ਨਵੀਂ ਦਿੱਲੀ : ਉੱਘੀ ਇਤਿਹਾਸਕਾਰ ਰੋਮਿਲਾ ਥਾਪਰ ਨੇ ਕਿਹਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਤੇ ਸਮਾਜ ਵਿਗਿਆਨ ਦੇ ਹੋਰਨਾਂ ਕੇਂਦਰਾਂ ਦਾ ਪਿਛਲੇ 10 ਸਾਲਾਂ ਵਿੱਚ ਘਾਣ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਕਾਇਮ ਕਰਨ ਵਿੱਚ ਸ਼ਾਮਲ ਰਹੇ ਲੋਕ ਇਸ ਤਬਾਹੀ ਤੋਂ ਦੁਖੀ ਹਨ।
ਮੰਗਲਵਾਰ ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਤੀਜੇ ਕਪਿਲਾ ਵਾਤਸਾਯਨ ਯਾਦਗਾਰੀ ਲੈਕਚਰ ਦੌਰਾਨ ਬੋਲਦਿਆਂ ਉਨ੍ਹਾ ਕਿਹਾ ਕਿ ਜੇ ਐੱਨ ਯੂ ਵਿੱਚ ਅਕਾਦਮਿਕ ਮਿਆਰ ਕਾਇਮ ਰੱਖਣੇ ਇੱਕ ਦਹਾਕੇ ਤੋਂ ਬਹੁਤ ਹੀ ਔਖੇ ਹੋ ਗਏ ਹਨ। ਥਾਪਰ ਨੇ ਕਿਹਾ, ‘ਸਾਡੇ ਵਰਗੇ ਕੁਝ ਲੋਕ, ਜਿਹੜੇ 1970ਵਿਆਂ ਵਿੱਚ ਜੇ ਐੱਨ ਯੂ ਕਾਇਮ ਕਰਨ ਵਿੱਚ ਸ਼ਾਮਲ ਰਹੇ, ਪਿਛਲੇ 10 ਸਾਲਾਂ ’ਚ ਇਸ ਦੇ ਨਿਘਾਰ ਨੂੰ ਦੇਖ ਕੇ ਦੁਖੀ ਹਨ। ਇਹ ਮਾਮਲਾ ਸਿਰਫ ਜੇ ਐੱਨ ਯੂ ਤੱਕ ਹੀ ਸੀਮਤ ਨਹੀਂ ਰਿਹਾ, ਸਮਾਜ ਵਿਗਿਆਨ ਦੇ ਹੋਰਨਾਂ ਤਕੜੇ ਕੇਂਦਰਾਂ ਦਾ ਵੀ ਕਾਫੀ ਘਾਣ ਕੀਤਾ ਗਿਆ ਹੈ।’
ਥਾਪਰ ਨੇ ਕਿਹਾ ਕਿ ਉਹ ਅਜਿਹੀ ਯੂਨੀਵਰਸਿਟੀ ਬਣਾਉਣ ਵਿੱਚ ਸਫਲ ਹੋਏ ਸਨ, ਜਿਸ ਨੂੰ ਦੇਸ਼ ਤੇ ਦੁਨੀਆ ਵਿੱਚ ਕਾਫੀ ਸਤਿਕਾਰ ਮਿਲਿਆ, ਪਰ ਇੱਕ ਦਹਾਕੇ ਤੋਂ ਉੱਥੇ ਅਕਾਦਮਿਕ ਮਿਆਰ ਕਾਇਮ ਰੱਖਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਕੁਝ ਘਟੀਆ ਪ੍ਰੋਫੈਸਰ ਨਿਯੁਕਤ ਕਰ ਦਿੱਤੇ ਗਏ ਹਨ, ਗੈਰ-ਪੇਸ਼ੇਵਰ ਲੋਕ ਹੁਕਮ ਚਾੜ੍ਹ ਰਹੇ ਹਨ ਕਿ ਸਿਲੇਬਸ ਕਿਹੋ ਜਿਹਾ ਹੋਣਾ ਚਾਹੀਦਾ ਹੈ, ਪਹਿਲਾਂ ਨਿਯੁਕਤ ਕੀਤੇ ਪ੍ਰੋਫੈਸਰ ਅਮੈਰੀਟਸ ਨੂੰ ਹਟਾਉਣ ਦੇ ਜਤਨ ਹੋ ਰਹੇ ਹਨ, ਖੋਜ ਤੇ ਸਿਖਾਉਣ ਦੀ ਆਜ਼ਾਦੀ ਨੂੰ ਘਟਾਇਆ ਜਾ ਰਿਹਾ ਹੈ।
93 ਸਾਲਾ ਥਾਪਰ ਨੇ ਜੇ ਐੱਨ ਯੂ ਵਿੱਚ 2020 ਦੀ ਇੱਕ ਘਟਨਾ, ਜਿਸ ਵਿੱਚ ਹਥਿਆਰਬੰਦ ਭੀੜ ਨੇ ਕੈਂਪਸ ’ਚ ਵੜ ਕੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਜ਼ਖਮੀ ਕਰ ਦਿੱਤਾ ਸੀ, ਦਾ ਹਵਾਲਾ ਦਿੰਦਿਆਂ ਕਿਹਾ ਕਿ ਉਦੋਂ ਸਥਿਤੀ ਅਕਾਦਮਿਕ ਨਿਜ਼ਾਮ ਤੋਂ ਬਾਹਰ ਹੋ ਗਈ ਸੀ। ਪਿਛਲੇ ਪੰਜ ਸਾਲ ਤੋਂ ਵੱਧ ਸਮੇਂ ਤੋਂ ਬਿਨਾਂ ਜ਼ਮਾਨਤ ਜੇਲ੍ਹ ਵਿੱਚ ਸੜ ਰਹੇ ਜੇ ਐੱਨ ਯੂ ਦੇ ਵਿਦਿਆਰਥੀ ਉਮਰ ਖਾਲਿਦ ਦਾ ਨਾਂਅ ਲਏ ਬਿਨਾਂ ਥਾਪਰ ਨੇ ਕਿਹਾ, ‘ਵਿਦਿਆ ’ਤੇ ਸਿਆਸੀ ਕੰਟਰੋਲ ਬੌਧਿਕ ਰਚਨਾਤਮਕਤਾ ਨੂੰ ਮਾਰ ਦਿੰਦਾ ਹੈ।’ ਉਨ੍ਹਾ ਕਿਹਾ ਕਿ ਅਥਾਰਟੀ ਦੀ ਨੁਕਤਾਚੀਨੀ ਕਰਨ ਵਾਲੇ ਵਿਦਿਆਰਥੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਤੇ ਕੁਝ ਤਾਂ ਬਿਨਾਂ ਮੁਕੱਦਮਿਆਂ ਦੇ ਛੇ-ਛੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾ ਕਿਹਾ, ‘ਕਿਸੇ ਨੂੰ ਬੋਲਣ ਤੋਂ ਰੋਕ ਸਕਦੇ ਹੋ, ਪਰ ਉਸ ਦੇ ਵਿਚਾਰ ਨੂੰ ਸੁੰਨ ਨਹੀਂ ਕਰ ਸਕਦੇ।’
ਥਾਪਰ ਨੇ ਭਾਰਤ ਵਿੱਚ ਇਤਿਹਾਸ ਨੂੰ ਪੜ੍ਹਾਉਣ ਦੇ ਚਲੰਤ ਢੰਗਾਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਤਿਹਾਸ ਛੇਤੀ ਹੀ ਸ਼ਿਕਾਰ ਹੋ ਜਾਂਦਾ ਹੈ, ਕਿਉਕਿ ਦੇਸ਼ ਵਿੱਚ ਇਤਿਹਾਸ ਦੀ ਜਾਣਕਾਰੀ ਆਮ ਤੌਰ ’ਤੇ ਬਹੁਤ ਘੱਟ ਹੈ। ਤੁਸੀਂ ਵਿਗਿਆਨ ਨੂੰ ਤੋੜ-ਮਰੋੜ ਨਹੀਂ ਸਕਦੇ, ਕਿਉਕਿ ਉਹ ਟੈਕਨੀਕਲ ਹੁੰਦਾ ਹੈ। ਸਮਾਜ ਵਿਗਿਆਨੀ ਇਹ ਵਿਸ਼ਲੇਸ਼ਣ ਕਰਦੇ ਹਨ ਕਿ ਸਮਾਜ ਕਿਵੇਂ ਵਿਚਰਦੇ ਹਨ ਅਤੇ ਇਹ ਘੱਟ ਟੈਕਨੀਕਲ ਤੇ ਵਧੇਰੇ ਸ਼ਿਕਾਰ ਹੋਣ ਵਾਲੇ ਹੁੰਦੇ ਹਨ। ਇਤਿਹਾਸ ਤਾਂ ਬਹੁਤ ਛੇਤੀ ਸ਼ਿਕਾਰ ਹੋ ਜਾਂਦਾ ਹੈ।
‘ਸ਼ੁਰੂਆਤੀ ਭਾਰਤ : ਉਤਪਤੀ ਤੋਂ 1300 ਈਸਵੀ ਤੱਕ’ ਦੀ ਲੇਖਕਾ ਰੋਮਿਲਾ ਥਾਪਰ ਨੇ ਕਿਹਾ, ‘ਅੱਜਕੱਲ੍ਹ ਜਿਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਹੈ, ਉਹ ਛੰਡੀਆਂ ਗਈਆਂ ਬਸਤੀਵਾਦੀ ਥਿਊਰੀਆਂ ਦੀ ਵਾਪਸੀ ਹੈ। ਇਹ ਬਸਤੀਵਾਦ ਤੋਂ ਪਿੱਛਾ ਛੁਡਾਉਣ ਵਾਲੀ ਗੱਲ ਨਹੀਂ, ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ, ਇਹ ਬਸਤੀਵਾਦੀ ਅਧਿਆਪਨ ਦੀ ਹਮਾਇਤ ਹੈ। ਨਵੇਂ ਇਤਿਹਾਸ ਦੇ ਸਿਰਜਕ ਬਸਤੀਵਾਦ ਤੋਂ ਬਾਅਦ ਦੇ ਸਮੇਂ ਵਿੱਚ ਪਿਛਲੇ 75 ਸਾਲ ਤੋਂ ਲਿਖੇ ਤੇ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਬਦਲਣ ਦਾ ਦਾਅਵਾ ਕਰਦੇ ਹਨ, ਜਿਸ ਇਤਿਹਾਸ ਵਿੱਚੋਂ ਬਹੁਤੇ ਨੂੰ ਮਾਰਕਸਵਾਦੀਆਂ ਵੱਲੋਂ ਲਿਖਿਆ ਦੱਸਿਆ ਜਾ ਰਿਹਾ ਹੈ। ਉਹ ਇਸ ਨੂੰ ਗਲਤ ਦੱਸ ਕੇ ਰੱਦ ਕਰ ਰਹੇ ਹਨ।
ਇਤਿਹਾਸ ਪੜ੍ਹਾਉਣ ਦੇ ‘ਹਿੰਦੂਤਵੀ ਰੂਪਾਂਤਰ’, ਜਿਹੜਾ ਆਰੀਅਨ ਨਸਲ ਦੀ ਸਰਬਉੱਚਤਾ ਤੇ ਦੋ-ਰਾਸ਼ਟਰਾਂ ਦੇ ਸਿਧਾਂਤ ਦੀ ਵਕਾਲਤ ਕਰਦਾ ਹੈ, ਬਾਰੇ ਬੋਲਦਿਆਂ ਥਾਪਰ ਨੇ ਕਿਹਾ ਕਿ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਭਾਰਤ ਦਾ ਭਵਿੱਖ ਹਿੰਦੂ ਰਾਜ ਵਿੱਚ ਨਿਹਿਤ ਹੈ। ਉਨ੍ਹਾ ਪੁੱਛਿਆ ਕਿ ਕੀ ਭਾਰਤ ਵਰਗੇ ਬਹੁਲਵਾਦੀ ਸਮਾਜ ਨੂੰ ਇੱਕ ਸਾਂਝੀ ਵਿਰਾਸਤ ਵਿੱਚ ਨੂੜਿਆ ਜਾ ਸਕਦਾ ਹੈ? ਇਕਹਿਰਾ ਬਹੁਗਿਣਤੀਵਾਦ ਜਮਹੂਰੀਅਤ ਵਿਰੋਧੀ ਹੈ ਅਤੇ ਇਹ ਜਾਤਵਾਦੀ ਪ੍ਰਥਾ ਦਾ ਹਾਮੀ ਹੈ। ਉਨ੍ਹਾ ਕਿਹਾ ਕਿ ਵਰਤਮਾਨ ਹਾਲਾਤ ਇਹ ਸੋਚਣ ਲਈ ਮਜਬੂਰ ਕਰ ਰਹੇ ਹਨ ਕਿ ਕੀ ਅਸੀਂ ਆਪਣੇ ਸਮਾਜ ਨੂੰ ਇੱਕ ਤਰ੍ਹਾਂ ਰਹਿਣ ਤੇ ਸੋਚਣ ਤੱਕ ਸੀਮਤ ਕਰਨਾ ਚਾਹੁੰਦੇ ਹਾਂ? ਕੀ ਬੀਤੇ ਦੀ ਸਿਰਫ ਇੱਕ ਵਿਆਖਿਆ ਹੋਵੇਗੀ ਤੇ ਹੋਰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ? ਕੀ ਸੱਭਿਆਚਾਰ ਨੂੰ ਭਾਰੂ ਭਾਈਚਾਰੇ ਦੀ ਸੱਭਿਆਚਰਕ ਸ਼ੈਲੀ ਹੀ ਪ੍ਰੀਭਾਸ਼ਤ ਕਰੇਗੀ ਤੇ ਵਖਰੇਵੇਂ ਨੂੰ ਰੱਦ ਕਰ ਦਿੱਤਾ ਜਾਵੇਗਾ?
ਥਾਪਰ ਨੇ ਅੱਗੇ ਕਿਹਾ ਕਿ ਪੜ੍ਹਾਇਆ ਤੇ ਪੜ੍ਹਿਆ ਜਾਣ ਵਾਲਾ ਇਤਿਹਾਸ ਭਰੋਸੇਯੋਗ ਤੇ ਸਹੀ ਹੋਣਾ ਚਾਹੀਦਾ ਹੈ ਅਤੇ ਅੱਗੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਸ ਨੂੰ ਸਿਆਸੀ ਤੇ ਹੋਰਨਾਂ ਕਾਰਨਾਂ ਕਰਕੇ ਆਪਣੇ ਮੁਤਾਬਕ ਨਾ ਢਾਲਿਆ ਜਾ ਸਕੇ। ਇਸ ਪੜਾਅ ’ਤੇ ਵਿਦਿਆ ਫੈਸਲਾਕੁੰਨ ਬਣ ਜਾਂਦੀ ਹੈ, ਜਿਸ ਲਈ ਸਿਆਣੇ ਤੇ ਕਾਬਲ ਅਧਿਆਪਕ ਹੋਣ, ਜਿਹੜੇ ਵਿਦਿਆਰਥੀਆਂ ਨੂੰ ਸੁਆਲ ਪੁੱਛਣ ਲਈ ਉਤਸ਼ਾਹਤ ਕਰਨ। ਉਨ੍ਹਾ ਕਿਹਾ ਕਿ ਇੱਕ ਸਮਾਂ ਸੀ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਂਦੀ ਸੀ ਕਿ ਉਹ ਸੰਸਾਰ ਬਾਰੇ ਬੁਨਿਆਦੀ ਸਮਝ ਬਣਾ ਸਕਣ, ਪਰ ਅੱਜਕੱਲ੍ਹ ਇਹ ਬਹੁਤ ਘਟ ਗਿਆ ਹੈ।





