ਮਨੀਪੁਰ ’ਚ ਲਗਭਗ ਢਾਈ ਸਾਲ ਪਹਿਲਾਂ 3 ਮਈ 2023 ਨੂੰ ਹਾਈ ਕੋਰਟ ਵੱਲੋਂ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀਆਂ ਦੀ ਸੂਚੀ ’ਚ ਸ਼ਾਮਲ ਕਰਨ ’ਤੇ ਵਿਚਾਰ ਕਰਨ ਲਈ ਸੂਬਾ ਸਰਕਾਰ ਨੂੰ ਦਿੱਤੇ ਹੁਕਮ ਦੇ ਬਾਅਦ ਸਥਾਨਕ ਕੁੱਕੀ ਤੇ ਮੈਤੇਈ ਸਮੂਹਾਂ ਵਿਚਾਲੇ ਜਾਤੀ ਹਿੰਸਾ ਦੀ ਸ਼ੁਰੂਆਤ ਹੋਈ ਸੀ। ਨਾਕਾਮ ਪ੍ਰਸ਼ਾਸਨ ਦੇ ਲਗਭਗ ਦੋ ਸਾਲ ਗੁਜ਼ਰ ਜਾਣ ਦੇ ਬਾਅਦ ਮੁੱਖ ਮੰਤਰੀ ਬੀਰੇਨ ਸਿੰਘ ਨੇ ਅਸਤੀਫਾ ਦਿੱਤਾ ਅਤੇ ਸੂਬੇ ਵਿੱਚ ਫਰਵਰੀ 2025 ’ਚ ਰਾਸ਼ਟਰਪਤੀ ਸ਼ਾਸਨ ਲਾਇਆ ਗਿਆ। ਇਸ ਦੌਰਾਨ ਭਾਜਪਾ ਸਰਕਾਰ ਹਿੰਸਾ, ਬਲਾਤਕਾਰ, ਅਗਜ਼ਨੀ ਤੇ ਉਜਾੜਾ ਰੋਕਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ। 260 ਲੋਕ ਹਿੰਸਾ ਦੀ ਭੇਟ ਚੜ੍ਹ ਗਏ ਤੇ 60 ਹਜ਼ਾਰ ਉਜੜ ਗਏ। ਏਨਾ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵੱਲ ਮੂੰਹ ਨਹੀਂ ਕੀਤਾ। ਉਹ 864 ਦਿਨਾਂ ਬਾਅਦ ਸਨਿੱਚਰਵਾਰ ਮਨੀਪੁਰ ਗਏ। ਪੀੜਤਾਂ ਨੂੰ ਉਮੀਦਾਂ ਸਨ ਕਿ ਉਹ ਉਨ੍ਹਾ ਦੇ ਜ਼ਖਮਾਂ ’ਤੇ ਮਰਹਮ ਲਾਉਣਗੇ, ਪਰ ਉਹ ਹਜ਼ਾਰਾਂ ਕਰੋੜਾਂ ਦਾ ਵਿਕਾਸ ਕਰਨ ਦੀਆਂ ਬਾਤਾਂ ਪਾ ਕੇ ਆ ਗਏ।
ਸੂਬਾ ਢਾਈ ਸਾਲਾਂ ਤੋਂ ਮਹਿਲਾਵਾਂ ਨਾਲ ਯੌਨ ਅਪਰਾਧਾਂ ਦੀਆਂ ਨਿਰੰਤਰ ਘਟਨਾਵਾਂ ਦੇਖ ਰਿਹਾ ਹੈ, ਜਿਸ ਧੱਬੇ ਨੂੰ ਮਿਟਾਉਣਾ ਕਈ ਪੀੜ੍ਹੀਆਂ ਤੱਕ ਮੁਮਕਿਨ ਨਹੀਂ ਹੋਵੇਗਾ। ਉਸ ਘਟਨਾ ਨੂੰ ਭੁਲਾਇਆ ਨਹੀਂ ਜਾ ਸਕਦਾ, ਜਦੋਂ ਭੀੜ ਨੇ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਪਰੇਡ ਕਰਵਾਈ ਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਕਈ ਮਹੀਨਿਆਂ ਬਾਅਦ ਜਦ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਪ੍ਰਧਾਨ ਮੰਤਰੀ ਨੂੰ ਅਫਸੋਸ ਜ਼ਾਹਰ ਕਰਨਾ ਪਿਆ। ਜੇ ਵੀਡੀਓ ਵਾਇਰਲ ਨਾ ਹੁੰਦੀ ਤਾਂ ਮੋਦੀ ਇਸ ਘਿਨਾਉਣੀ ਘਟਨਾ ਨੂੰ ਵੀ ਪਚਾ ਜਾਂਦੇ। ਆਖਰ ਉਨ੍ਹਾ ਨੂੰ ਕਹਿਣਾ ਪਿਆ ਸੀਇਸ ਘਟਨਾ ਨੇ ਪੂਰੇ ਦੇਸ਼ ਦਾ ਸਿਰ ਝੁਕਾ ਦਿੱਤਾ ਹੈ। ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਮਿਲੇਗੀ। ਮੈਂ ਪੂਰੇ ਰਾਸ਼ਟਰ ਨੂੰ ਭਰੋਸਾ ਦਿੰਦਾ ਹਾਂ ਕਿ ਕਾਨੂੰਨ ਆਪਣੀ ਪੂਰੀ ਸ਼ਕਤੀ ਨਾਲ ਇਨਸਾਫ ਕਰੇਗਾ। ਮਨੀਪੁਰ ਦੀਆਂ ਬੇਟੀਆਂ ਨਾਲ ਹੋਇਆ ਅਪਰਾਧ ਨਾਕਾਬਲੇ ਮੁਆਫੀ ਹੈ।
ਸਵਾਲ ਉਠਦਾ ਹੈ ਕਿ ਮੋਦੀ ਦਾ ਉਹ ਵਾਅਦਾ ਕਿੱਥੇ ਗਿਆ। ਕੀ ਮਨੀਪੁਰ ਦੀਆਂ ਬੇਟੀਆਂ ਨੂੰ ਇਨਸਾਫ ਮਿਲਿਆ। ਜਿਸ ਘਟਨਾ ਨੇ ਦੇਸ਼ ਦਾ ਸਿਰ ਝੁਕਾ ਦਿੱਤਾ ਸੀ, ਉਸ ਘਟਨਾ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ ਨੇ ਕਿਵੇਂ ਨਜਿੱਠਿਆ? ਮੋਦੀ ਨੇ ਇਹ ਅਫਸੋਸ ਜੁਲਾਈ 2023 ਵਿੱਚ ਕੀਤਾ ਸੀ ਤੇ ਉਸ ਦੇ ਬਾਅਦ ਦੋ ਸਾਲ ਬੀਤ ਗਏ, ਪਰ ਪ੍ਰਧਾਨ ਮੰਤਰੀ ਨੂੰ ਉਹ ਘਟਨਾ ਦੁਬਾਰਾ ਯਾਦ ਨਹੀਂ ਆਈ। ਅਜੇ ਤੱਕ ਉਨ੍ਹਾ ਨਹੀਂ ਦੱਸਿਆ ਕਿ ਮਨੀਪੁਰ ਦੀਆਂ ਬੇਟੀਆਂ ਨੂੰ ਕੀ ਇਨਸਾਫ ਦਿਵਾਇਆ। ਮੋਦੀ ਨੇ ਕੁੱਕੀ ਬਹੁ-ਗਿਣਤੀ ਵਾਲੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਬੋਲਦਿਆਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਇੱਥੇ ਹਿੰਸਾ ਹੋਈ। ਅੱਜ ਉਹ ਤੁਹਾਡੇ ਨਾਲ ਵਾਅਦਾ ਕਰਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਤੁਹਾਡੇ ਨਾਲ ਹੈ ਤੇ ਉਹ ਖੁਦ ਤੁਹਾਡੇ ਨਾਲ ਹਨ। ਮਨੀਪੁਰ ਦੇ ਲੋਕਾਂ ਨੂੰ ਉਮੀਦਾਂ ਸਨ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਜ਼ਖਮਾਂ ’ਤੇ ਮਰਹਮ ਲਾ ਕੇ ਜਾਣਗੇ, ਪਰ ਉਹ ਪਿਛਲਾ ਵਾਅਦਾ ਭੁਲਾ ਕੇ ਇੱਕ ਹੋਰ ਵਾਅਦਾ ਕਰਕੇ ਆ ਗਏ।



