਦ ਮਨੀਪੁਰ ਦਾ ਗੇੜਾ

0
127

ਇੰਫਾਲ : ਜਾਤੀ ਹਿੰਸਾ ਤੋਂ ਦੋ ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿੱਚਰਵਾਰ ਦੁਪਹਿਰ ਇੰਫਾਲ ਪਹੁੰਚੇ ਅਤੇ ਫਿਰ ਭਾਰੀ ਮੀਂਹ ਦੌਰਾਨ ਸੜਕ ਰਾਹੀਂ ਸਿੱਧੇ ਕੁਕੀ ਪ੍ਰਭਾਵਤ ਖੇਤਰ ਚੁਰਾਚਾਂਦਪੁਰ ਪੁੱਜੇ। ਇਸ ਤੋਂ ਪਹਿਲਾਂ ਮੋਦੀ ਦਾ ਇੰਫਾਲ ਹਵਾਈ ਅੱਡੇ ’ਤੇ ਰਾਜਪਾਲ ਅਜੈ ਕੁਮਾਰ ਭੱਲਾ ਅਤੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਸਵਾਗਤ ਕੀਤਾ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸਰਕਾਰ ਮਨੀਪੁਰ ਦੇ ਲੋਕਾਂ ਦੇ ਨਾਲ ਹੈ ਅਤੇ ਉਹ ਸੂਬੇ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੀ ਹੈ। ਉਨ੍ਹਾ ਇੱਥੇ ਹੋਈ ਹਿੰਸਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ‘ਇਹ ਮੰਦਭਾਗਾ ਹੈ ਕਿ ਇੱਥੇ ਹਿੰਸਾ ਹੋਈ, ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਤੁਹਾਡੇ ਨਾਲ ਹੈ ਅਤੇ ਮੈਂ ਤੁਹਾਡੇ ਨਾਲ ਹਾਂ।’
ਮੋਦੀ ਦੇ ਦੌਰੇ ਦੇ ਮੱਦੇਨਜ਼ਰ ਰਾਜਧਾਨੀ ਇੰਫਾਲ ਅਤੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਵਧਾਈ ਗਈ ਹੈ। ਰਾਜ ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਨੂੰ ਇੰਫਾਲ ਵਿੱਚ ਲਗਭਗ 237 ਏਕੜ ਵਿੱਚ ਫੈਲੇ ਕਾਂਗਲਾ ਕਿਲ੍ਹੇ ਅਤੇ ਚੁਰਾਚਾਂਦਪੁਰ ਵਿੱਚ ਪੀਸ ਗਰਾਊਂਡ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਾ ਇਹ ਦੌਰਾ ਕੁਕੀ ਅਤੇ ਮੈਤੇਈ ਭਾਈਚਾਰਿਆਂ ਵਿਚਕਾਰ ਨਸਲੀ ਸੰਘਰਸ਼ ਤੋਂ ਬਾਅਦ ਮਨੀਪੁਰ ਦਾ ਦੌਰਾ ਨਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਵਾਰ-ਵਾਰ ਆਲੋਚਨਾ ਤੋਂ ਬਾਅਦ ਹੋਇਆ ਹੈ। ਮੋਦੀ ਨੇ ਮਿਜ਼ੋਰਮ ਦੀ ਪਹਿਲੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਅਤੇ ਰਾਜ ਦੀ ਪਹਿਲੀ ਰਾਜਧਾਨੀ ਐੱਕਸਪ੍ਰੈੱਸ ਨੂੰ ਹਰੀ ਝੰਡੀ ਦਿੱਤੀ। ਇਹ ਰੇਲਵੇ ਲਾਈਨ ਆਈਜ਼ੋਲ ਨੂੰ ਦਿੱਲੀ ਨਾਲ ਜੋੜੇਗੀ। 8,070 ਕਰੋੜ ਰੁਪਏ ਦੀ ਬੈਰਾਬੀਸਾਈਰੰਗ ਰੇਲਵੇ ਲਾਈਨ, ਜਿਸ ਨੂੰ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਭ ਤੋਂ ਚੁਣੌਤੀਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਨੂੰ 2008-09 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਸ ਦਾ ਨਿਰਮਾਣ 2015 ਵਿੱਚ ਸ਼ੁਰੂ ਹੋਇਆ ਸੀ। ਇਸ ਲਾਈਨ ਵਿੱਚ 45 ਸੁਰੰਗਾਂ, 55 ਵੱਡੇ ਪੁਲ ਅਤੇ 87 ਛੋਟੇ ਪੁਲ ਸ਼ਾਮਲ ਹਨ। ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਈਰੰਗ ਨੇੜੇ ਬਣਿਆ ਪੁਲ ਨੰਬਰ 144, 114 ਮੀਟਰ ਦੀ ਉਚਾਈ ਨਾਲ ਕੁਤਬ ਮੀਨਾਰ ਨਾਲੋਂ ਵੀ ਉੱਚਾ ਹੈ। ਇਹ ਦੇਸ਼ ਦਾ ਸਭ ਤੋਂ ਉੱਚਾ ਪੀਅਰ ਰੇਲਵੇ ਪੁਲ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਨਾਲ ਭੋਜਨ, ਖਾਦਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਮੇਂ ਸਿਰ ਅਤੇ ਭਰੋਸੇਯੋਗ ਸਪਲਾਈ ਯਕੀਨੀ ਹੋਵੇਗੀ, ਜਿਸ ਨਾਲ ਸਮੁੱਚੀ ਲੌਜਿਸਟਿਕ ਕੁਸ਼ਲਤਾ ਅਤੇ ਖੇਤਰੀ ਪਹੁੰਚ ਵਿੱਚ ਵਾਧਾ ਹੋਵੇਗਾ। ਉਨ੍ਹਾ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜੋ ਰੇਲਵੇ, ਸੜਕਾਂ, ਊਰਜਾ, ਖੇਡਾਂ, ਸਮੇਤ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਹਨ। ਪ੍ਰਧਾਨ ਮੰਤਰੀ ਨੇ ਲਾਵੰਗਤਲਾਈ ਸਿਆਹਾ ਸੜਕ ’ਤੇ ਛਿਮਤੁਈਪੁਈ ਪੁਲ, ਖੇਡਾਂ ਦੇ ਵਿਕਾਸ ਲਈ ਖੇਲੋ ਇੰਡੀਆ ਬਹੁ-ਉਦੇਸ਼ੀ ਇਨਡੋਰ ਹਾਲ ਅਤੇ ਆਈਜ਼ੋਲ ਦੇ ਮੁਆਲਖੰਗ ਵਿੱਚ ਇੱਕ ਐੱਲ ਪੀ ਜੀ ਬਾਟਲਿੰਗ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।