ਚੰਡੀਗੜ੍ਹ (ਗੁਰਜੀਤ ਬਿੱਲਾ)
ਆਪਣੇ ਸੰਗਠਨਾਤਮਕ ਆਧਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਪੂਰੇ ਪੰਜਾਬ ਵਿੱਚ ਮਜ਼ਬੂਤ ਅਗਵਾਈ ਨੂੰ ਯਕੀਨੀ ਬਣਾਉਣ ਦੇ ਮਿਸ਼ਨ ਨਾਲ ਆਮ ਆਦਮੀ ਪਾਰਟੀ ਪੰਜਾਬ ਨੇ ਬੁੱਧਵਾਰ ਪਾਰਟੀ ਦੇ ਵੱਖ-ਵੱਖ ਵਿੰਗਾਂ ਵਿੱਚ ਕਈ ਪ੍ਰਮੁੱਖ ਨਿਯੁਕਤੀਆਂ ਦਾ ਐਲਾਨ ਕੀਤਾ।ਰਣਜੋਧ ਸਿੰਘ ਹਡਾਣਾ ਨੂੰ ਸਨੌਰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪੂਰੇ ਸੂਬੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਅਤੇ ਅਗਵਾਈ ਕਰਨ ਲਈ ਪੰਜਾਬ ਲਈ ਚਾਰ ਨਵੇਂ ਸਟੇਟ ਆਬਜ਼ਰਵਰ ਨਿਯੁਕਤ ਕੀਤੇ ਹਨ। ਨਵੇਂ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਵਿੱਚ ਆਦਿਲ ਅਹਿਮਦ ਖਾਨ, ਗਾਇਤਰੀ ਬਿਸ਼ਨੋਈ, ਰਿਤੇਸ਼ ਖੰਡੇਲਵਾਲ ਅਤੇ ਅਸਿਤ ਕੁਮਾਰ ਦੇ ਨਾਂਅ ਸ਼ਾਮਲ ਹਨ।ਪਾਰਟੀ ਨੇ ਆਪਣੀ ਜ਼ਮੀਨੀ ਪੱਧਰ ’ਤੇ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ 27 ਹਲਕਿਆਂ ਲਈ ਹਲਕਾ ਸੰਗਠਨ ਇੰਚਾਰਜ ਅਤੇ ਖਰੜ ਹਲਕੇ ਲਈ ਇੱਕ ਟ੍ਰੇਡ ਵਿੰਗ ਹਲਕਾ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਹੈ। ਵਿਨੋਦ ਕਪੂਰ ਨੂੰ ਖਰੜ ਟ੍ਰੇਡ ਵਿੰਗ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ‘ਆਪ’ ਦੀ ਤਾਕਤ ਇਸ ਦੇ ਮਜ਼ਬੂਤ ਅਤੇ ਵਚਨਬੱਧ ਸੰਗਠਨਾਤਮਕ ਨੈੱਟਵਰਕ ਵਿੱਚ ਹੈ। ਇਹ ਨਿਯੁਕਤੀਆਂ ਜ਼ਮੀਨੀ ਪੱਧਰ ’ਤੇ ਸਾਡੀ ਪਾਰਟੀ ਦੇ ਕੰਮ ਨੂੰ ਨਵਾਂ ਹੁਲਾਰਾ ਦੇਣਗੀਆਂ।
ਨਵੇਂ ਨਿਯੁਕਤ ਕੀਤੇ ਗਏ ਆਗੂਆਂ ਨੂੰ ਵਧਾਈ ਦਿੰਦੇ ਹੋਏ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਲੋਕਾਂ ਲਈ ਨਿਰਸਵਾਰਥ ਕੰਮ ਕਰਨ।



