ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਲੰਡਨ ’ਚ ਡੇਢ ਲੱਖ ਲੋਕਾਂ ਦਾ ਵਿਖਾਵਾ

0
147

ਲੰਡਨ : ਬਰਤਾਨੀਆ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਆਬਾਦੀ ਖਿਲਾਫ ਇੱਥੇ ਸਨਿੱਚਰਵਾਰ ਕਰੀਬ ਡੇਢ ਲੱਖ ਲੋਕਾਂ ਨੇ ਵਿਖਾਵਾ ਕੀਤਾ।
‘ਯੂਨਾਈਟ ਦਾ ਕਿੰਗਡਮ’ ਨਾਂਅ ਦੇ ਪ੍ਰੋਟੈੱਸਟ ਦੀ ਅਗਵਾਈ ਪ੍ਰਵਾਸੀ ਵਿਰੋਧੀ ਆਗੂ ਟੌਮੀ ਰੌਬਿਨਸਨ ਨੇ ਕੀਤੀ। ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਦੱਖਣਪੰਥੀ ਵਿਖਾਵਾ ਮੰਨਿਆ ਜਾ ਰਿਹਾ ਹੈ।
ਇਸ ਪ੍ਰੋਟੈੱਸਟ ਵਿੱਚ ਟੈਸਲਾ ਦਾ ਮਾਲਕ ਐਲਨ ਮਸਕ ਵੀ ਵੀਡੀਓ ਰਾਹੀਂ ਸ਼ਾਮਲ ਹੋਇਆ। ਉਸ ਨੇ ਟੌਮੀ ਨਾਲ ਗੱਲ ਕਰਦਿਆਂ ਕਿਹਾ, ‘ਹਿੰਸਾ ਤੁਹਾਡੇ ਕੋਲ ਆ ਰਹੀ ਹੈ ਜਾਂ ਤਾਂ ਲੜੋ ਜਾਂ ਮਰੋ।’ ਮਸਕ ਨੇ ਬਰਤਾਨਵੀ ਸੰਸਦ ਭੰਗ ਕਰਨ ਤੇ ਸਰਕਾਰ ਬਦਲਣ ਦੀ ਗੱਲ ਵੀ ਕਹੀ। ਵਿਖਾਵੇ ਵਿੱਚ ਸ਼ਾਮਲ ਫਰਾਂਸ ਦੇ ਦੱਖਣਪੰਥੀ ਸਿਆਸਤਦਾਨ ਐਰਿਕ ਜ਼ੇਮੋ ਨੇ ਕਿਹਾ ਕਿ ਫਰਾਂਸ ਵਿੱਚ ਵੀ ਪ੍ਰਵਾਸੀ ਕਬਜ਼ੇ ਕਰੀ ਜਾ ਰਹੇ ਹਨ। ਉਸ ਨੇ ਕਿਹਾ, ‘ਜਿਹੜੀਆਂ ਸਾਡੀਆਂ ਬਸਤੀਆਂ ਹੁੰਦੀਆਂ ਸਨ, ਉੱਥੇ ਦੇ ਲੋਕ ਸਾਨੂੰ ਬਸਤੀ ਬਣਾ ਰਹੇ ਹਨ।’ ਟੌਮੀ ਨੇ ਕਿਹਾ, ‘ਪ੍ਰਵਾਸੀਆਂ ਦੀ ਗੱਲ ਅਦਾਲਤਾਂ ਬਰਤਾਨਵੀਆਂ ਨਾਲੋਂ ਵੱਧ ਸੁਣਦੀਆਂ ਹਨ, ਜਦਕਿ ਦੇਸ਼ ਬਰਤਾਨਵੀਆਂ ਨੇ ਬਣਾਇਆ।’
ਪ੍ਰੋਟੈੱਸਟ ਦੌਰਾਨ ਜਦੋਂ ਸ਼ਹਿਰ ਵਿੱਚ ਹਿੰਸਾ ਹੋ ਰਹੀ ਸੀ ਤਾਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਆਪਣੇ ਬੇਟੇ ਨਾਲ ਐਮੀਰੇਟਸ ਸਟੇਡੀਅਮ ਵਿੱਚ ਫੁੱਟਬਾਲ ਮੈਚ ਦੇਖ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ। ਇਸ ਸਾਲ 28 ਹਜ਼ਾਰ ਤੋਂ ਵੱਧ ਪ੍ਰਵਾਸੀ ਇੰਗਲਿਸ਼ ਚੈਨਲ ਦੇ ਰਸਤੇ ਕਿਸ਼ਤੀਆਂ ਵਿੱਚ ਬਰਤਾਨੀਆ ਪੁੱਜੇ ਹਨ।
ਇਸ ਪ੍ਰੋਟੈੱਸਟ ਦੇ ਮੁਕਾਬਲੇ ਫਾਸ਼ੀਵਾਦ ਖਿਲਾਫ ਸਨਿੱਚਰਵਾਰ ਹੀ ‘ਸਟੈਂਡ ਆਪ ਟੂ ਰੇਸਿਜ਼ਮ’ ਨਾਮੀ ਵਿਖਾਵਾ ਵੀ ਹੋਇਆ, ਜਿਸ ਵਿੱਚ ਲਗਭਗ ਪੰਜ ਹਜ਼ਾਰ ਲੋਕ ਸ਼ਾਮਲ ਸਨ। ਦੋਹਾਂ ਗਰੁੱਪਾਂ ਵਿਚਾਲੇ ਟਕਰਾਅ ਟਾਲਣ ਲਈ ਪੁਲਸ ਨੇ ਘੇਰਾਬੰਦੀ ਕੀਤੀ ਹੋਈ ਸੀ। ਪੁਲਸ ਨੇ ਦੱਸਿਆ ਕਿ ਟੌਮੀ ਦੇ ਮਾਰਚ ਦੌਰਾਨ ਕੁਝ ਲੋਕਾਂ ਨੇ ਪੁਲਸ ਘੇਰਾ ਤੋੜਨ ਕੇ ਵਿਰੋਧੀ ਗਰੁੱਪ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਈ ਪੁਲਸ ਵਾਲਿਆਂ ’ਤੇ ਹਮਲਾ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਯੂਨੀਅਨ ਜੈਕ ਤੇ ਸੇਂਟ ਜਾਰਜ ਕਰਾਸ ਦੇ ਝੰਡੇ ਚੁੱਕੇ ਹੋਏ ਸਨ। ਕੁਝ ਕੋਲ ਅਮਰੀਕੀ ਤੇ ਇਜ਼ਰਾਈਲੀ ਝੰਡੇ ਵੀ ਸਨ। ਕਈਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਲੀ ‘ਮੇਕ ਅਮੈਰਿਕਾ ਗ੍ਰੇਟ ਅਗੇਨ’ ਦੀ ਟੋਪੀ ਪਾਈ ਹੋਈ ਸੀ। ਉਨ੍ਹਾ ਪ੍ਰਧਾਨ ਮੰਤਰੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕੁਝ ਲੋਕ ਬੱਚੇ ਲੈ ਕੇ ਵੀ ਆਏ।
ਟੌਮੀ ਰੌਬਿਨਸਨ, ਜਿਸ ਦਾ ਅਸਲੀ ਨਾਂਅ ਸਟੀਫਨ ਯੈਕਸਲੀ-ਲੇਨਨ ਹੈ, ਨੇ ਮਾਰਚ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਉਤਸਵ ਦੱਸਿਆ। 27 ਨਵੰਬਰ 1982 ਵਿੱਚ ਲਿਊਟਨ ’ਚ ਪੈਦਾ ਹੋਇਆ ਟੌਮੀ ਸੱਜੇ-ਪੱਖੀ ਆਗੂ ਤੇ ਪੱਤਰਕਾਰ ਹੈ। ਉਹ ਇਸਲਾਮ-ਵਿਰੋਧੀ ਤੇ ਪ੍ਰਵਾਸੀ-ਵਿਰੋਧੀ ਵਜੋਂ ਜਾਣਿਆ ਜਾਂਦਾ ਹੈ। ਬਰਤਾਨੀਆ ਦੀ ਕੁਲ ਆਬਾਦੀ ਵਿੱਚੋਂ ਇੱਕ ਕਰੋੜ 10 ਲੱਖ (16 ਫੀਸਦੀ) ਪ੍ਰਵਾਸੀ ਹਨ। ਇਨ੍ਹਾਂ ਵਿੱਚ 41 ਲੱਖ ਮੁਸਲਮ ਯਾਨਿ 6.5 ਫੀਸਦੀ (ਪਾਕਿਸਤਾਨ, ਬੰਗਲਾਦੇਸ਼ ਤੇ ਮੱਧ ਪੂਰਬ ਤੋਂ), 12 ਲੱਖ ਹਿੰਦੂ ਯਾਨਿ 1.7 ਫੀਸਦੀ (ਭਾਰਤ ਤੇ ਨੇਪਾਲ ਤੋਂ), 57 ਲੱਖ ਹੋਰ ਯਾਨਿ 5.3 ਫੀਸਦੀ (ਈਸਾਈ 50 ਫੀਸਦੀ, ਸਿੱਖ 90 ਫੀਸਦੀ) ਹਨ।