ਖਟਕੜ ਕਲਾਂ (ਅਵਤਾਰ ਕਲੇਰ, ਕੁਲਵਿੰਦਰ ਸਿੰਘ ਦੁਰਗਾਪੁਰੀਆ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਸ਼ਹੀਦ-ਆਜ਼ਮ ਭਗਤ ਸਿੰਘ ਨੂੰ ਉਨ੍ਹਾ ਦੇ ਜਨਮ ਦਿਵਸ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਹਾਨ ਸ਼ਹੀਦ ਦੇ ਜੱਦੀ ਪਿੰਡ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਸੂਬੇ ਨੂੰ ਸਮਰਪਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ’ਤੇ ਅਜਾਇਬਘਰ ਵਿੱਚ ਸਥਾਪਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਤ ਕੀਤਾ। ਉਨ੍ਹਾ ਕਿਹਾ ਕਿ ਇਹ ਕੌਮੀ ਝੰਡਾ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਹਿੱਸਾ ਹੈ, ਜੋ ਸਾਰਿਆਂ ਲਈ ਸਤਿਕਾਰਤ ਇਸ ਸਥਾਨ ਦਾ ਮਾਣ-ਸਨਮਾਨ ਹੋਰ ਵਧਾਏਗਾ। ਉਨ੍ਹਾ ਕਿਹਾ ਕਿ 51.70 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਕੰਪਲੈਕਸ ਸ਼ਹੀਦ-ਏ-ਆਜ਼ਮ ਨੂੰ ਇੱਕ ਨਿਮਰ ਸ਼ਰਧਾਂਜਲੀ ਹੈ।
ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਇਹ ਕੰਪਲੈਕਸ ਸਿਰਫ਼ ਇੱਕ ਸਮਾਰਕ ਨਹੀਂ, ਸਗੋਂ ਇੱਕ ਵਿਲੱਖਣ ਅਨੁਭਵ ਹੋਵੇਗਾ, ਕਿਉਕਿ ਇਹ ਸੈਲਾਨੀਆਂ ਨੂੰ ਮਾਤ ਭੂਮੀ ਲਈ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ, ਉਨ੍ਹਾ ਦੀ ਡੂੰਘੀ ਸੂਝ-ਬੂਝ ਅਤੇ ਦਲੇਰਾਨਾ ਭਾਵਨਾ ਬਾਰੇ ਨੇੜਿਓਂ ਜਾਣਨ ਦਾ ਮੌਕਾ ਦੇਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਕੋਈ ਆਮ ਵਿਅਕਤੀ ਨਹੀਂ, ਸਗੋਂ ਇੱਕ ਸੋਚ ਸਨ ਅਤੇ ਸਾਨੂੰ ਦੇਸ਼ ਦੀ ਤਰੱਕੀ ਲਈ ਉਨ੍ਹਾ ਦੇ ਨਕਸ਼ੇ-ਕਦਮਾਂ ’ਤੇ ਚੱਲਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕੀਤੀ ਅਤੇ ਮਹਾਨ ਸ਼ਹੀਦ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾ ਮਹਾਨ ਸ਼ਹੀਦ ਦੀ ਤਸਵੀਰ ਦੀ ਰੰਗੋਲੀ ਬਣਾਉਣ ਵਾਲੀ ਮਜਾਰਾ ਢੀਂਗਰੀਆਂ ਦੀ 11ਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਰਾਜੂ ਨੂੰ ਸਾਬਾਸ਼ ਵੀ ਦਿੱਤੀ।





