ਚੰਡੀਗੜ੍ਹ (ਪਰਮਜੀਤ ਢਾਬਾਂ)
ਭਾਰਤੀ ਕਮਿਊਨਿਸਟ ਪਾਰਟੀ ਦੇ ਪੰਜਾਬ ਸੂਬੇ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਕੌਮੀ ਮਹਾਂ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਹ ਮਹਾਂ ਸੰਮੇਲਨ 21 ਸਤੰਬਰ ਤੋਂ 25 ਸਤੰਬਰ ਤੱਕ ਚੱਲੇਗਾ ਅਤੇ ਪਹਿਲੇ ਦਿਨ 21 ਸਤੰਬਰ ਨੂੰ ਮੁਹਾਲੀ ਦੀ ਸਬਜ਼ੀ ਮੰਡੀ ਗਰਾਊਂਡ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ, ਵਿਦਿਆਰਥੀ, ਮਜ਼ਦੂਰ, ਕਿਸਾਨ ਅਤੇ ਆਮ ਲੋਕ ਸ਼ਮੂਲੀਅਤ ਕਰਨਗੇ।ਸੂਬਾ ਪਾਰਟੀ ਵੱਲੋਂ ਕਿਸਾਨ ਭਵਨ ਵਿਖੇ ਹੋ ਰਹੇ ਡੈਲੀਗੇਟ ਇਜਲਾਸ ਦੇ ਹਾਲ ਨੂੰ ਸਜਾਉਣ ਅਤੇ ਰੈਲੀ ਵਾਲੀ ਜਗ੍ਹਾ ਨੂੰ ਸ਼ਿੰਗਾਰਨ ਲਈ ਕਾਮਰੇਡ ਜਗਰੂਪ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਵਿਦਿਆਰਥੀ, ਨੌਜਵਾਨ ਵਲੰਟੀਅਰ ਪਹੁੰਚੇ ਹੋਏ ਹਨ ਅਤੇ ਉਹ ਆਪਣੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਮੈਂਬਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੈਲੀ ਦੀ ਕਾਮਯਾਬੀ ਲਈ ਸੂਬੇ ਭਰ ਦੇ ਹਰ ਜ਼ਿਲ੍ਹੇ ਦਾ ਹਰ ਪਾਰਟੀ ਵਰਕਰ ਤੋਂ ਲੈ ਕੇ ਆਗੂ ਤੱਕ ਆਪਣੀ ਪੂਰੀ ਤਨਦੇਹੀ ਤੇ ਸਖਤ ਮਿਹਨਤ ਦੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ 21 ਸਤੰਬਰ ਨੂੰ ਹੋਣ ਜਾ ਰਹੀ ਰੈਲੀ ਇੱਕ ਇਤਿਹਾਸਕ ਰੈਲੀ ਹੋਏਗੀ ਅਤੇ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾ ਦੱਸਿਆ ਕਿ ਕੇਂਦਰੀ ਲੀਡਰਸ਼ਿਪ ਦੀ ਟੀਮ ਚੰਡੀਗੜ੍ਹ ਵਿਖੇ ਪਹੁੰਚ ਚੁੱਕੀ ਹੈ ਅਤੇ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੀ ਹੈ। ਕੇਂਦਰੀ ਲੀਡਰਸ਼ਿਪ ਵਿੱਚ ਕਾਮਰੇਡ ਅਮਰਜੀਤ ਕੌਰ ਅਤੇ ਕਾਮਰੇਡ ਪਲਵ ਸੈਨ ਗੁਪਤਾ ਨੇ ਆ ਕੇ ਆਪਣਾ ਮੋਰਚਾ ਸੰਭਾਲ ਲਿਆ ਹੈ।ਹੋਰ ਜਾਣਕਾਰੀ ਦਿੰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸਾਥੀ ਸੁਖਜਿੰਦਰ ਮਹੇਸ਼ਰੀ ਅਤੇ ਕਾਮਰੇਡ ਦਿਲਦਾਰ ਸਿੰਘ ਨੇ ਦੱਸਿਆ ਕਿ ਕੌਮੀ ਕਾਂਗਰਗ ਨੂੰ ਕਾਮਯਾਬ ਕਰਨ ਲਈ ਸਾਡੇ ਸਾਰੇ ਪਾਰਟੀ ਵਰਕਰਾਂ ਅਤੇ ਨੌਜਵਾਨਾਂ ਦੀ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ। ਆਉਣ ਵਾਲੇ ਡੈਲੀਗੇਟਾਂ ਦੀ ਦੇਖਭਾਲ ਕਰਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਉਹ ਆਪਣੇ ਵਲੰਟੀਅਰ ਸਾਥੀਆਂ ਦੀਆਂ ਡਿਊਟੀਆਂ ਲਗਾ ਰਹੇ ਹਨ। ਪੰਜਾਬ ਤੋਂ ਵਲੰਟੀਅਰ ਦੋਨਾਂ ਜਗ੍ਹਾਂ ਨੂੰ ਸਜਾਉਣ ਲਈ ਆਪਣੇ ਕੰਮ ਕਰ ਰਹੇ ਹਨ। ਇਸ ਮੌਕੇ ਸਾਥੀ ਬਲਵਿੰਦਰ ਜੰਮੂ, ਐਡਵੋਕੇਟ ਜਸਪਾਲ ਸਿੰਘ ਦੱਪਰ, ਚਰਨਜੀਤ ਛਾਂਗਾ ਰਾਏ, ਮਹਿੰਦਰ ਸਿੰਘ ਮੁਹਾਲੀ, ਵਰਿੰਦਰ ਖੁਰਾਣਾ ਅਤੇ ਨਵਜੀਤ ਸੰਗਰੂਰ ਮੌਜੂਦ ਸਨ।





