ਮੋਗਾ : ਗ਼ਦਰੀ ਲਹਿਰ ਵਿੱਚ ਪੰਜਾਬ ਦੇ ਸਭ ਹਿੱਸਿਆਂ ’ਚੋਂ ਵਿਦੇਸ਼ਾਂ ਵਿੱਚ ਕਮਾਈਆਂ ਕਰਨ ਗਏ ਕਿਸਾਨਾਂ ਦੇ ਪੁੱਤਰਾਂ ਨੂੰ ਆਪਣੇ ਦੇਸ ਨੂੰ ਅਜ਼ਾਦ ਕਰਾਉਣ ਦੀ ਚਿਣਗ ਵੀ ਉਥੇ ਹੀ ਲੱਗੀ। ਦੇਸ਼ ਪਹੁੰਚਣ ’ਤੇ ਅਨੇਕਾਂ ਨੇ ਫਾਂਸੀ ਦੇ ਰੱਸੇ ਚੁੰਮੇ, ਹੋਰਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਤੇ ਜੇਲੀਂ ਬੰਦ ਰੱਖਿਆ ਗਿਆ। ਜੋ ਅਜ਼ਾਦੀ ਤੋਂ ਬਾਅਦ ਜਿਉਦੇ ਰਹੇ, ਉਹਨਾਂ ਸਭ ਨੇ ਦੇਸ਼ ਦੇ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਘੋਲਾਂ ਵਿੱਚ ਆਪਣੇ-ਆਪਣੇ ਖਿੱਤੇ ਵਿੱਚ ਨਾ ਸਿਰਫ ਆਗੂ ਦੀ ਭੂਮਿਕਾ ਨਿਭਾਈ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਲੜਾਈ ਵਿੱਚ ਮੈਦਾਨ ਮੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ’ਚੋਂ ਇੱਕ ਸਨ ਕਾਮਰੇਡ ਬਚਨ ਸਿੰਘ ਘੋਲੀਆ। ਇਹ ਉਹਨਾ ਦੀ ਲੋਕਾਂ ’ਚ ਹਰਮਨਪਿਆਰਤਾ ਹੀ ਸੀ ਕਿ ਹਲਕਾ ਬਾਘਾ ਪੁਰਾਣਾ ਦੇ ਵੋਟਰਾਂ ਨੇ 1962 ਦੀਆਂ ਅਸੈਂਬਲੀ ਚੋਣਾਂ ’ਚ ਉਨ੍ਹਾ ਨੂੰ ਵਿਧਾਨ ਸਭਾ ਦੀ ਦਹਿਲੀਜ਼ ਪਾਰ ਕਰਵਾ ਦਿੱਤੀ। ਉਹਨਾ ਦਾ ਸਮੁੱਚਾ ਪਰਵਾਰ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜਿਆ ਹੋਇਆ ਹੈ। ਹਮੇਸ਼ਾ ਪਾਰਟੀ ਲਈ ਹਰ ਤਰ੍ਹਾਂ ਦੀ ਮਦਦ ਲਈ ਹਾਜ਼ਰ ਰਹਿੰਦਾ ਹੈ। ਇਸੇ ਸੰਬੰਧ ’ਚ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਦੀ ਅਪੀਲ ’ਤੇ ਕੁਲਦੀਪ ਭੋਲਾ ਜ਼ਿਲ੍ਹਾ ਸਕੱਤਰ ਰਾਹੀਂ ਪਾਰਟੀ ਦੇ ਮਹਾਂ-ਸੰਮੇਲਨ ਲਈ ਸਮੁੱਚੇ ਘੋਲੀਆ ਪਰਵਾਰ ਵਲੋਂ 75000 ਰੁਪਏ ਸਹਾਇਤਾ ਭੇਜੀ ਹੈ। ਸੀ ਪੀ ਆਈ ਪੰਜਾਬ ਦੇ ਕੰਟਰੋਲ ਕਮਿਸ਼ਨ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਗੁਰਦਿੱਤ ਦੀਨਾ ਅਤੇ ਸ਼ੇਰ ਸਿੰਘ ਦੌਲਤਪੁਰਾ ਨੇ ਸਮੁੱਚੀ ਜ਼ਿਲ੍ਹਾ ਪਾਰਟੀ ਵੱਲੋਂ ਉਨ੍ਹਾ ਦਾ ਹਾਰਦਿਕ ਧੰਨਵਾਦ ਕੀਤਾ। ਇਹ ਜਾਣਕਾਰੀ ਡਾਕਟਰ ਇੰਦਰਵੀਰ ਗਿੱਲ ਨੇ ਸਾਂਝੀ ਕੀਤੀ।





