ਯੂਥ ਕਾਂਗਰਸੀ ਆਗੂ ਦੇ ਭਰਾ ਦੀ ਹੱਤਿਆ

0
75

ਲੁਧਿਆਣਾ : ਸਾਹਨੇਵਾਲ ਦੇ ਪਿੰਡ ਨੰਦਪੁਰ ਵਿੱਚ ਯੂਥ ਕਾਂਗਰਸੀ ਆਗੂ ਅਨੁਜ ਕੁਮਾਰ ਦੇ ਭਰਾ ਅਮਿਤ ਕੁਮਾਰ ਦੀ ਸੋਮਵਾਰ ਦੇਰ ਰਾਤ ਸ਼ਰਾਬ ਦੇ ਅਹਾਤੇ ਵਿੱਚ ਹੱਤਿਆ ਕਰ ਦਿੱਤੀ ਗਈ। ਮੋਟਰਸਾਈਕਲ ’ਤੇ ਆਏ ਤਿੰਨ ਜਣੇ ਅਹਾਤੇ ਦੇ ਅੰਦਰ ਵੜੇ ਤੇ ਅਮਿਤ ਕੁਮਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਪੁਲਸ ਦੇ ਮੌਕੇ ’ਤੇ ਪੁੱਜਣ ਤੋਂ ਪਹਿਲਾਂ ਹੀ ਲੋਕਾਂ ਨੇ ਅਮਿਤ ਕੁਮਾਰ ਨੂੰ ਐੱਸ ਪੀ ਐੱਸ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਥਾਣਾ ਸਾਹਨੇਵਾਲ ਦੇ ਐੱਸ ਐੱਚ ਓ ਗੁਰਮੁਖ ਸਿੰਘ ਦੀ ਅਗਵਾਈ ਹੇਠ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਅਨੁਜ ਕੁਮਾਰ ਨੇ ਦੱਸਿਆ ਕਿ ਅਮਿਤ ਨੰਦਪੁਰ ਸੂਏ ਦੇ ਨੇੜੇ ਸ਼ਰਾਬ ਦੇ ਠੇਕੇ ’ਤੇ ਅਹਾਤਾ ਚਲਾਉਂਦਾ ਸੀ। ਉਹ ਦੇਰ ਰਾਤ ਵੀ ਉਥੇ ਹੀ ਬੈਠਾ ਹੋਇਆ ਸੀ। ਕਾਤਲ ਸਾਮਾਨ ਲੈਣ ਦੇ ਬਹਾਨੇ ਅਹਾਤੇ ਵਿੱਚ ਦਾਖਲ ਹੋਏ। ਉਨ੍ਹਾਂ ਦਾ ਅਮਿਤ ਨਾਲ ਝਗੜਾ ਹੋਇਆ। ਇਸ ਤੋਂ ਬਾਅਦ ਤਿੰਨਾਂ ਵਿੱਚੋਂ ਇੱਕ ਨੇ ਪਿਸਤੌਲ ਕੱਢੀ ਤੇ ਅਮਿਤ ਨੂੰ ਗੋਲੀ ਮਾਰ ਦਿੱਤੀ। ਗੋਲੀ ਅਮਿਤ ਦੀ ਛਾਤੀ ਵਿੱਚ ਲੱਗੀ ਤੇ ਉਹ ਮੌਕੇ ’ਤੇ ਹੀ ਡਿੱਗ ਗਿਆ।