ਅੰਮਿ੍ਰਤਸਰ (ਨਰਿੰਦਰ ਜੀਤ ਸਿੰਘ)
ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਸਪਲਾਈ ਵਿੱਚ ਸ਼ਾਮਲ, ਸੰਗਠਿਤ ਹਥਿਆਰ ਅਤੇ ਹਵਾਲਾ ਨੈੱਟਵਰਕ ਦੇ ਤਿੰਨ ਕਾਰਕੁਨਾਂ ਨੂੰ 10 ਆਧੁਨਿਕ ਹਥਿਆਰਾਂ ਅਤੇ 2.5 ਲੱਖ ਰੁਪਏ ਹਵਾਲਾ ਮਨੀ ਸਮੇਤ ਗਿ੍ਰਫ਼ਤਾਰ ਕਰਕੇ ਗਰੋਹ ਦਾ ਪਰਦਾ ਫ਼ਾਸ਼ ਕੀਤਾ ਹੈ । ਇਹ ਜਾਣਕਾਰੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਇੱਥੇ ਦਿੱਤੀ।
ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਬਾਊ (22) ਵਾਸੀ ਮਾਝੀ ਮੇਓ (ਅੰਮਿ੍ਰਤਸਰ), ਮਨਬੀਰ ਸਿੰਘ (26) ਵਾਸੀ ਵਾਂ ਤਾਰਾ ਸਿੰਘ (ਤਰਨ ਤਾਰਨ) ਅਤੇ ਮੁਹੰਮਦ ਤੌਫੀਕ ਖਾਨ ਉਰਫ਼ ਬੱਬਲੂ (42) ਵਾਸੀ ਗੌਤਮ ਨਗਰ, ਮੁੰਬਈ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ .30 ਬੋਰ ਪੀ ਐੱਕਸ 5 ਪਿਸਤੌਲ, ਤਿੰਨ 9 ਐੱਮ ਐੱਮ ਗਲਾਕ, ਇੱਕ 9 ਐੱਮ ਐੱਮ ਬ੍ਰੇਟਾ ਅਤੇ ਤਿੰਨ .30 ਬੋਰ ਪਿਸਤੌਲ ਸ਼ਾਮਲ ਹਨ।ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਸੂਬੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਅੱਗੇ ਸਪਲਾਈ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਨ ।
ਉਹਨਾ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ ਅਤੇ ਸਰਹੱਦ ਪਾਰ ਸੰਬੰਧਾਂ ਦੀ ਪਛਾਣ ਕੀਤੀ ਜਾ ਸਕੇ।ਪੁਲਸ ਕਮਿਸ਼ਨਰ (ਸੀ ਪੀ) ਅੰਮਿ੍ਰਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਖੁਫੀਆ ਇਤਲਾਹ ਤਹਿਤ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਅਮਰਜੀਤ ਉਰਫ਼ ਬਾਊ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਗਲੌਕ ਪਿਸਤੌਲ ਬਰਾਮਦ ਕੀਤਾ ਸੀ। ਬਾਅਦ ਵਿੱਚ ਅਮਰਜੀਤ ਦੇ ਖੁਲਾਸੇ ’ਤੇ ਮਨਬੀਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਨੌਂ ਪਿਸਤੌਲਾਂ ਸਮੇਤ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਉਨ੍ਹਾ ਕਿਹਾ ਕਿ ਅਮਰਜੀਤ ਅਤੇ ਮਨਬੀਰ ਦੋਵਾਂ ਦਾ ਇੱਕ ਸਾਂਝਾ ਪਾਕਿਸਤਾਨੀ ਹੈਂਡਲਰ ਸੀ, ਜੋ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭਾਰਤੀ ਖੇਤਰ ਵਿੱਚ ਘੱਲਦਾ ਸੀ।ਸੀ ਪੀ ਨੇ ਕਿਹਾ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਮੁੰਬਈ-ਅਧਾਰਤ ਵਿਅਕਤੀ ਮੁਹੰਮਦ ਤੌਫੀਕ ਖਾਨ ਤਸਕਰੀ ਤੋਂ ਬਣਾਏ ਇਸ ਪੈਸੇ ਨੂੰ ਹਵਾਲਾ ਰਾਹੀਂ ਪਾਕਿਸਤਾਨ ਭੇਜਦਾ ਸੀ, ਜੋ ਨੈੱਟਵਰਕ ਚਲਾਉਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿੰਦਾ ਸੀ। ਉਨ੍ਹਾ ਕਿਹਾ ਕਿ ਤੌਫੀਕ ਨੂੰ 2.5 ਲੱਖ ਰੁਪਏ ਦੀ ਹਵਾਲਾ ਮਨੀ ਸਮੇਤ ਗਿ੍ਰਫ਼ਤਾਰ ਕੀਤਾ ਗਿਆ। ਇਸ ਸੰਬੰਧ ਵਿੱਚ ਅੰਮਿ੍ਰਤਸਰ ਦੇ ਪੁਲਸ ਸਟੇਸ਼ਨ ਗੇਟ ਹਕੀਮਾਂ ਵਿਖੇ ਆਰਮਜ਼ ਐਕਟ ਦੀ ਧਾਰਾ 25 (6), 25 (7) ਅਤੇ 25 (8) ਦੇ ਤਹਿਤ ਐੱਫ ਆਈ ਆਰ ਨੰਬਰ 257 ਮਿਤੀ 17.09.2025 ਕੇਸ ਦਰਜ ਕੀਤਾ ਗਿਆ ਹੈ।





