ਪੰਜਾਬੀਆਂ ਨੂੰ ਤਹੱਮਲ ਤੇ ਦੂਰ-ਅੰਦੇਸ਼ੀ ਦੀ ਲੋੜ : ਬੰਤ ਬਰਾੜ
ਸ਼ਾਹਕੋਟ/ਲੁਧਿਆਣਾ
(ਗਿਆਨ ਸੈਦਪੁਰੀ/ਐੱਮ ਐੱਸ ਭਾਟੀਆ)
‘ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਇੱਕ ਬੱਚੇ ਨਾਲ ਬਦਫੈਲੀ ਕਰਨ ਤੋਂ ਬਾਅਦ ਦਰਿੰਦਗੀ ਦੀਆਂ ਹੱਦਾਂ ਪਾਰ ਕਰਦਿਆਂ ਉਸ ਦੀ ਜਾਨ ਵੀ ਲੈ ਲਈ। ਇਹ ਅੱਤ ਨਿੰਦਣਯੋਗ ਕਾਰਾ ਸੀ। ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਵਿੱਚ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਪੰਜਾਬ ਵਾਸੀਆਂ ਨੂੰ ਇਸ ਗਰਮਾਏ ਹੋਏ ਮਾਹੌਲ ਦੌਰਾਨ ਬਹੁਤ ਤਹੱਮਲ, ਸਮਝਦਾਰੀ ਤੇ ਦੂਰ-ਅੰਦੇਸ਼ੀ ਨਾਲ ਵਿਚਰਨਾ ਪਵੇਗਾ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਇਕ ਬਿਆਨ ਵਿੱਚ ਕੀਤਾ। ਉਹਨਾ ਕਿਹਾ ਕਿ ਉਕਤ ਕਾਰੇ ਉਪਰੰਤ ਲੋਕਾਂ ਦੀਆਂ ਭਾਵਨਾਵਾਂ ਦਾ ਉਤੇਜਤ ਹੋਣਾ ਸੁਭਾਵਿਕ ਹੈ, ਪਰ ਇਹਨਾਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਲੈ ਕੇ ਪੰਜਾਬ ਨੂੰ ਬਲਦੀ ਦੇ ਬੁੱਥੇ ਪਾਉਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਰਹਿਣਾ ਵੀ ਬਹੁਤ ਜ਼ਰੂਰੀ ਹੈ। ਇਹ ਗੱਲ ਵੀ ਸਾਡੀ ਸਮਝ ਦਾ ਹਿੱਸਾ ਬਣੀ ਰਹਿਣੀ ਚਾਹੀਦੀ ਹੈ ਕਿ ਕਿਸੇ ਭਾਈਚਾਰੇ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਲਤੀ ਲਈ ਸਮੁੱਚੇ ਭਾਈਚਾਰੇ ਨੂੰ ਗੁਨਾਹਗਾਰ ਨਹੀਂ ਮੰਨਣਾ ਚਾਹੀਦਾ। ਸਾਨੂੰ ਇਹ ਗੱਲ ਦਾ ਵੀ ਭਲੀਭਾਂਤ ਗਿਆਨ ਹੈ ਕਿ ਪੰਜਾਬੀ ਲੋਕਾਂ ਦੇ ਬਾਹਰਲੇ ਸੂਬਿਆਂ ਵਿੱਚ ਵੱਡੇ ਪੱਧਰ ’ਤੇ ਵਸੇਬਾ ਤੇ ਕਾਰੋਬਾਰ ਹਨ। ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਵੀ ਸਾਡੇ ਫਰਜ਼ਾਂ ਵਿੱਚ ਸ਼ਾਮਲ ਹੈ।
ਬਰਾੜ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਕੁਝ ਕੁ ਮਾੜੇ ਅਨਸਰਾਂ ਨੂੰ ਛੱਡ ਕੇ ਬਹੁਤੇ ਪ੍ਰਵਾਸੀ ਪੰਜਾਬ ਵਿੱਚ ਕਿਰਤ ਕਰਨ ਆਉਦੇ ਹਨ। ਇਹ ਕਿਰਤੀ ਲੋਕ ਪੰਜਾਬ ਦੇ ਅਰਥਚਾਰੇ ਨੂੰ ਠੁੰਮ੍ਹਣਾ ਵੀ ਦਿੰਦੇ ਹਨ। ਇਹ ਇਸੇ ਤਰ੍ਹਾਂ ਹੈ, ਜਿਵੇਂ ਪੰਜਾਬੀਆਂ ਨੇ ਦੂਸਰੇ ਦੇਸ਼ਾਂ ਤੇ ਸੂਬਿਆਂ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਉਹਨਾ ਕਿਹਾ ਕਿ ਅਸੀਂ ਉਸ ਬਾਬੇ ਨਾਨਕ ਦੇ ਪੈਰੋਕਾਰ ਹਾਂ, ਜਿਨ੍ਹਾ ਕਿਰਤ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਹੈ। ਸਾਂਝੀਵਾਲਤਾ ਵੀ ਸਾਡੇ ਮਾਣ ਕਰਨ ਯੋਗ ਵਿਰਸੇ ਦਾ ਹਿੱਸਾ ਹੈ। ਇਲਾਕਾਵਾਦ ਵੀ ਅਸੀਂ ਨਹੀਂ ਮੰਨਦੇ। ਕਮਿਊਨਿਸਟ ਆਗੂ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੇ ਪੰਜ ਪਿਆਰਿਆਂ ਦੇ ਹਵਾਲੇ ਨਾਲ ਪੰਜਾਬੀਆਂ ਦੀ ਵਿਸ਼ਾਲ ਦਿ੍ਰਸ਼ਟੀ ਦਾ ਵਰਣਨ ਕੀਤਾ। ਉਹਨਾ ਕਿਹਾ ਕਿ ਪੰਜ ਪਿਆਰਿਆਂ ’ਚੋਂ ਇੱਕ ਲਾਹੌਰ ਦਾ ਸੀ ਤਾਂ ਦੂਜਾ ਦਿੱਲੀ ਤੋਂ ਸੀ। ਇਸੇ ਤਰ੍ਹਾਂ ਇੱਕ ਦਾ ਜਨਮ ਸਥਾਨ ਜਗਨਨਾਥ ਪੁਰੀ (ਓਡੀਸ਼ਾ) ਸੀ ਤੇ ਦੂਜੇ ਨੇ ਜਨਮ ਦੁਆਰਕਾ (ਗੁਜਰਾਤ) ਵਿੱਚ ਲਿਆ। ਇਹਨਾਂ ਵਿੱਚ ਭਾਈ ਸਾਹਿਬ ਸਿੰਘ ਬਿਦਰ (ਕਰਨਾਟਕ) ਵਿੱਚ ਪੈਦਾ ਹੋਏ। ਉਹਨਾ ਦੁਹਰਾਇਆ ਕਿ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇ।ਇਹ ਕੰਮ ਵੀ ਅਦਾਲਤ ਦਾ ਹੈ। ਪੰਜਾਬੀਆਂ ਨੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੇ ਆਪਣੇ ਵਿਰਸੇ ਨੂੰ ਕਾਇਮ ਰੱਖਣਾ ਹੈ। ਇਸ ਘੜੀ ਵਿੱਚ ਪੰਜਾਬ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਬੈਠੀਆਂ ਕਾਲੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸਹਾਇਕ ਜ਼ਿਲ੍ਹਾ ਸਕੱਤਰ ਡਾਕਟਰ ਅਰੁਣ ਮਿੱਤਰਾ, ਚਮਕੌਰ ਸਿੰਘ, ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ, ਰਮੇਸ਼ ਰਤਨ, ਕੇਵਲ ਸਿੰਘ ਬਣਵੈਤ, ਨਰੇਸ਼ ਗੌੜ, ਵਿਜੇ ਕੁਮਾਰ ਅਤੇ ਡਾਕਟਰ ਰਜਿੰਦਰ ਪਾਲ ਔਲਖ ਨੇ ਦੂਜੇ ਪ੍ਰਾਂਤਾਂ ਤੋਂ ਆਏ ਹੋਏ ਮਜ਼ਦੂਰਾਂ/ਕਾਮਿਆਂ ਪ੍ਰਤੀ ਸਮਾਜ ਦੇ ਇੱਕ ਹਿੱਸੇ ਵੱਲੋਂ ਫੈਲਾਏ ਜਾ ਰਹੇ ਨਫ਼ਰਤੀ ਪ੍ਰਚਾਰ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਸ ਨੇ ਕਿਹਾ ਕਿ ਜਿਥੇ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਅਤਿ ਨਿੰਦਣਯੋਗ ਹੈ ਤੇ ਦੋਸ਼ੀ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਉੱਥੇ ਇਸ ਘਟਨਾ ਨੂੰ ਸਾਹਮਣੇ ਰੱਖ ਕੇ ਸਾਰੇ ਕਾਮਿਆਂ ਨੂੰ ਦੋਸ਼ ਦੇਣਾ ਬਿਲਕੁਲ ਗਲਤ ਹੈ।ਅਪਰਾਧੀ ਦਾ ਕੋਈ ਦੀਨ, ਧਰਮ, ਜਾਤ ਜਾਂ ਇਲਾਕਾ ਨਹੀਂ ਹੁੰਦਾ।ਉਨ੍ਹਾ ਕਿਹਾ ਕਿ ਅੱਜ ਸਾਡਾ ਉਦਯੋਗ, ਸਾਡੀ ਖੇਤੀਬਾੜੀ ਅਤੇ ਅਨੇਕਾਂ ਹੋਰ ਕਾਰੋਬਾਰ ਇਹਨਾਂ ਦੂਜੇ ਪ੍ਰਾਂਤਾਂ ਤੋਂ ਆਏ ਕਾਮਿਆਂ ਦੇ ਸਿਰ ’ਤੇ ਚੱਲ ਰਹੇ ਹਨ।ਸੋ ਇਹਨਾਂ ਦੇ ਵਿਰੁੱਧ ਇਸ ਕਿਸਮ ਦਾ ਕੂੜ ਪ੍ਰਚਾਰ ਕਰਨਾ ਇੱਕ ਗਿਣੀ-ਮਿੱਥੀ ਸਾਜ਼ਿਸ਼ ਜਾਪਦੀ ਹੈ।ਅਸੀਂ ਪੁਲਸ ਨੂੰ ਅਪੀਲ ਕਰਦੇ ਹਾਂ ਕਿ ਲੁਧਿਆਣਾ ਦੇ ਵਿੱਚ ਸੰਵੇਦਨਸ਼ੀਲ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਪਹਿਲ ਦੇ ਅਧਾਰ ’ਤੇ ਉਥੇ ਪੁਲਸ ਵੱਲੋਂ ਅਗਾਊਂ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਤਾਂ ਕਿ ਉਹਨਾਂ ਥਾਵਾਂ ’ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜਾਂ ਝਗੜੇ ਵਾਲੀ ਨੌਬਤ ਨਾ ਆਵੇ।





