ਮਾਸਟਰ ਹਰਜੀਤ ਸਿੰਘ ਰਣਸੀਂਹ ਕਲਾਂ ਦੇ ਪਰਵਾਰ ਵੱਲੋਂ 31 ਹਜ਼ਾਰ ਦਾ ਯੋਗਦਾਨ

0
144

ਨਿਹਾਲ ਸਿੰਘ ਵਾਲਾ : ਅਧਿਆਪਨ ਅਤੇ ਸਦੀਆਂ ਤੋਂ ਲਿਤਾੜੇ, ਆਰਥਕ ਤੌਰ ’ਤੇ ਪੱਛੜੇ ਲੋਕਾਂ ਦੀ ਬਾਤ ਪਾਉਦੀ ਸਵੈ-ਜੀਵਨੀ, ਜੋ ਵਾਰਤਕ ਤੇ ਕਾਵਿਕ ਰੂਪ ’ਚ ਹੈ, ਰਾਹੀਂ ਚਰਚਿਤ ਹੋਏ ਮਰਹੂਮ ਮਾਸਟਰ ਮਾਸਟਰ ਹਰਜੀਤ ਸਿੰਘ ਰਣਸੀਂਹ ਕਲਾਂ ਕਿਸੇ ਹੋਰ ਜਾਣ-ਪਹਿਚਾਣ ਦੇ ਮੁਥਾਜ਼ ਨਹੀਂ ਹਨ।ਉਹ ਕਾਮਰੇਡ ਗੁਰਦਿਆਲ ਸਿੰਘ ਸਰਪੰਚ ਦੀ ਪ੍ਰੇਰਨਾ ਨਾਲ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ।ਉਹ ਐਲਾਨੀਆਂ ਤੌਰ ’ਤੇ ਕਾਮਰੇਡ ਗੁਰਦਿਆਲ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸਨ। ਮਾਸਟਰ ਹਰਜੀਤ ਸਿੰਘ ਨੇ ਬਾਲ ਸਾਹਿਤ ਨਾਲ ਸੰਬੰਧਤ ਕਵਿਤਾਵਾਂ ਦੀਆਂ ਪੰਜ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।ਉਨ੍ਹਾ ਦੀ ਬੇਟੀ ਅਤੇ ਬੇਟੇ ਵੀ ਇਨਕਲਾਬੀ ਵਿਰਾਸਤ ਨੂੰ ਪਰਣਾਏ ਹੋਏ ਹਨ। ਮਾਸਟਰ ਜੀ ਆਪਣੇ ਆਖਰੀ ਸਾਹਾਂ ਤੱਕ ਭਾਰਤੀ ਕਮਿਊਨਿਸਟ ਪਾਰਟੀ ਅਤੇ ਕਾਮਰੇਡ ਗੁਰਦਿਆਲ ਸਿੰਘ ਸਰਪੰਚ ਨਾਲ ਡਟੇ ਰਹੇ।
ਬੀਤੇ ਦਿਨੀਂ ਜਦੋਂ ਪਰਵਾਰ ਨੂੰ ਜਾਣਕਾਰੀ ਮਿਲੀ ਕਿ ਪਾਰਟੀ ਦੀ ਕੌਮੀ ਕਾਂਗਰਸ ਇਸ ਵਾਰ ਚੰਡੀਗੜ੍ਹ ਵਿਖੇ ਹੋ ਰਹੀ ਹੈ ਤਾਂ ਮਾਤਾ ਸੁਰਿੰਦਰ ਕੌਰ ਨੇ ਸੁਨੇਹਾ ਭੇਜਿਆ ਕਿ ਪਾਰਟੀ ਵਾਲੇ ਘਰ ਆਉਣ, ਅਸੀਂ ਕਾਂਗਰਸ ਲਈ ਸਹਾਇਤਾ ਰਾਸ਼ੀ ਦੇਣਾ ਚਾਹੁੰਦੇ ਹਾਂ।ਪਾਰਟੀ ਦੇ ਸਕੱਤਰ ਕੁਲਦੀਪ ਸਿੰਘ ਭੋਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸੁਖਦੇਵ ਸਿੰਘ ਭੋਲਾ ਅਤੇ ਡਾਕਟਰ ਇੰਦਰਵੀਰ ਗਿੱਲ ਜਦ ਉਨ੍ਹਾ ਦੇ ਘਰ ਪਹੁੰਚੇ ਤਾਂ ਸਮੂਹ ਪਰਵਾਰ ਨੇ ਖਿੜੇ ਮੱਥੇ ਕਾਂਗਰਸ ਲਈ ਮਾਸਟਰ ਜੀ ਦੀ ਯਾਦ ਵਿੱਚ ਇਕੱਤੀ ਹਜ਼ਾਰ ਰੁਪਏ ਹਾਜ਼ਰ ਆਗੂਆਂ ਨੂੰ ਭੇਟ ਕੀਤੇ। ਪਰਵਾਰ ਦਾ ਧੰਨਵਾਦ ਕਰਦਿਆਂ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਮਜ਼ਦੂਰਾਂ, ਛੋਟੇ ਦਰਮਿਆਨੇ ਕਿਸਾਨਾਂ, ਵਿਉਪਾਰੀਆਂ, ਸਨਅਤਕਾਰਾਂ ਅਤੇ ਮੁਲਾਜ਼ਮਾਂ ਆਦਿ ਦੇ ਹਿੱਤਾਂ ਦੀ ਪਹਿਰੇਦਾਰ ਪਾਰਟੀ ਹੈ। ਇਸ ਲਈ ਖਰਚਿਆਂ ਲਈ ਫੰਡ ਆਦਿ ਦੀ ਟੇਕ ਇਹਨਾਂ ਮਿਹਨਤਕਸ਼ ਲੋਕਾਂ ਤੋਂ ਹੀ ਹੁੰਦੀ ਹੈ। ਜਦੋਂ ਕਾਮੇ ਦਿਲ ਖੋਲ੍ਹ ਕੇ ਫੰਡ ਦਿੰਦੇ ਹਨ ਤਾਂ ਮੋੜਵੇਂ ਰੂਪ ਵਿੱਚ ਉਹ ਆਗੂਆਂ ਤੋਂ ਇਹ ਆਸ ਵੀ ਕਰਦੇ ਹਨ ਕਿ ਆਗੂ ਜਿੱਥੇ ਇਸ ਪੈਸੇ ਦੀ ਵਰਤੋਂ ਯੋਗ ਥਾਂ ਅਤੇ ਸੰਜਮ ਨਾਲ ਕਰਨ, ਉੱਥੇ ਹੱਕਾਂ ਦੀ ਲਹਿਰ ਨੂੰ ਮਜ਼ਬੂਤ ਕਰਦਿਆਂ ਅੱਗੇ ਵਧਣ। ਸਾਥੀ ਭੋਲਾ ਨੇ ਪਰਵਾਰ ਨੂੰ ਵਿਸ਼ਵਾਸ ਦਿਵਾਉਦਿਆਂ ਕਿਹਾ ਕਿ ਲਾਜ਼ਮੀ ਤੌਰ ’ਤੇ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਲੋਕ ਮੁੱਦਿਆਂ ਨੂੰ ਬੁਲੰਦੀਆਂ ਅਤੇ ਜਿੱਤਾਂ ਵੱਲ ਲੈ ਜਾਣ ਲਈ ਠੋਸ ਰਣਨੀਤੀ ਘੜਦਿਆਂ ਪ੍ਰਾਪਤੀ ਵੱਲ ਵਧੇਗੀ। ਇਹ ਜਾਣਕਾਰੀ ਸਿਕੰਦਰ ਸਿੰਘ ਮਧੇਕੇ ਨੇ ਦਿੱਤੀ।