ਭਾਰਤ ਫੈਸਲੇ ਲੈਣ ਦੀ ਆਜ਼ਾਦੀ ਨੂੰ ਕਾਇਮ ਰੱਖੇਗਾ : ਜੈਸ਼ੰਕਰ

0
100

ਜਨੇਵਾ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਬਦਲ ਦੀ ਚੋਣ ਕਰਨ ਦੀ ਆਪਣੀ ਆਜ਼ਾਦੀ ਨੂੰ ਹਮੇਸ਼ਾ ਕਾਇਮ ਰੱਖੇਗਾ। ਉਨ੍ਹਾ ਕਿਹਾ ਕਿ ਭਾਰਤ ਸਮਕਾਲੀ ਵਿਸ਼ਵ ਵਿਚ ਤਿੰਨ ਪ੍ਰਮੁੱਖ ਸਿਧਾਂਤਾਂ‘ਸਵੈ-ਨਿਰਭਰਤਾ’, ‘ਸਵੈ-ਰੱਖਿਆ’ ਤੇ ‘ਸਵੈ-ਵਿਸ਼ਵਾਸ’ ਉੱਤੇ ਅੱਗੇ ਵਧ ਰਿਹਾ ਹੈ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਗੁਆਂਢੀ ਮੁਲਕ ਨੂੰ ‘ਅੱਤਵਾਦ ਦਾ ਕੇਂਦਰ’ ਦੱਸਿਆ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤ ਦੇ ਲੋਕਾਂ ਵੱਲੋਂ ਨਮਸਕਾਰ।’ ਉਨ੍ਹਾ ਆਲਮੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਆਪਣੇ ’ਤੇ ਟੇਕ’ ਦਾ ਮਤਲਬ ਆਪਣੀਆਂ ਸਮਰਥਾਵਾਂ ਵਧਾਉਣਾ, ਆਪਣੀ ਤਾਕਤ ਵਧਾਉਣਾ ਤੇ ਆਪਣੀ ਪ੍ਰਤਿਭਾ ਨੂੰ ਅੱਗੇ ਵਧਣ ਦੇਣਾ ਹੈ। ਉਨ੍ਹਾ ਕਿਹਾ, ‘ਚਾਹੇ ਇਹ ਮੈਨੂਫੈਕਚਰਿੰਗ ਖੇਤਰ ਹੋਵੇ, ਪੁਲਾੜ ਪ੍ਰੋਗਰਾਮ, ਫਾਰਮਾਸਿਊਟੀਕਲ ਉਤਪਾਦਨ ਜਾਂ ਡਿਜੀਟਲ ਐਪਲੀਕੇਸ਼ਨਾਂ ਵਿੱਚ ਹੋਵੇ, ਅਸੀਂ ਪਹਿਲਾਂ ਹੀ ਨਤੀਜੇ ਦੇਖ ਰਹੇ ਹਾਂ। ਭਾਰਤ ਵਿੱਚ ਨਿਰਮਾਣ ਅਤੇ ਨਵੀਨਤਾ ਦਾ ਲਾਭ ਕੁੱਲ ਆਲਮ ਨੂੰ ਵੀ ਮਿਲਦਾ ਹੈ।’ ਜੈਸ਼ੰਕਰ ਨੇ ‘ਸਵੈ-ਰੱਖਿਆ’ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ।
ਜੈਸ਼ੰਕਰ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਦੋ ਅਹਿਮ ਟਕਰਾਅ ਚੱਲ ਰਹੇ ਹਨ, ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਸੰਯੁਕਤ ਰਾਸ਼ਟਰ ਉਮੀਦਾਂ ’ਤੇ ਖਰਾ ਉਤਰਿਆ ਹੈ, ਉਨ੍ਹਾ ਕਿਹਾ, ‘ਸਾਡੇ ਵਿੱਚੋਂ ਹਰੇਕ ਕੋਲ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਹੈ। ਟਕਰਾਅ ਦੇ ਮਾਮਲੇ ਵਿੱਚ ਖਾਸ ਕਰਕੇ ਯੂਕਰੇਨ ਅਤੇ ਗਾਜ਼ਾ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਾ ਹੋਣ ਵਾਲੇ ਦੇਸ਼ਾਂ ਨੇ ਵੀ ਟਕਰਾਅ ਦਾ ਅਸਰ ਮਹਿਸੂਸ ਕੀਤਾ ਹੈ।’ ਵਿਦੇਸ਼ ਮੰਤਰੀ ਨੇ ਕਿਹਾ, ‘ਜਿਹੜੇ ਦੇਸ਼ ਸਾਰੀਆਂ ਧਿਰਾਂ ਨਾਲ ਕੰਮ ਕਰ ਸਕਦੇ ਹਨ, ਉਨ੍ਹਾਂ ਨੂੰ ਹੱਲ ਲੱਭਣ ਲਈ ਅੱਗੇ ਆਉਣਾ ਚਾਹੀਦਾ ਹੈ। ਭਾਰਤ ਦੁਸ਼ਮਣੀ ਖਤਮ ਕਰਨ ਦਾ ਸੱਦਾ ਦਿੰਦਾ ਹੈ ਅਤੇ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨ ਵਾਲੀ ਕਿਸੇ ਵੀ ਪਹਿਲ ਦੀ ਹਮਾਇਤ ਕਰੇਗਾ।’