ਚੰਡੀਗੜ੍ਹ : ਭਾਜਪਾ ਨੇ ਸੂਬਾ ਸਰਕਾਰ ਵੱਲੋਂ ਹੜ੍ਹ ਪ੍ਰਬੰਧਾਂ ਲਈ ਸੱਦੇ ਵਿਸ਼ੇਸ਼ ਅਜਲਾਸ ਦੇ ਸਮਾਨੰਤਰ ‘ਲੋਕਾਂ ਦੀ ਵਿਧਾਨ ਸਭਾ’ ਚਲਾਈ। ਇਸ ਮੌਕੇ ਹੜ੍ਹਾਂ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਜੋ ਕਸੂਰਵਾਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਸਪੀਕਰ ਦੀ ਭੂਮਿਕਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਅਦਾ ਕੀਤੀ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਹੜ੍ਹਾਂ ਲਈ ਪੰਜਾਬ ਸਰਕਾਰ ਦੀ ਘੇਰਾਬੰਦੀ ਕੀਤੀ। ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਸਰਕਾਰ ਵੱਲੋਂ ਮੌਨਸੂਨ ਦੀ ਆਮਦ ਨੂੰ ਲੈ ਕੇ ਕੋਈ ਤਿਆਰੀ ਨਾ ਕਰਨ ਅਤੇ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਲਈ ਕੋਈ ਲੋੜੀਂਦੇ ਪ੍ਰਬੰਧ ਨਾ ਕਰਨ ਲਈ ਨਿਖੇਧੀ ਮਤਾ ਲਿਆਂਦਾ ਗਿਆ। ਅਸ਼ਵਨੀ ਸ਼ਰਮਾ ਨੇ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਪੰਜਾਬ ਦੇ ਲੱਖਾਂ ਲੋਕਾਂ ਨੂੰ ਬੇਘਰ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ, ਤਰੁਣ ਚੁਘ, ਜੰਗੀ ਲਾਲ ਮਹਾਜਨ ਸਣੇ ਹੋਰਨਾਂ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।



