ਮੋਗਾ ’ਚ ਲਾਲ ਵਰਦੀਧਾਰੀ ਜਵਾਨੀ ਵੱਲੋਂ ਵਿਸ਼ਾਲ ਸੰਮੇਲਨ ਤੇ ਮਾਰਚ

0
150

ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦਾ ਗਹਿਨ ਅਧਿਐਨ ਕਰਨਾ ਚਾਹੀਦੈ : ਜਗਰੂਪ
ਮੋਗਾ : ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਐਤਵਾਰ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖ਼ੇ ਸੈਂਕੜੇ ਲਾਲ ਵਰਦੀਧਾਰੀ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਬਨੇਗਾ ਵਲੰਟੀਅਰ ਸੰਮੇਲਨ ਉਪਰੰਤ ਬਾਜ਼ਾਰਾਂ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ। ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਨੀ, ਸੂਬਾ ਸਕੱਤਰ ਚਰਨਜੀਤ ਛਾਂਗਾਰਾਏ, ਆਲ ਇੰਡੀਆ ਸਟੂਡੈਂਟਸ ਫੇਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ, ਸੂਬਾ ਸਕੱਤਰ ਸੁਖਵਿੰਦਰ ਮਲੋਟ, ਸੂਬਾ ਮੀਤ ਪ੍ਰਧਾਨ ਜਗਵਿੰਦਰ ਕਾਕਾ, ਸੂਬਾ ਖਜ਼ਾਨਚੀ ਵਿਸ਼ਾਲ ਵਲਟੋਹਾ ਅਤੇ ਸ਼ੁਬੇਗ ਝੰਗੜਭੈਣੀ ਨੇ ਕੀਤੀ। ਇਸ ਮੌਕੇ ਪੰਜਾਬ ਭਰ ਵਿੱਚੋਂ ਸੈਂਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਟੀ ਸ਼ਰਟਾਂ ਪਹਿਨ ਕੇ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦਾ ਉਦਘਾਟਨ ਅਤੇ ਸਵਾਗਤੀ ਭਾਸ਼ਣ ਪਰਮਜੀਤ ਢਾਬਾਂ ਸਾਬਕਾ ਸੂਬਾ ਪ੍ਰਧਾਨ ਸਰਬ ਭਾਰਤ ਨੌਜਵਾਨ ਸਭਾ ਨੇ ਕੀਤਾ। ਉਹਨਾ ਇਸ ਮੌਕੇ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦਾ ਸਮੁੱਚਾ ਜੀਵਨ ਦੇਸ਼ ਨੂੰ ਆਜ਼ਾਦ ਕਰਵਾ ਕੇ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦੇ ਸੰਘਰਸ਼ ਵਿੱਚ ਗੁਜ਼ਰਿਆ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਹਨਾ ਦੇ ਇਨਕਲਾਬੀ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।
ਵਲੰਟੀਅਰ ਸੰਮੇਲਨ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਦੀਆਂ ਅਮੁੱਕ ਮੁਬਾਰਕਾਂ ਦਿੰਦਿਆਂ ਭਗਤ ਦੇ ਜੀਵਨ ਫਲਸਫੇ ਨੂੰ ਸਲਾਮ ਪੇਸ਼ ਕੀਤੀ। ਉਹਨਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਮਗੁਣੀ ਭਗਤ ਸਿੰਘ ਇਕ ਮਹਾਨ ਸ਼ਹੀਦ ਹੋਣ ਦੇ ਨਾਲ-ਨਾਲ ਉੱਚ ਕੋਟੀ ਦਾ ਵਿਦਵਾਨ ਵੀ ਸੀ। ਉਸ ਨੇ ਆਪਣੀ ਵਿਦਵਤਾ ਦੇ ਬਲ ’ਤੇ ਹੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹਨਾ ਕਿਹਾ ਕਿ ਭਗਤ ਦੀ ਜੇਲ੍ਹ ਡਾਇਰੀ ਅਤੇ ਹੱਥਾਂ ਲਿਖਤਾਂ ਉਸ ਦੀ ਵਿਦਵਤਾ ਦਾ ਉਤਮ ਸਬੂਤ ਹਨ। ਆਗੂਆਂ ਨੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦਾ ਗਹਿਨ ਅਧਿਐਨ ਕਰਨ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਅੱਗੇ ਆਉਣ ਦੀਆਂ ਅਪੀਲ ਕੀਤੀ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਮਵੀਰ ਬੱਧਨੀ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਭਗਤ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਗਤ ਸਿੰਘ ਦੀ ਵਾਰਿਸ ਜਵਾਨੀ ਉਹਨਾ ਦੇ ਪਾਏ ਪੂਰਨਿਆਂ ਚੱਲ ਕੇ ਇਕ ਵੱਡੀ ਲਾਮਬੰਦੀ ਕਰ ਰਹੀ ਹੈ, ਜੋ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।ਨੌਜਵਾਨਾਂ-ਵਿਦਿਆਰਥੀਆਂ ਦੇ ਆਗੂਆਂ ਨੇ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਹਰ ਇਕ ਲਈ ਰੁਜ਼ਗਾਰ ਦੀ ਗਾਰੰਟੀ ਕਰਕੇ ਸਭ ਦੇ ਚੰਗੇ ਭਵਿੱਖ ਦੀ ਆਸ ਨੂੰ ਪੂਰਾ ਕਰਦਾ ਹੈ। ਇਸ ਮੌਕੇ ਏ ਆਈ ਐੱਸ ਐੱਫ ਦੇ ਸੂਬਾ ਸਕੱਤਰ ਸੁਖਵਿੰਦਰ ਮਲੋਟ ਨੇ ਕਿਹਾ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਵਿਚਾਰਾਂ ਨਾਲ ਲੈਸ ਹੋ ਕੇ ਉਹਨਾ ਦੇ ਸੁਪਨਿਆਂ ਦਾ ਸਮਾਜ ਸਥਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਇਤਿਹਾਸਕ ਦਿਨ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਏ ਆਈ ਐੱਸ ਐੱਫ ਦੇ ਆਗੂ ਨਵਜੋਤ ਕੌਰ ਬਿਲਾਸਪੁਰ, ਕਿਸਾਨ ਆਗੂ ਬਲਕਾਰ ਦੁਧਾਲਾ ਨੇ ਕਿਹਾ ਕਿ ਅੱਜ ਸਮਾਜ ਵਿੱਚ ਹੋ ਰਹੇ ਹਰ ਤਰ੍ਹਾਂ ਦੇ ਸੰਘਰਸ਼ ਦੀ ਅਗਵਾਈ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਕਰ ਰਹੀ ਹੈ, ਜਿਸ ਨਾਲ ਭਗਤ ਸਿੰਘ ਦਾ ਵਿਚਾਰਧਾਰਕ ਕੱਦ ਦੁਨੀਆ ਵਿੱਚ ਹੋਰ ਵੱਡਾ ਹੋ ਰਿਹਾ ਹੈ। ਆਗੂਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਣੀਆਂ ਸਰਮਾਏਦਾਰੀ ਸਰਕਾਰਾਂ ਵੱਲੋਂ ਭਗਤ ਸਿੰਘ ਦੀ ਸੋਚ ਵਿੱਚ ਖੋਟ ਰਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਭਗਤ ਸਿੰਘ ਦੇ ਸੁਪਨੇ ਅਧੂਰੇ ਹਨ। ਉਹਨਾ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜਵਾਨੀ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਕੌਂਸਲ ਦੇ ਫੈਸਲੇ ਅਨੁਸਾਰ ਭਗਤ ਸਿੰਘ ਦੇ ਜਨਮ ਦਿਨ ਤੋਂ 5 ਅਕਤੂਬਰ ਤੱਕ ਸਟੋਪ ਡਰੱਗ ਸਟਾਰਟ ਸਪੋਰਟਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਰੀਗਲ ਸਿਨੇਮਾ ਯਾਦਗਾਰ ਨੂੰ ਲਾਇਬਰੇਰੀ ਬਣਾਉਣ, ਹੜ੍ਹਾਂ ਦੀ ਰੋਕਥਾਮ ਲਈ ਪਾਣੀ ਸੰਭਾਲ ਲਈ ਵਾਟਰ ਬੈਂਕ ਬਣਾਉਣ, ਏ. ਆਈ ਦੇ ਦੌਰ ਵਿੱਚ ਨਵਾਂ ਕੰਮ ਪੈਦਾ ਕਰਨ 6 ਘੰਟੇ ਦੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ, ਹੜ੍ਹਾਂ ਦੌਰਾਨ ਪ੍ਰਭਾਵਤ ਪਿੰਡਾਂ ਦੇ ਸਕੂਲਾਂ ਦੀ ਇਕ ਸਾਲ ਦੀ ਫੀਸ ਮੁਆਫ ਕਰਵਾਉਣ ਲਈ ਆਦਿ ਮਤੇ ਪੇਸ਼ ਕਰਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਗੁਰਦਿਆਲ ਢਾਬਾਂ, ਵਰਿੰਦਰ ਕੱਤੋਵਾਲ, ਮਦਨ ਗੁਰਦਾਸਪੁਰ, ਨਰਿੰਦਰ ਢਾਬਾਂ, ਗੁਰਦਿੱਤ ਦੀਨਾ, ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਵਜੋਤ ਕੌਰ, ਰਾਹੁਲ ਗਰਗ, ਸੋਨਾ ਸਿੰਘ ਧੁਨਕੀਆਂ, ਗੋਰਾ ਪਿਪਲੀ, ਜਸਪ੍ਰੀਤ ਬੱਧਨੀ, ਚਰਨਜੀਤ ਚਮੇਲੀ, ਰਾਜਵਿੰਦਰ ਗੋਪਾਲਪੁਰ, ਸਵਰਾਜ ਖੋਸਾ, ਬੋਹੜ ਸਿੰਘ ਬੁੱਟਰ ਹਰਜੀਤ ਢੰਡੀਆਂ, ਕਿਰਤੀ ਫਾਜ਼ਿਲਕਾ, ਪ੍ਰਵੀਨ ਫਾਜ਼ਿਲਕਾ, ਲਵਪ੍ਰੀਤ ਬੱਧਨੀ, ਅਮਨਦੀਪ ਮਾਨਸਾ, ਨਵਕਿਰਨ ਬੱਧਨੀ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।