ਪਾਕਿ ਵੱਲੋਂ ਤਿਆਰ ਦਹਿਸ਼ਤਗਰਦਾਂ ਦੀ ਪਿੱਠ ’ਤੇ ਖੜ੍ਹੀ ਹੈ ਕਾਂਗਰਸ : ਮੋਦੀ

0
128


ਮੰਗਲਦੋਈ (ਅਸਾਮ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਭਾਰਤੀ ਫੌਜ ਦੀ ਹਮਾਇਤ ਕਰਨ ਦੀ ਬਜਾਏ ਪਾਕਿਸਤਾਨ ਵੱਲੋਂ ਤਿਆਰ ਕੀਤੇ ਗਏ ਦਹਿਸ਼ਤਗਰਦਾਂ ਦੀ ਪਿੱਠ ’ਤੇ ਖੜ੍ਹੀ ਹੈ। ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਮੰਗਲਦੋਈ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੀ ਵੱਡੀ ਪੁਰਾਣੀ ਪਾਰਟੀ ’ਤੇ ਘੁਸਪੈਠੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਘੁਸਪੈਠੀਆਂ ਨੂੰ ਜ਼ਮੀਨ ਹੜੱਪਣ ਅਤੇ ਜਨਸੰਖਿਆ ਨੂੰ ਬਦਲਣ ਦੀ ਉਨ੍ਹਾਂ ਦੀ ਸਾਜ਼ਿਸ਼ ਦੀ ਇਜਾਜ਼ਤ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਅਸਾਮ ’ਤੇ ਰਾਜ ਕੀਤਾ, ਪਰ ਬ੍ਰਹਮਪੁੱਤਰ ਨਦੀ ’ਤੇ ‘ਸਿਰਫ ਤਿੰਨ ਪੁਲ’ ਬਣਾਏ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਛੇ ਅਜਿਹੇ ਢਾਂਚੇ ਬਣਾਏ ਹਨ। 

‘ਮੈਂ ਸ਼ਿਵ ਭਗਤ ਹਾਂ, ਸਾਰਾ ਜ਼ਹਿਰ ਨਿਗਲ ਲੈਂਦਾ ਹਾਂ’
ਮੋਦੀ ਨੇ ਕਿਹਾ, ‘ਮੈਂ ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਅਸਾਮ ਆਇਆ ਹਾਂ, ਇਹ ਅਪ੍ਰੇਸ਼ਨ ਮਾਂ ਕਾਮਾਖਿਆ ਦੇ ਆਸ਼ੀਰਵਾਦ ਨਾਲ ਪੂਰੀ ਤਰ੍ਹਾਂ ਸਫਲ ਰਿਹਾ।’ ਉਨ੍ਹਾ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੇਰੇ ’ਤੇ ਨਿੱਜੀ ਤੌਰ ’ਤੇ ਕਿੰਨੀਆਂ ਵੀ ਗਾਲ੍ਹਾਂ ਕੱਢੀਆਂ ਜਾਣ, ਪਰ ਜਦੋਂ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਦਾ ਅਪਮਾਨ ਕੀਤਾ ਜਾਂਦਾ ਹੈ, ਤਾਂ ਬਹੁਤ ਦੁੱਖ ਹੁੰਦਾ ਹੈ। ਮੈਂ ਭਗਵਾਨ ਸ਼ਿਵ ਦਾ ਭਗਤ ਹਾਂ ਅਤੇ ਸਾਰਾ ਜ਼ਹਿਰ ਨਿਗਲ ਲੈਂਦਾ ਹਾਂ, ਪਰ ਕਾਂਗਰਸ ਦੀ ਪੂਰੀ ਆਰਥਿਕ ਅਤੇ ਰਾਜਨੀਤਕ ਪ੍ਰਣਾਲੀ ਮੇਰੇ ਵਿਰੁੱਧ ਖੜ੍ਹੀ ਹੈ। ਫਿਰ ਵੀ ਮੇਰੇ ’ਤੇ 140 ਕਰੋੜ ਦੇਸ਼ ਵਾਸੀਆਂ ਦਾ ਆਸ਼ੀਰਵਾਦ ਹੈ ਅਤੇ ਉਹ ਮੇਰੇ ਰਿਮੋਟ ਕੰਟਰੋਲ ਹਨ।