ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸੋਮਵਾਰ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰੇ ਵਿੱਚ ਅਮਰੀਨ ਸੇਖੋਂ ਨਾਲ ਫੇਰੇ ਲਏ। ਅਮਰੀਨ ਅੰਗਰੇਜ਼ੀ ਅਤੇ ਮਨੋਵਿਗਿਆਨ ਵਿੱਚ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਸ ਨੇ ਮਨੋਵਿਗਿਆਨ ਵਿੱਚ ਪੀਐੱਚ ਡੀ ਕੀਤੀ ਹੈ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਵੀ ਕੀਤੀ ਹੈ। ਮੌਜੂਦਾ ਸਮੇਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੀ ਹੈ। ਉਹ ਸਰਦਾਰ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ।
ਵਿਕਰਮਾਦਿੱਤਿਆ ਸਿੰਘ ਦਾ ਦੂਜਾ ਵਿਆਹ ਹੈ। ਰਾਜਸਥਾਨ ਦੇ ਅਮੇਤ ਦੀ ਰਾਜਕੁਮਾਰੀ ਸੁਦਰਸ਼ਨਾ ਚੁੰਡਾਵਤ ਨਾਲ ਉਸ ਦਾ ਪਹਿਲਾ ਵਿਆਹ 2019 ਵਿੱਚ ਹੋਇਆ ਸੀ ਅਤੇ ਨਵੰਬਰ 2024 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਵਿਕਰਮਾਦਿੱਤਿਆ ਸਿੰਘ, ਜਿਨ੍ਹਾ ਦਾ ਜਨਮ 17 ਅਕਤੂਬਰ, 1989 ਨੂੰ ਹੋਇਆ, ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮਰਹੂਮ ਵੀਰਭੱਦਰ ਸਿੰਘ ਦੇ ਪੁੱਤਰ ਹਨ। ਉਹ ਕਾਂਗਰਸ ਦੇ ਇੱਕ ਪ੍ਰਮੁੱਖ ਨੇਤਾ ਵਜੋਂ ਪਰਵਾਰ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿੰਘ ਨੇ ਮੰਡੀ ਹਲਕੇ ਤੋਂ ਚੋਣ ਲੜੀ ਸੀ, ਪਰ ਉਹ ਕੰਗਨਾ ਰਣੌਤ ਤੋਂ ਹਾਰ ਗਏ ਸਨ।




