ਚੰਡੀਗੜ੍ਹ (ਪਰਮਜੀਤ ਢਾਬਾਂ/
ਗਿਆਨ ਸੈਦਪੁਰੀ/ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ ਦੇ ਪੰਜਾਬ ਸੂਬੇ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਕੌਮੀ ਮਹਾਂ-ਸੰਮੇਲਨ ਦੀਆਂ ਤਿਆਰੀਆਂ ਮੁਕੰੰਮਲ ਹੋ ਗਈਆਂ ਹਨ। ਇਹ ਮਹਾਂ-ਸੰਮੇਲਨ 21 ਸਤੰਬਰ ਤੋਂ 25 ਸਤੰਬਰ ਤੱਕ ਚੱਲੇਗਾ। ਪਹਿਲੇ ਦਿਨ 21 ਸਤੰਬਰ ਨੂੰ ਮੁਹਾਲੀ ਦੀ ਸਬਜ਼ੀ ਮੰਡੀ ਗਰਾਉਡ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ, ਵਿਦਿਆਰਥੀ, ਮਜ਼ਦੂਰ, ਕਿਸਾਨ ਅਤੇ ਆਮ ਲੋਕ ਸ਼ਮੂਲੀਅਤ ਕਰਨਗੇ।
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਦੇਸ਼ ਭਰ ਵਿੱਚੋਂ ਸਾਢੇ ਛੇ ਸੌ ਦੇ ਕਰੀਬ ਚੁਣੇ ਹੋਏ ਡੈਲੀਗੇਟ ਵੱਖ-ਵੱਖ ਸੂਬਿਆਂ ਤੋਂ ਪਹੁੰਚ ਚੁੱਕੇ ਹਨ ਅਤੇ ਦੇਰ ਰਾਤ ਤੱਕ ਸਾਰੇ ਡੈਲੀਗੇਟ ਪੁੱਜ ਜਾਣਗੇ। ਉਹਨਾ ਕਿਹਾ ਕਿ ਕਾਂਗਰਸ ਪ੍ਰਤੀ ਜਿੱਥੇ ਸੂਬਾ ਪਾਰਟੀ ਵਿੱਚ ਵੱਡਾ ਉਤਸ਼ਾਹ ਹੈ, ਉਥੇ ਨਾਲ ਹੀ ਦੇਸ਼ ਦੇ ਲੋਕ ਇਸ ਕਾਂਗਰਸ ਵੱਲ ਤੱਕ ਰਹੇ ਹਨ ਕਿ ਇਸ ਵਿੱਚ ਕੀਤੇ ਜਾਣ ਵਾਲੇ ਇਤਿਹਾਸਕ ਫੈਸਲੇ ਦੇਸ਼ ਨੂੰ ਨਵੀਂ ਸੇਧ ਦੇਣਗੇ। ਕਾਮਰੇਡ ਬਰਾੜ ਨੇ ਦੱਸਿਆ ਕਿ ਪਾਰਟੀ ਦੇ ਨੌਜਵਾਨ ਵਲੰਟੀਅਰਜ਼ ਵੱਲੋਂ ਕਾਨਫਰੰਸ ਹਾਲ ਸਜਾਇਆ ਜਾ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਰੈਲੀ ਵਾਲਾ ਪੰਡਾਲ ਵੀ ਪੂਰੀ ਤਰ੍ਹਾਂ ਲਾਲੋ-ਲਾਲ ਹੋ ਚੁੱਕਿਆ ਹੈ। ਰੈਲੀ ਵਿੱਚ ਸੂਬੇ ਭਰ ਤੋਂ ਢੋਲ-ਢਮੱਕਿਆਂ ਨਾਲ ਖੁਸ਼ੀ ਮਨਾਉਦੇ ਪੰਜਾਬ ਦੇ ਲੋਕ ਹਜ਼ਾਰਾਂ ਦੀ ਗਿਣਤੀ ’ਚ ਪਹੁੰਚਣਗੇ। ਕਾਮਰੇਡ ਬਰਾੜ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਤੇ ਕੌਮੀ ਕੌਂਸਲ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੂਰੇ ਸੰਮੇਲਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਵਾਗਤੀ ਕਮੇਟੀ ਦੇ ਚੇਅਰਮੈਨ ਡਾਕਟਰ ਸਵਰਾਜਬੀਰ ਸਿੰਘ ਅਤੇ ਜਨਰਲ ਸਕੱਤਰ ਬੰਤ ਸਿੰਘ ਬਰਾੜ ਹਨ।ਪੂਰੀ ਸਟੇਟ ਕਮੇਟੀ ਇਸ ਕਮੇਟੀ ਦੀ ਮੈਂਬਰ ਹੈ।ਇਸੇ ਤਰ੍ਹਾਂ ਰੈਜ਼ੀਡੈਂਸ਼ੀਅਲ ਕਮੇਟੀ, ਟਰਾਂਸਪੋਰਟ ਕਮੇਟੀ, ਭੋਜਨ ਕਮੇਟੀ, ਵਲੰਟੀਅਰ ਕਮੇਟੀ, ਮੀਡੀਆ ਕਮੇਟੀ ਦੇ ਸੋਸ਼ਲ ਮੀਡੀਆ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਪਾਰਟੀ ਕਾਂਗਰਸ ਵਿੱਚ ਅੰਤਰਰਾਸ਼ਟਰੀ ਤੇ ਰਾਸ਼ਟਰੀ ਮਸਲਿਆਂ ’ਤੇ ਨਿੱਠ ਕੇ ਚਰਚਾ ਹੋਵੇਗੀ।ਦੇਸ਼-ਦੁਨੀਆ ਇਸ ਵੇਲੇ ਅਨੇਕਾਂ ਸੰਕਟਾਂ ਵਿੱਚ ਘਿਰੇ ਹੋਏ ਹਨ। ਇਹਨਾਂ ਸੰਕਟਾਂ ਨੂੰ ਹੱਲ ਕਰਨ ਲਈ ਰਾਹ ਤਲਾਸ਼ੇ ਜਾਣਗੇ।ਖੱਬੀਆਂ ਤਾਕਤਾਂ ਦੀ ਏਕਤਾ ਵਧਾਉਣ ਲਈ ਵਿਚਾਰਾਂ ਕੀਤੀਆਂ ਜਾਣਗੀਆਂ।ਫਲਸਤੀਨ ਦੇ ਲੋਕਾਂ ਨਾਲ ਯਕਯਹਿਤੀ ਪ੍ਰਗਟ ਕਰਨ ਲਈ ਖੁੱਲ੍ਹਾ ਸਮਾਗਮ ਕੀਤਾ ਜਾਵੇਗਾ।ਕਿਊਬਾ ਦੇ ਲੋਕਾਂ ਨਾਲ ਵੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾਵੇਗਾ।ਫਾਸ਼ੀਵਾਦ, ਨਾਜ਼ੀਵਾਦ ਕਿਉ ਸਿਰ ਚੁੱਕ ਰਿਹਾ ਹੈ, ਇਸ ਨੂੰ ਰੋਕਣ ਦੇ ਹੀਲੇ-ਵਸੀਲੇ ਲੱਭੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਖੱਬੀਆਂ ਪਾਰਟੀਆਂ, ਜਿਨ੍ਹਾਂ ਵਿੱਚ ਸੀ ਪੀ ਆਈ (ਐੱਮ), ਆਰ ਐੱਮ ਪੀ ਆਈ, ਫਾਰਵਰਡ ਬਲਾਕ ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਸ਼ਾਮਿਲ ਹਨ, ਦੇ ਮੁਖੀ ਭਰਾਤਰੀ ਸੰਦੇਸ਼ ਦੇਣ ਲਈ ਮਹਾਂ-ਸੰਮੇਲਨ ਦਾ ਹਿੱਸਾ ਬਣਨਗੇ।ਵਿਦੇਸ਼ਾਂ ਤੋਂ ਵੀ ਕੁਝ ਅੰਬੈਸਡਰ ਸ਼ਾਮਲ ਹੋਣਗੇ। ਮਹਾਂ-ਸੰਮੇਲਨ ਵਿੱਚ ਕੌਮੀ ਝੰਡਾ ਪ੍ਰੋਫੈਸਰ ਜਗਮੋਹਨ ਸਿੰਘ (ਭਾਣਜਾ ਸ਼ਹੀਦ-ਏ-ਆਜ਼ਮ ਭਗਤ ਸਿੰਘ) ਲਹਿਰਾਉਣਗੇ ਤੇ ਪਾਰਟੀ ਦਾ ਝੰਡਾ ਭੁਪਿੰਦਰ ਸਾਂਬਰ ਲਹਿਰਾਉਣਗੇ।ਸਮਾਗਮ ਦੇ ਸਾਰੇ ਦਿਨਾਂ ਦੀਆਂ ਸ਼ਾਮਾਂ ਨੂੰ ਸੱਭਿਆਚਾਰਕ ਸਮਾਗਮ ਹੋਇਆ ਕਰਨਗੇ।ਇਹਨਾਂ ਵਿੱਚ ਗੀਤ, ਕੋਰੀਓਗ੍ਰਾਫੀ ਤੇ ਨਾਟਕ ਪੇਸ਼ ਕੀਤੇ ਜਾਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਸੀ ਪੀ ਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਇਹ ਸੱਚ ਹੈ ਕਿ ਦੇਸ਼ ਦੇ ਸਾਹਮਣੇ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਟਾਕਰਾ ਕਰਨ ਲਈ ਵੱਡੀਆਂ ਚੁਣੌਤੀਆਂ ਹਨ, ਪਰੰਤੂ ਦੇਸ਼ ਦੀਆਂ ਕਮਿਊਨਿਸਟ ਪਾਰਟੀਆਂ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਕੇ ਇਹਨਾਂ ਸਾਰੀਆਂ ਲੋਕ ਵਿਰੋਧੀ ਤਾਕਤਾਂ ਦਾ ਡਟ ਕੇ ਟਾਕਰਾ ਕਰ ਰਹੀਆਂ ਹਨ।
ਰਾਜਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕਮਿਊਨਿਸਟ ਪਾਰਟੀਆਂ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ ਅਤੇ ਕਰਦੀਆਂ ਰਹਿਣਗੀਆਂ। ਉਹਨਾ ਕਿਹਾ ਕਿ ਸੀ ਪੀ ਆਈ ਦਾ ਸ਼ਾਨਾਮੱਤਾ ਪ੍ਰਾਪਤੀਆਂ ਭਰਿਆ ਇਤਿਹਾਸ ਹੈ। ਕਮਿਊਨਿਸਟ ਪਾਰਟੀ ਨੇ ਦੇਸ਼ ਨੂੰ ਵੱਡੇ ਨਾਮਵਰ ਆਗੂ ਦਿੱਤੇ ਹਨ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਵੀ ਸੰਘਰਸ਼ ਕੀਤਾ, ਲੜੇ ਅਤੇ ਆਜ਼ਾਦੀ ਦਿਵਾਈ। ਇਸ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਪਾਰਲੀਮੈਂਟ ਵਿੱਚ ਪਹੁੰਚ ਕੇ ਦੇਸ਼ ਦੇ ਲੋਕਾਂ ਦੇ ਹਿੱਤਾਂ ਲਈ ਕਾਨੂੰਨ ਬਣਾਏ, ਜਿਸ ਦਾ ਅੱਜ ਵੀ ਰਿਕਾਰਡ ਹੈ। ਉਨ੍ਹਾ ਦੇਸ਼ ਦੀਆਂ ਕਮਿਊਨਿਸਟ ਪਾਰਟੀਆਂ, ਲੋਕਤੰਤਰਿਕ ਕੌਮੀ ਅਤੇ ਖੇਤਰੀ ਪਾਰਟੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਦੇਸ਼ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਲਈ, ਸਭ ਨੂੰ ਸਿੱਖਿਆ ਅਤੇ ਇਲਾਜ ਦੀ ਗਾਰੰਟੀ ਲਈ ਇੱਕ ਪਲੇਟਫਾਰਮ ’ਤੇ ਇਕੱਠਾ ਹੋ ਕੇ ਹੁਣ ਲੜਾਈ ਲੜਨ ਦਾ ਵੇਲਾ ਆ ਗਿਆ ਹੈ। ਉਹਨਾ ਕਿਹਾ ਕਿ ਵੋਟ ਚੋਰੀ ਦਾ ਮਾਮਲਾ ਇੱਕ ਬਹੁਤ ਵੱਡਾ ਮਾਮਲਾ ਹੈ, ਜਿਸ ਨੂੰ ਸਧਾਰਨ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਇਹ ਸਿੱਧੇ ਤੌਰ ’ਤੇ ਸੰਵਿਧਾਨ ’ਤੇ ਵੱਡਾ ਹਮਲਾ ਹੈ। ਜੇਕਰ ਵੋਟ ਹੀ ਚੋਰੀ ਹੋ ਗਈ, ਤਾਂ ਫਿਰ ਲੋਕਤੰਤਰ ਨਹੀਂ ਬਚੇਗਾ। ਇਸ ਨੂੰ ਬਚਾਉਣ ਲਈ ਸਾਨੂੰ ਹਰ ਵਾਹ ਲਾ ਦੇਣੀ ਚਾਹੀਦੀ ਹੈ। ਪੰਜਾਬ ਸੂਬੇ ਵੱਲੋਂ ਕਰਵਾਈ ਜਾ ਰਹੀ ਪਾਰਟੀ ਦੀ ਨੈਸ਼ਨਲ ਕਾਂਗਰਸ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਪੰਜਾਬ ਸੂਬੇ ਦਾ ਆਪਣਾ ਇੱਕ ਵੱਖਰਾ, ਨਿਵੇਕਲਾ ਅਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ।
ਪੰਜਾਬ ਦੇ ਅਣਖੀ, ਦੇਸ਼ ਭਗਤ ਅਤੇ ਇੱਥੋਂ ਦੇ ਸ਼ਹੀਦਾਂ ਨੇ ਸੂਬੇ ਅਤੇ ਦੇਸ਼ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ, ਜਿਸ ਨੂੰ ਅਸੀਂ ਸਲਾਮ ਕਰਦੇ ਹਾਂ। ਇਸ ਮਹਾਂ-ਸੰਮੇਲਨ ਵਿੱਚ ਔਰਤਾਂ ਅਤੇ ਨੌਜਵਾਨ ਡੈਲੀਗੇਟਾਂ ਦੀ ਗਿਣਤੀ ਵੀ ਵੱਡੀ ਹੈ, ਉਹ ਇਸ ਸੰਮੇਲਨ ’ਚ ਹਿੱਸਾ ਲੈਣ ਲਈ ਉਤਸ਼ਾਹ ਨਾਲ ਪਹੁੰਚ ਰਹੇ ਹਨ।
ਇਸ ਕਾਂਗਰਸ ਦੀ ਕਾਮਯਾਬੀ ਲਈ ਪੰਜਾਬ ਦੀ ਪੂਰੀ ਲੀਡਰਸ਼ਿਪ ਨੇ ਆਪਣੇ ਮੋਰਚੇ ਸੰਭਾਲੇ ਹੋਏ ਹਨ। ਪਾਰਟੀ ਦੇ ਸੂਬਾਈ ਆਗੂ ਨਿਰਮਲ ਸਿੰਘ ਧਾਲੀਵਾਲ, ਜਗਰੂਪ ਸਿੰਘ, ਹਰਦੇਵ ਅਰਸ਼ੀ, ਪਿ੍ਰਥੀਪਾਲ ਮਾੜੀਮੇਘਾ, ਕੁਲਦੀਪ ਭੋਲਾ, ਸੁਖਜਿੰਦਰ ਮਹੇਸਰੀ, ਹੰਸਰਾਜ ਗੋਲਡਨ, ਨਰਿੰਦਰ ਕੌਰ ਸੋਹਲ, ਜਸਪਾਲ ਦੱਪਰ, ਦਿਲਦਾਰ ਸਿੰਘ, ਹਰਚੰਦ ਬਾਠ, ਅਸ਼ਵਨੀ ਬਖਸ਼ੀ, ਮਹਿੰਦਰ ਪਾਲ ਸਿੰਘ ਮੁਹਾਲੀ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਦੇਖ-ਰੇਖ ਕਰ ਰਹੇ ਹਨ।





