ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ‘ਵੋਟ ਚੋਰੀ’ ਲਈ ਵੋਟਰਾਂ ਦੇ ਨਾਂਅ ਥੋਕ ਵਿੱਚ ਮਿਟਾ ਕੇ ‘ਕੇਂਦਰੀਕਿ੍ਰਤ ਤਰੀਕੇ ਨਾਲ ਕੀਤੇ ਅਪਰਾਧ’ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਨੇ ਕਰਨਾਟਕ ਸੀ ਆਈ ਡੀ ਵੱਲੋਂ ਕੀਤੀ ਜਾ ਰਹੀ ਜਾਂਚ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਜਾਂਚ ਦੇ ਨਤੀਜੇ ਵਜੋਂ ਪਹਿਲਾਂ ਹੀ ਇੱਕ ਐੱਫ ਆਈ ਆਰ ਦਰਜ ਹੋ ਚੁੱਕੀ ਹੈ। ਉਨ੍ਹਾ ਦਾਅਵਾ ਕੀਤਾ ਕਿ ਸੀ ਆਈ ਡੀ ਨੇ 18 ਮਹੀਨਿਆਂ ਵਿੱਚ 18 ਵਾਰ ਚੋਣ ਕਮਿਸ਼ਨ ਤੋਂ ਆਈ ਪੀ ਐਡਰੈੱਸ, ਡਿਵਾਈਸ ਪੋਰਟ ਅਤੇ ਓ ਟੀ ਪੀ ਟਰੇਲ ਜਿਹੇ ਅਹਿਮ ਤਕਨੀਕੀ ਵੇਰਵੇ ਮੰਗੇ, ਪਰ ਕਮਿਸ਼ਨ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ। ਰਾਹੁਲ ਨੇ ਦੋਸ਼ ਲਾਇਆ, ‘ਉਹ ਇਹ ਜਾਣਕਾਰੀ ਕਿਉਂ ਨਹੀਂ ਦੇ ਰਹੇ ਹਨ? ਕਿਉਂਕਿ ਇਹ ਤੁਹਾਨੂੰ ਸਿੱਧੇ ਉਸ ਥਾਂ ’ਤੇ ਲੈ ਜਾਵੇਗਾ, ਜਿੱਥੋਂ ਕਾਰਵਾਈ ਚਲਾਈ ਜਾ ਰਹੀ ਹੈ।’ ਕਾਂਗਰਸੀ ਆਗੂ ਨੇ ਕਿਹਾ ਕਿ ਕਥਿਤ ਵੋਟਰਾਂ ਨੂੰ ਮਿਟਾਉਣਾ ਅਸਲ ਵਿਚ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਓ ਬੀ ਸੀ ਨੂੰ ‘ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਉਣਾ’ ਹੈ। ਉਨ੍ਹਾ ਦੋਸ਼ ਲਾਇਆ ਕਿ ‘ਕੋਈ’ ਤਾਂ ਹੈ, ਜੋ ਇੱਕ ਸੂਬੇ ਤੋਂ ਬਾਅਦ ਦੂਜੇ ਵਿੱਚ ਵਿਰੋਧੀ ਧਿਰਾਂ ਦੀਆਂ ਵੋਟਾਂ ਮਿਟਾਉਣ ਲਈ ਇਸ ਪੂਰੇ ਅਮਲ ਨੂੰ ਹਾਈਜੈਕ ਕਰ ਰਿਹਾ ਹੈ। ਉਨ੍ਹਾ ਕਿਹਾ, ‘ਇਹ ਪ੍ਰੈੱਸ ਕਾਨਫਰੰਸ ਹਾਈਡਰੋਜਨ ਬੰਬ ਬਾਰੇ ਨਹੀਂ , ਬਲਕਿ ਇਹ ਦਰਸਾਉਣ ਲਈ ਸੱਦੀ ਹੈ ਕਿ ਚੋਣਾਂ ਵਿੱਚ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ।’ ਕਰਨਾਟਕ ਦੇ ਆਲੰਦ ਵਿੱਚ 2023 ਦੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਦਾਅਵਾ ਕੀਤਾ ਕਿ ਵੋਟਾਂ ਕਟਾਉਣ/ ਮਿਟਾਉਣ ਲਈ 6,018 ਅਰਜ਼ੀਆਂ ਨਕਲ ਅਤੇ ਸਵੈਚਾਲਤ ਪ੍ਰਣਾਲੀਆਂ ਰਾਹੀਂ ਦਾਇਰ ਕੀਤੀਆਂ ਗਈਆਂ ਸਨ। ਉਨ੍ਹਾ ਕਿਹਾ ਕਿ ਇਹ ਮਾਮਲਾ ਸਿਰਫ ਇਸ ਲਈ ਸਾਹਮਣੇ ਆਇਆ, ਕਿਉਂਕਿ ਇੱਕ ਬੂਥ ਪੱਧਰੀ ਅਧਿਕਾਰੀ (ਬੀ ਐੱਲ ਓ) ਨੇ ਦੇਖਿਆ ਕਿ ਉਸ ਦੇ ਚਾਚੇ ਦਾ ਨਾਂਅ ਸੂਚੀ ਵਿੱਚੋਂ ਗਾਇਬ ਸੀ। ਉਸ ਨੇ ਚਾਚੇ ਦਾ ਨਾਂਅ ਹਟਾਉਣ ਦੇ ਬਿਨੈਕਾਰ ਵਜੋਂ ਸੂਚੀਬੱਧ ਇੱਕ ਗੁਆਂਢੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਸ ਨੂੰ ਵੋਟਰ ਵਜੋਂ ਨਾਂਅ ਮਿਟਾਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਰਾਹੁਲ ਨੇ ਕਿਹਾ, ‘ਨਾ ਤਾਂ ਉਸ ਵਿਅਕਤੀ ਨੂੰ ਪਤਾ ਸੀ, ਜਿਸ ਉੱਤੇ ਵੋਟ ਮਿਟਾਉਣ ਦਾ ਦੋਸ਼ ਹੈ ਤੇ ਨਾ ਹੀ ਉਸ ਵੋਟਰ ਨੂੰ ਜਿਸ ਦਾ ਨਾਂਅ ਹਟਾਇਆ ਗਿਆ ਸੀ। ਕਿਸੇ ਹੋਰ ਤਾਕਤ ਨੇ ਪੂਰੇ ਅਮਲ ਨੂੰ ਹਾਈਜੈਕ ਕਰ ਲਿਆ ਸੀ।’ ਉਨ੍ਹਾ ਇਸ ਪੂਰੀ ਕਾਰਜ ਪ੍ਰਣਾਲੀ ਨੂੰ ਸਮਝਾਉਣ ਲਈ ਮਿਸਾਲਾਂ ਵੀ ਪੇਸ਼ ਕੀਤੀਆਂ। ਇੱਕ ਮਾਮਲੇ ਵਿੱਚ 63 ਸਾਲਾ ਗੋਦਾਬਾਈ ਦੇ ਨਾਂਅ ’ਤੇ ਫਰਜ਼ੀ ਲਾਗਇਨ ਬਣਾਇਆ ਗਿਆ ਤਾਂ ਕਿ 12 ਵੋਟਰਾਂ ਦੇ ਨਾਂਅ ਹਟਾਏ ਜਾ ਸਕਣ। ਹਾਲਾਂਕਿ ਇਸ ਕੋਸ਼ਿਸ਼ ਨੂੰ ਸਮੇਂ ਸਿਰ ਰੋਕ ਦਿੱਤਾ ਗਿਆ ਸੀ। ਰਾਹੁਲ ਨੇ ਕਿਹਾ, ‘ਉਸ ਬਿਰਧ ਮਹਿਲਾ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਏਨਾ ਕੁਝ ਹੋ ਰਿਹਾ ਹੈ। ਕਰਨਾਟਕ ਤੋਂ ਬਾਹਰਲੇ ਮੋਬਾਇਲ ਨੰਬਰ ਵਰਤੇ ਗਏ ਸਨ, ਇਹ ਕਿਸ ਦੇ ਨੰਬਰ ਸਨ ਅਤੇ ਓ ਟੀ ਪੀ ਕੌਣ ਤਿਆਰ ਕਰ ਰਿਹਾ ਸੀ? ’
ਇੱਕ ਹੋਰ ਮਿਸਾਲ ਸੂਰੀਆਕਾਂਤ ਨਾਂਅ ਦੇ ਇੱਕ ਵਿਅਕਤੀ ਦੀ ਸੀ, ਜਿਸ ਬਾਰੇ ਰਾਹੁਲ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਨਾਂਅ ’ਤੇ ਸਿਰਫ 14 ਮਿੰਟਾਂ ਵਿੱਚ 12 ਡਿਲੀਸ਼ਨ ਦਾਇਰ ਕੀਤੇ ਗਏ ਸਨ। ਰਾਹੁਲ ਨੇ ਉਸ ਨੂੰ ਬਬੀਤਾ ਦੇ ਨਾਲ ਸਟੇਜ ’ਤੇ ਬੁਲਾਇਆ, ਜਿਸ ਦਾ ਨਾਂਅ ਕਥਿਤ ਤੌਰ ’ਤੇ ਉਸ ਦੀ ਚੋਰੀ ਕੀਤੀ ਗਈ ਪਛਾਣ ਰਾਹੀਂ ਕੱਟ ਦਿੱਤਾ ਗਿਆ ਸੀ। ਸੂਰੀਆਕਾਂਤ ਨੇ ਕਿਹਾ, ‘ਮੈਨੂੰ ਕਦੇ ਕੋਈ ਸੁਨੇਹਾ ਨਹੀਂ ਮਿਲਿਆ, ਮੈਂ ਕਦੇ ਕੋਈ ਡਿਲੀਸ਼ਨ ਦਾਇਰ ਨਹੀਂ ਕੀਤੀ। ਬਬੀਤਾ ਨੇ ਮੈਨੂੰ ਬਾਅਦ ਵਿੱਚ ਹੀ ਦੱਸਿਆ।’ ਤੀਜਾ ਮਾਮਲਾ ਨਾਗਰਾਜ ਨਾਂਅ ਦੇ ਇੱਕ ਵਿਅਕਤੀ ਨਾਲ ਸੰਬੰਧਤ ਹੈ, ਜਿਸ ਦੇ ਨਾਂਅ ’ਤੇ ਸਵੇਰੇ 4 ਵਜੇ 36 ਸਕਿੰਟਾਂ ਦੇ ਅੰਦਰ ਦੋ ਡਿਲੀਸ਼ਨ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਰਾਹੁਲ ਨੇ ਕਿਹਾ, ‘ਇਹ ਮਨੁੱਖੀ ਤੌਰ ’ਤੇ ਅਸੰਭਵ ਹੈ।’
ਰਾਹੁਲ ਨੇ ਦਾਅਵਾ ਕੀਤਾ ਕਿ ਵੋਟਾਂ ਮਿਟਾਉਣ ਦੀਆਂ ਕਾਰਵਾਈਆਂ ਕਾਂਗਰਸ ਦੇ ਗੜ੍ਹਾਂ ਵਿੱਚ ਕੇਂਦਰਤ ਸਨ। ਉਨ੍ਹਾ ਕਿਹਾ, ‘ਸਿਖਰਲੇ 10 ਬੂਥ, ਜਿੱਥੇ ਸਭ ਤੋਂ ਵੱਧ ਡਿਲੀਸ਼ਨ ਅਰਜ਼ੀਆਂ ਆਈਆਂ, ਕਾਂਗਰਸ ਦੇ ਗੜ੍ਹ ਸਨ ਅਤੇ ਅਸੀਂ 2018 ਵਿੱਚ ਉਨ੍ਹਾਂ ਵਿੱਚੋਂ ਅੱਠ ਜਿੱਤੇ ਸੀ। ਇਹ ਕੋਈ ਇਤਫ਼ਾਕ ਨਹੀਂ ਸੀ, ਇਹ ਇੱਕ ਯੋਜਨਾਬੱਧ ਕਾਰਵਾਈ ਸੀ।’
ਰਾਹੁਲ ਮੁਤਾਬਕ ‘ਵੋਟਾਂ ਮਿਟਾਉਣਾ ਵਿਅਕਤੀਆਂ ਦਾ ਕੰਮ ਨਹੀਂ ਸੀ, ਬਲਕਿ ਵਿਸ਼ੇਸ਼ ਸਾਫਟਵੇਅਰ ਦਾ ਕੰਮ ਸੀ, ਜਿਸ ਨੇ ਵੋਟਰ ਸੂਚੀਆਂ ਤੋਂ ਕ੍ਰਮਵਾਰ ਨਾਂਅ ਲਏ ਅਤੇ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਨਕਲ ਕਰਨ ਲਈ ਵਰਤਿਆ।’ ਉਨ੍ਹਾ ਕਿਹਾ, ‘ਸਭ ਕੁਝ ਸਾਫ ਹੈ, ਅਜਿਹਾ ਸਬੂਤ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਮੁੱਖ ਚੋਣ ਕਮਿਸ਼ਨਰ ਵੋਟ ਚੋਰਾਂ ਨੂੰ ਬਚਾ ਰਹੇ ਹਨ।’
ਚੋਣ ਕਮਿਸ਼ਨ ਨੇ ਕਿਹਾ ਹੈ, ‘ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ ਗਲਤ ਤੇ ਬੇਬੁਨਿਆਦ ਹਨ। ਕਿਸੇ ਵੀ ਵੋਟ ਨੂੰ ਆਨਲਾਈਨ ਕਿਸੇ ਵੀ ਵਿਅਕਤੀ ਵੱਲੋਂ ਨਹੀਂ ਹਟਾਇਆ ਜਾ ਸਕਦਾ, ਜਿਵੇਂ ਕਿ ਰਾਹੁਲ ਨੇ ਗਲਤ ਧਾਰਨਾ ਬਣਾਈ ਹੈ। ਸੰਬੰਧਤ ਵਿਅਕਤੀ ਦਾ ਪੱਖ ਸੁਣੇ ਬਗੈਰ ਕੋਈ ਵੀ ਨਾਂਅ ਨਹੀਂ ਹਟਾਇਆ ਜਾ ਸਕਦਾ।’



