ਮੁੱਖ ਮੰਤਰੀ ਨੂੰ ਫੰਡ ਸੌਂਪਣ ਵੇਲੇ ਪ੍ਰਮੁੱਖ ਪੀ ਆਰ ਟੀ ਸੀ ਜਥੇਬੰਦੀਆਂ ਨੂੰ ਨਜ਼ਰ-ਅੰਦਾਜ਼ ਕਰਨ ’ਤੇ ਤਿੱਖਾ ਵਿਰੋਧ

0
147

ਪਟਿਆਲਾ : ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਵਰਕਰਾਂ ਦੀਆਂ ਪੰਜ ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਐੱਸ ਸੀ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਗਠਿਤ ਕੀਤੀ ਹੋਈ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ, ਰਾਜੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਵੀਰਵਾਰ ਇਕ ਬਿਆਨ ’ਚ ਕਿਹਾ ਕਿ ਐਕਸ਼ਨ ਕਮੇਟੀ, ਪੈਨਸ਼ਨਰਜ਼ ਐਸੋਸੀਏਸ਼ਨ, ਕੰਟਰੈਕਟ ਵਰਕਰਾਂ ਦੀ ਜਥੇਬੰਦੀ ਅਤੇ ਕੰਟਰੈਕਟ ਯੂਨੀਅਨ ਅਜ਼ਾਦ ਵੱਲੋਂ ਹੜ੍ਹ ਪੀੜਤਾਂ ਦੀ ਮਾਲੀ ਮਦਦ ਕਰਨ ਲਈ ਮੁੱਖ ਮੰਤਰੀ ਹੜ੍ਹ ਰਿਲੀਫ ਫੰਡ ਵਿੱਚ ਭੇਜਣ ਲਈ ਵਰਕਰਾਂ ਦੀ ਤਨਖਾਹ ਵਿਚੋਂ ਕਟੌਤੀ ਕਰਨ ਲਈ ਮਤੇ ਪਾ ਕੇ ਲਿਖਤੀ ਰੂਪ ਵਿੱਚ ਐੱਮ ਡੀ ਪੀ ਆਰ ਟੀ ਸੀ ਨੂੰ ਦਿੱਤੇ ਗਏ ਸਨ, ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਜਦੋਂ ਫੋਟੋਆਂ ਵੇਖੀਆਂ ਤਾਂ ਪਤਾ ਲੱਗਿਆ ਕਿ ਚੇਅਰਮੈਨ ਪੀ.ਆਰ.ਟੀ.ਸੀ. ਰਣਯੋਧ ਸਿੰਘ ਹਡਾਣਾ ਵੱਲੋਂ ਆਪਣੇ ਤੌਰ ’ਤੇ ਹੀ ਇੱਕ-ਦੋ ਜਥੇਬੰਦੀਆਂ ਦਾ ਇੱਕ-ਇੱਕ ਨੁਮਾਇੰਦਾ ਨਾਲ ਲੈ ਕੇ ਹੜ੍ਹ ਰਿਲੀਫ ਫੰਡ ਦਾ ਚੈੱਕ 17 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪਿਆ ਗਿਆ ਹੈ, ਜਦ ਕਿ ਵਰਕਰਾਂ ਅਤੇ ਸੇਵਾ-ਮੁਕਤ ਕਰਮਚਾਰੀਆਂ ਨੇ ਇਹ ਪੈਸਾ ਕਿਸੇ ਦੀ ਅਪੀਲ ਤੇ ਨਹੀਂ, ਸਗੋਂ ਸਵੈ-ਇੱਛਾ ਨਾਲ ਦਿੱਤਾ ਸੀ, ਪਰ ਚੇਅਰਮੈਨ ਨੇ ਜਿਸ ਫੁਰਤੀ ਨਾਲ ਅਤੇ ਭਾਵਨਾ ਨਾਲ ਮੁੱਖ ਜਥੇਬੰਦੀਆਂ ਨੂੰ ਨਜ਼ਰਅੰਦਾਜ ਕਰਕੇ ਮੁੱਖ ਮੰਤਰੀ ਨੁੰ ਚੈੱਕ ਸੌਂਪਣ ਦੀ ਰਸਮ ਤੋਂ ਬਾਹਰ ਰੱਖਿਆ ਅਤੇ ਆਪਣੀ ਮਰਜ਼ੀ ਨਾਲ ਇੱਕ-ਦੋ ਨੁਮਾਇੰਦੇ ਨਾਲ ਲੈ ਕੇ ਅਜਿਹਾ ਕੀਤਾ ਹੈ, ਉਹ ਇੱਕ ਨਿੰਦਣਯੋਗ ਕਾਰਵਾਈ ਹੈ ਅਤੇ ਜਥੇਬੰਦੀਆਂ ਦੀ ਜਾਣ ਬੁੱਝ ਕੇ ਕੀਤੀ ਗਈ ਹੱਤਕ ਹੈ। ਪੰਜ ਹਜ਼ਾਰ ਤੋਂ ਵੱਧ ਸੇਵਾ-ਮੁਕਤ ਬਜ਼ੁਰਗ ਪੈਨਸ਼ਨਰਾਂ ਦੇ ਨੁਮਾਇੰਦਿਆ ਦੀ ਵੀ ਤੌਹੀਨ ਹੈ। ਜਥੇਬੰਦੀਆਂ ਦੇ ਕਨਵੀਨਰ ਨੂੰ 11.10 ਵਜੇ ਸੁਨੇਹਾ ਮਿਲਿਆ ਕਿ 12 ਵਜੇ ਨੁਮਾਇੰਦੇ ਲੈ ਕੇ ਪੰਜਾਬ ਭਵਨ ਪੁੱਜ ਜਾਓ, ਜਦ ਕਿ ਇਹ ਸੰਭਵ ਹੀ ਨਹੀਂ ਸੀ ਕਿ ਪਟਿਆਲਾ ਤੋਂ 11 ਵਜੇ ਤੋਂ ਬਾਅਦ ਸਭ ਨੂੰ ਸੁਨੇਹੇ ਲਾ ਕੇ 12 ਵਜੇ ਪਹੁੰਚਿਆ ਜਾ ਸਕਦਾ। ਜੇਕਰ ਕਪੂਰਥਲਾ ਤੋਂ ਇੱਕ ਜਥੇਬੰਦੀ ਦਾ ਨੁਮਾਇੰਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ ਤਾਂ ਸਪੱਸ਼ਟ ਹੈ ਕਿ ਉਸ ਨੂੰ ਇੱਕ ਦਿਨ ਪਹਿਲਾ ਇਤਿਲਾਹ ਦਿੱਤੀ ਗਈ ਹੋਵੇਗੀ। ਐਕਸ਼ਨ ਕਮੇਟੀ ਦੇ ਆਗੂਆਂ ਚੇਅਰਮੈਨ ਕੋਲ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤੁਸੀਂ ਇੱਕ ਰਾਜ ਕਰਦੀ ਸਿਆਸੀ ਪਾਰਟੀ ਦੇ ਜ਼ਿੰਮੇਵਾਰ ਆਹੁਦੇਦਾਰ ਹੋ, ਤੁਹਾਨੂੰ ਇਸ ਤਰ੍ਹਾਂ ਦੀ ਫੁਰਤੀ ਵਿਖਾ ਕੇ ਜਥੇਬੰਦੀਆਂ ਨੂੰ ਹਨੇਰੇ ਵਿੱਚ ਰੱਖ ਕੇ ਨਿਰਾਦਰ ਨਹੀਂ ਸੀ ਕਰਨਾ ਚਾਹੀਦਾ। ਜੇਕਰ ਕਿਤੇ ਏਨੀ ਫੁਰਤੀ ਵਿਖਾ ਕੇ 400 ਨਵੀਆਂ ਬੱਸਾਂ ਪਾਉਣ ਦਾ ਇੰਤਜਾਮ ਕਰਦੇ, ਸਰਕਾਰ ਤੋਂ ਪੀ ਆਰ ਟੀ ਸੀ ਦਾ ਮੁਫ਼ਤ ਸਫਰ ਸਹੂਲਤਾਂ ਦਾ ਬਣਦਾ 700 ਕਰੋੜ ਰੁਪਿਆ ਲਿਆਉਦੇ, ਕੱਚੇ ਵਰਕਰਾਂ ਦੇ ਰੁਜਗਾਰ ਪੱਕੇ ਕਰਵਾ ਦਿੰਦੇ ਅਤੇ ਵਰਕਰਾਂ ਦੇ 150 ਕਰੋੜ ਰੁਪਏ ਦੇ ਪੈਂਡਿੰਗ ਪਏ ਬਕਾਏ ਦਿੱਤੇ ਜਾਣ ਦਾ ਪ੍ਰਬੰਧ ਕਰਦੇ ਤਾਂ ਵਾਹ-ਵਾਹ ਵੀ ਹੁੰਦੀ ਅਤੇ ਮਹਿਕਮਾ ਵੀ ਪੈਰਾਂ ਸਿਰ ਹੁੰਦਾ, ਪਰ ਇਹਨਾਂ ਕੰਮਾਂ ਵਿਚੋਂ ਤਾਂ ਚਾਰ ਸਾਲ ਵਿੱਚ ਇੱਕ ਵੀ ਨਹੀਂ ਹੋਇਆ। ਅੰਤ ਵਿੱਚ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਸਾਨੂੰ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚੋਂ ਬਾਹਰ ਰੱਖ ਕੇ ਹੀ ਹੜ੍ਹ ਪੀੜਤਾਂ ਲਈ ਰਾਹਤ ਰਾਸ਼ੀ ਸੌਂਪੀ ਗਈ ਹੈ, ਪਰ ਸਾਨੂੰ ਇਸ ਮਾਨਵਤਾ ਦੇ ਭਲੇ ਲਈ ਤੁੱਛ ਜਿਹਾ ਯੋਗਦਾਨ ਵਰਕਰਾਂ ਦੇ ਸਹਿਯੋਗ ਨਾਲ ਪਾਉਣ ’ਤੇ ਮਾਣ ਹੈ।