ਜਨੇਵਾ : ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵੱਲੋਂ ਨਿਯੁਕਤ ਆਜ਼ਾਦ ਮਾਹਰਾਂ ਦੀ ਟੀਮ ਨੇ ਮੰਗਲਵਾਰ ਜਾਰੀ ਰਿਪੋਰਟ ਵਿੱਚ ਕਿਹਾ ਹੈ ਕਿ ਇਜ਼ਰਾਈਲ ਗਾਜ਼ਾ ’ਚ ਨਸਲਘਾਤ (ਜੀਨੋਸਾਈਡ) ਕਰ ਰਿਹਾ ਹੈ। ਟੀਮ ਨੇ ਕੌਮਾਂਤਰੀ ਭਾਈਚਾਰੇ ਨੂੰ ਇਸ ਨੂੰ ਰੋਕਣ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਤਿੰਨ ਮੈਂਬਰੀ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ’ਤੇ ਹੁਣ ਤੱਕ ਦਾ ਸਭ ਤੋਂ ਗੰਭੀਰ ਦੋਸ਼ਾਂ ਦਾ ਦਸਤਾਵੇਜ਼ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਈਲੀ ਹਮਲਿਆਂ ’ਚ 64 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਜਾਂਚ ਟੀਮ ਦੀ ਮੁਖੀ ਤੇ ਕੌਮਾਂਤਰੀ ਫੌਜਦਾਰੀ ਅਦਾਲਤ ਦੀ ਸਾਬਕਾ ਜੱਜ ਪਿੱਲੇ ਨੇ ਪ੍ਰੈੱਸ ਕਾਨਫਰੰਸ ਵਿੱਚ ਇਹ ਰਿਪੋਰਟ ਜਾਰੀ ਕੀਤੀ। ਕਮਿਸ਼ਨ ਨੇ ਨਸਲਘਾਤ ਨੂੰ ਸਾਬਤ ਕਰਨ ਲਈ ਆਪਣੀ ਰਿਪੋਰਟ ਵਿੱਚ ਵੱਡੀ ਪੱਧਰ ’ਤੇ ਕਤਲਾਂ, ਡਾਕਟਰੀ ਸਹਾਇਤਾ ਰੋਕਣ, ਧੱਕੇ ਨਾਲ ਉਜਾੜੇ ਅਤੇ ਜੱਚਾ-ਬੱਚਾ ਕਲੀਨਕਾਂ ਦੀ ਤਬਾਹੀ ਦੀਆਂ ਮਿਸਾਲਾਂ ਦਿੱਤੀਆਂ ਹਨ।
ਜਾਂਚ ਕਮਿਸ਼ਨ ਨੇ ਕਿਹਾ ਹੈ ਕਿ ਉਸ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਵਿੱਚ ਕੀਤੇ ਗਏ ਹਮਲੇ ਦੇ ਬਾਅਦ ਤੋਂ ਗਾਜ਼ਾ ਤੇ ਹੋਰਨਾਂ ਫਲਸਤੀਨੀ ਖੇਤਰਾਂ ’ਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦਾ ਅਧਿਅਨ ਕੀਤਾ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਇਸ ਦੇ ਅਧੀਨ ਕੰਮ ਕਰ ਰਹੀ 47 ਮੈਂਬਰੀ ਮਨੁੱਖੀ ਅਧਿਕਾਰ ਕੌਂਸਲ ਕਿਸੇ ਦੇਸ਼ ਖਿਲਾਫ ਸਿੱਧੀ ਕਾਰਵਾਈ ਨਹੀਂ ਕਰ ਸਕਦੀ, ਪਰ ਇਸ ਦੇ ਸਿੱਟਿਆਂ ਨੂੰ ਕੌਮਾਂਤਰੀ ਅਪਰਾਧ ਅਦਾਲਤ ਜਾਂ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ 1948 ਵਿੱਚ ਪ੍ਰਵਾਨਤ ‘ਜੀਨੋਸਾਈਡ ਕਨਵੈਨਸ਼ਨ’ ਦੇ ਤਹਿਰ ਪ੍ਰੀਭਾਸ਼ਤ ਪੰਜ ਵਿੱਚੋਂ ਚਾਰ ‘ਨਸਲਘਾਤ ਕਾਰੇ’ ਕੀਤੇ ਹਨ। ਇਜ਼ਰਾਈਲ ਦੀ ਮਨਸ਼ਾ ਫਲਸਤੀਨੀਆਂ ਦੇ ਸਫਾਏ ਦੀ ਹੈ।
ਐਮਨੈਸਟੀ ਇੰਟਰਨੈਸ਼ਨਲ ਨੇ ਇੰਗਲੈਂਡ ਨੂੰ ਕਿਹਾ ਹੈ ਕਿ ਉਹ ਮਨੁੱਖੀ ਅਧਿਕਾਰ ਕੌਂਸਲ ਦੀ ਟੀਮ ਦੀ ਰਿਪੋਰਟ ਤੋਂ ਬਾਅਦ ਇਜ਼ਰਾਈਲ ਨੂੰ ਨਸਲਘਾਤ ਕਰਨ ਤੋਂ ਰੋਕੇ। ਇਸੇ ਦੌਰਾਨ ਇਜ਼ਰਾਈਲ ਵੱਲੋਂ ਕੱਲ੍ਹ ਤੋਂ ਸ਼ੁਰੂ ਕੀਤੇ ਗਏ ਜ਼ਮੀਨੀ ਹਮਲੇ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 68 ਹੋ ਗਈ ਹੈ।


