ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਭਖ਼ਦੇ ਮੁੱਦਿਆਂ ’ਤੇ ਵਿਚਾਰ-ਚਰਚਾ

0
91

ਜਲੰਧਰ : ਗਦਰ ਲਹਿਰ ਦੀ ਬਗੀਚੀ ’ਚ ਖਿੜੇ ਸੂਹੇ ਫੁੱਲ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਐਤਵਾਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬਹੁਤ ਹੀ ਗੰਭੀਰ ਵਿਚਾਰ-ਚਰਚਾ ਅਤੇ ਅਜੋਕੇ ਸਮੇਂ ਦੇ ਭਖ਼ਦੇ ਮੁੱਦਿਆਂ ਉਪਰ ਕੇਂਦਰਤ ਕਰਕੇ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਸਤੰਬਰ ਮਹੀਨੇ ਦੀਆਂ ਇਤਿਹਾਸਿਕ ਘਟਨਾਵਾਂ ਅਤੇ ਨਾਇਕਾਂ ਦੀ ਦੇਣ ਉਪਰ ਰੌਸ਼ਨੀ ਪਾਉਣ ਨਾਲ ਹੋਈ। ਉਹਨਾ ਕਈ ਹੋਰ ਪੱਖਾਂ ਨੂੰ ਛੋਹਣ ਦੇ ਨਾਲ਼-ਨਾਲ਼ ਪਹਿਲੀ ਨਵੰਬਰ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਨੇੜੇ ਢੁਕ ਰਹੇ ਗਦਰੀ ਬਾਬਿਆਂ ਦੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਸਭ ਨੂੰ ਸਹਿਯੋਗ ਦੇਣ ਅਤੇ ਹੰੁਮ-ਹੁਮਾ ਕੇ ਪੁੱਜਣ ਦੀ ਅਪੀਲ ਕੀਤੀ। ਸਮਾਗਮ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਪੱਤਰਕਾਰ ਜਗਤ ਦੀ ਸ਼ਖਸੀਅਤ ਸਤਨਾਮ ਸਿੰਘ ਮਾਣਕ, ਡਾਕਟਰ ਪਰਮਿੰਦਰ ਸਿੰਘ, ਚਿਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ, ਲਾਇਬਰੇਰੀ ਦੀ ਇੱਕ ਵਿਦਿਆਰਥਣ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਆਪਣੇ ਵਿਚਾਰ ਰੱਖੇ।
ਸਮੂਹ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਜੀਵਨ, ਬਚਪਨ, ਵਿਦਿਆਕ ਅਦਾਰਿਆਂ, ਲਾਇਬਰੇਰੀਆਂ, ਸਾਹਿਤ ਚਿੰਤਨ, ਇਤਿਹਾਸ ਅਤੇ ਜ਼ਿੰਦਗੀ ਦੇ ਬੇਸ਼ੁਮਾਰ ਪੱਖਾਂ ਬਾਰੇ ਚਾਨਣਾ ਪਾਇਆ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਗਤ ਸਿੰਘ ਸਾਮਰਾਜਵਾਦ ਤੋਂ ਮੁਕਤ ਆਜ਼ਾਦ, ਧਰਮ ਨਿਰਪੱਖ, ਅਗਾਂਹਵਧੂ ਸਮਾਜ ਸਿਰਜਣ ਲਈ ਭਾਰਤੀ ਇਨਕਲਾਬ ਦਾ ਅੱਜ ਵੀ ਚਮਕਦਾ ਸੂਹਾ ਸਿਤਾਰਾ ਹੈ। ਬੁਲਾਰਿਆਂ ਨੇ ਸੋਨਮ ਵਾਂਗਚੁੱਕ ਦੀ ਗਿ੍ਰਫ਼ਤਾਰੀ ਦੀ ਜ਼ੋਰਦਾਰ ਨਿੰਦਾ ਕੀਤੀ। ਪੰਜਾਬ ਅੰਦਰ ਹੁਸ਼ਿਆਰਪੁਰ ਦੀ ਘਟਨਾ ਨੂੰ ਲੈ ਕੇ ਵਿਸ਼ੇਸ਼ ਭਾਈਚਾਰੇ ਨੂੰ ਹਮਲੇ ਦਾ ਨਿਸ਼ਾਨਾ ਬਣਾਉਣ ਅਤੇ ਹੜ੍ਹ ਪੀੜਤਾਂ ਸਮੇਤ ਹਰ ਮਸਲੇ ਮੌਕੇ ਲੋਕਾਂ ਦੀ ਬਾਂਹ ਫੜਨ ਵਾਲਿਆਂ ਖਿਲਾਫ਼ ਜ਼ਹਿਰ ਉਗਲਣ ਦਾ ਸਖ਼ਤ ਨੋਟਿਸ ਲਿਆ। ਅਛੂਤ, ਜਾਤ-ਪਾਤ ਦਾ ਸਵਾਲ, ਫਲਸਤੀਨ ਦੇ ਲੋਕਾਂ ਦਾ ਨਸਲਘਾਤ, ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ’ਤੇ ਹਮਲੇ ਬੰਦ ਕਰਨ ਦੀ ਆਵਾਜ਼ ਉਠਾਈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਸਲਾਮ ਕਰਨ ਜਾਣ ਤੋਂ ਰੋਕਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾਰਕੁਨਾਂ ਦੇ ਘਰਾਂ ਅੰਦਰ ਛਾਪੇ ਮਾਰਨ ਦੀ ਨਿੰਦਾ ਕੀਤੀ ਗਈ। ਬਦਲਾ ਨਹੀਂ, ਸਮਾਜਿਕ ਬਦਲਾਅ ਬਾਰੇ ਭਗਤ ਸਿੰਘ ਦੇ ਪਰਪੱਕ ਵਿਚਾਰਾਂ ਦਾ ਅਧਿਐਨ ਕਰਨ ਅਤੇ ਉਹਨਾਂ ਦੀ ਲੋਅ ਘਰ-ਘਰ ਲਿਜਾਣ ਦੀ ਅਪੀਲ ਕੀਤੀ ਗਈ।ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਗੁਰਮੀਤ, ਪ੍ਰਗਟ ਸਿੰਘ ਜਾਮਾਰਾਏ, ਡਾ. ਤਜਿੰਦਰ ਵਿਰਲੀ, ਗਿਆਨ ਸੈਦਪੁਰੀ, ਰੁਪਿੰਦਰ ਕੌਰ ਮਾੜੀਮੇਘਾ ਇਸਤਰੀ ਸਭਾ ਦੀ ਸੂਬਾਈ ਆਗੂ, ਧਰਮਿੰਦਰ ਮੁਕੇਰੀਆਂ ਅਤੇ ਭਗਵੰਤ ਰਸੂਲਪੁਰੀ ਵਿਚਾਰ-ਚਰਚਾ ਵਿੱਚ ਸ਼ਾਮਲ ਹੋਏ।